
ਯੂਪੀ-ਬਿਹਾਰ ਵਿਚ RRB-NTPC ਦੇ ਨਤੀਜਿਆਂ ਵਿਚ ਘਪਲੇ ਖ਼ਿਲਾਫ਼ ਵਿਦਿਆਰਥੀਆਂ ਦਾ ਪ੍ਰਦਰਸ਼ਨ ਬੁੱਧਵਾਰ ਨੂੰ ਵੀ ਜਾਰੀ ਰਿਹਾ।
ਨਵੀਂ ਦਿੱਲੀ: ਯੂਪੀ-ਬਿਹਾਰ ਵਿਚ RRB-NTPC ਦੇ ਨਤੀਜਿਆਂ ਵਿਚ ਘਪਲੇ ਖ਼ਿਲਾਫ਼ ਵਿਦਿਆਰਥੀਆਂ ਦਾ ਪ੍ਰਦਰਸ਼ਨ ਬੁੱਧਵਾਰ ਨੂੰ ਵੀ ਜਾਰੀ ਰਿਹਾ। ਗੁੱਸੇ 'ਚ ਆਏ ਵਿਦਿਆਰਥੀਆਂ ਨੇ ਗਯਾ ਜੰਕਸ਼ਨ 'ਤੇ ਟਰੇਨ ਨੂੰ ਅੱਗ ਲਗਾ ਦਿੱਤੀ। ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਅੱਥਰੂ ਗੈਸ ਦੇ ਗੋਲੇ ਵੀ ਛੱਡੇ। ਜਹਾਨਾਬਾਦ, ਸਮਸਤੀਪੁਰ, ਰੋਹਤਾਸ ਸਮੇਤ ਕਈ ਇਲਾਕਿਆਂ 'ਚ ਵਿਦਿਆਰਥੀ ਰੇਲਵੇ ਟਰੈਕ 'ਤੇ ਉਤਰ ਗਏ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
Train Set On Fire In Bihar Over Railways Exam
ਪ੍ਰਦਰਸ਼ਨ ਕਾਰਨ ਕਈ ਥਾਵਾਂ 'ਤੇ ਟਰੇਨਾਂ ਵੀ ਠੱਪ ਹੋ ਗਈਆਂ। ਵਿਦਿਆਰਥੀਆਂ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੁਪਹਿਰ 3.30 ਵਜੇ ਪ੍ਰੈੱਸ ਕਾਨਫਰੰਸ ਕੀਤੀ। ਉਹਨਾਂ ਕਿਹਾ ਕਿ ਸਾਨੂੰ ਪ੍ਰੀਖਿਆ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ। ਅਸੀਂ ਇਕ ਜਾਂਚ ਕਮੇਟੀ ਬਣਾਈ ਹੈ ਅਤੇ ਉਹ ਇਸ ਦੀ ਜਾਂਚ ਕਰੇਗੀ। ਕਮੇਟੀ 4 ਮਾਰਚ ਤੱਕ ਆਪਣੀ ਰਿਪੋਰਟ ਸੌਂਪੇਗੀ।
ਰੇਲ ਮੰਤਰੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਰੇਲਵੇ ਤੁਹਾਡੀ ਜਾਇਦਾਦ ਹੈ ਅਤੇ ਇਸ ਦੀ ਰੱਖਿਆ ਕਰੋ। ਰੇਲ ਮੰਤਰੀ ਨੇ ਕਿਹਾ ਕਿ ਕੁਝ ਲੋਕ ਵਿਦਿਆਰਥੀਆਂ ਦੇ ਪ੍ਰਦਰਸ਼ਨ ਦਾ ਗਲਤ ਫਾਇਦਾ ਉਠਾ ਰਹੇ ਹਨ। ਵਿਦਿਆਰਥੀ ਭੰਬਲਭੂਸੇ ਵਿਚ ਨਾ ਪੈਣ, ਇਹ ਮਾਮਲਾ ਦੇਸ਼ ਦਾ ਹੈ। ਵਿਦਿਆਰਥੀਆਂ ਨੂੰ ਅਪੀਲ ਹੈ ਕਿ ਆਪਣੇ ਵਿਸ਼ੇ ਨੂੰ ਸਾਡੇ ਸਾਹਮਣੇ ਪੇਸ਼ ਕਰੋ ਅਤੇ ਇਸ ਨੂੰ ਸੰਵੇਦਨਸ਼ੀਲਤਾ ਨਾਲ ਦੇਖਿਆ ਜਾਵੇਗਾ।
ਉਹਨਾਂ ਨੇ ਆਪਣੀ ਦਲੀਲ ਦੇ ਸਮਰਥਨ ਵਿਚ ਪੱਤਰਕਾਰਾਂ ਦੇ ਸਾਹਮਣੇ ਹਰੇਕ ਅਹੁਦੇ ਦੇ ਅੰਕੜੇ ਰੱਖੇ। ਰੇਲ ਮੰਤਰੀ ਨੇ ਕਿਹਾ, “ਸਾਰੇ ਜ਼ੋਨਾਂ ਦੇ ਰੇਲਵੇ ਭਰਤੀ ਬੋਰਡਾਂ ਦੇ ਚੇਅਰਮੈਨਾਂ ਨੂੰ ਵਿਦਿਆਰਥੀਆਂ ਦੀਆਂ ਸ਼ਿਕਾਇਤਾਂ ਸੁਣਨ, ਉਹਨਾਂ ਨੂੰ ਇਕੱਠਾ ਕਰਨ ਅਤੇ ਕਮੇਟੀ ਸਾਹਮਣੇ ਪੇਸ਼ ਕਰਨ ਲਈ ਕਿਹਾ ਗਿਆ ਹੈ। ਇਸ ਸਬੰਧ ਵਿਚ ਰੇਲਵੇ ਨੂੰ ਤੁਹਾਡੀਆਂ ਸ਼ਿਕਾਇਤਾਂ ਪਹੁੰਚਾਉਣ ਲਈ ਇਕ ਈਮੇਲ ਪਤਾ ਵੀ ਜਾਰੀ ਕੀਤਾ ਜਾ ਰਿਹਾ ਹੈ। ਇਹ ਕਮੇਟੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਪ੍ਰੀਖਿਆਰਥੀਆਂ ਦਾ ਪੱਖ ਸੁਣੇਗੀ”।
Train Set On Fire In Bihar Over Railways Exam
ਜ਼ਿਕਰਯੋਗ ਹੈ ਕਿ ਰੇਲਵੇ ਭਰਤੀ ਬੋਰਡ ਦੀ ਗੈਰ-ਤਕਨੀਕੀ ਸ਼੍ਰੇਣੀ (ਆਰ.ਆਰ.ਬੀ.-ਐੱਨ.ਟੀ.ਪੀ.ਸੀ.) ਪ੍ਰੀਖਿਆ ਦੇ ਨਤੀਜਿਆਂ 'ਚ ਕਥਿਤ ਗੜਬੜੀ ਕਾਰਨ ਵਿਦਿਆਰਥੀਆਂ 'ਚ ਭਾਰੀ ਰੋਸ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਭਰਤੀਆਂ ਵਿਚ ਧਾਂਦਲੀ ਅਤੇ ਲਾਪਰਵਾਹੀ ਹੋਈ ਹੈ ਅਤੇ ਅਯੋਗ ਵਿਅਕਤੀਆਂ ਨੂੰ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੋਕ ਨਤੀਜਿਆਂ ਅਤੇ ਉਸ ਤੋਂ ਬਾਅਦ ਨਿਯਮਾਂ 'ਚ ਬਦਲਾਅ ਨੂੰ ਲੈ ਕੇ ਗੁੱਸੇ 'ਚ ਹਨ।