
ਕੇਂਦਰੀ ਸਭਿਆਚਾਰ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ‘ਅਨੰਤ ਸੂਤਰ’ ਸਾੜੀ ਨੂੰ ਸ਼ਰਧਾਂਜਲੀ ਹੈ। ਇਹ ਸਾੜੀ ਫੈਸ਼ਨ ਦੀ ਦੁਨੀਆਂ ਨੂੰ ਭਾਰਤ ਦਾ ਵੱਡਾ ਤੋਹਫਾ ਹੈ।
ਨਵੀਂ ਦਿੱਲੀ: ਗਣਤੰਤਰ ਦਿਵਸ ਦੇ ਮੌਕੇ ’ਤੇ ਸ਼ੁਕਰਵਾਰ ਨੂੰ ਕਰਤਵਿਆ ਪਥ ’ਤੇ ਕੱਢੀ ਗਈ ਹਰ ਝਾਕੀ ਇਕ ਤੋਂ ਵੱਧ ਕੇ ਇਕ ਸੀ ਪਰ ‘ਅਨੰਤ ਸੂਤਰ’ ਨਾਂ ਦੀ ਇਕ ਵਿਸ਼ੇਸ਼ ਪ੍ਰਦਰਸ਼ਨੀ ਨੇ ਹਰ ਔਰਤ ਦਾ ਮਨ ਮੋਹ ਲਿਆ। ਇਸ ’ਚ ਦੇਸ਼ ਦੇ ਹਰ ਕੋਨੇ ਤੋਂ ਕੁਲ 1,900 ਸਾੜੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਸਨ। ਕੇਂਦਰੀ ਸਭਿਆਚਾਰ ਮੰਤਰਾਲੇ ਦੇ ਅਧਿਕਾਰੀਆਂ ਮੁਤਾਬਕ ‘ਅਨੰਤ ਸੂਤਰ’ ਸਾੜੀ ਨੂੰ ਸ਼ਰਧਾਂਜਲੀ ਹੈ। ਇਹ ਸਾੜੀ ਫੈਸ਼ਨ ਦੀ ਦੁਨੀਆਂ ਨੂੰ ਭਾਰਤ ਦਾ ਵੱਡਾ ਤੋਹਫਾ ਹੈ।
ਕਰਤਵਿਆ ਮਾਰਗ ’ਤੇ ਲੱਕੜ ਦੇ ਫਰੇਮਾਂ ’ਚ ਉੱਚੀਆਂ ਕਰ ਕੇ ਲਗਭਗ 1900 ਸਾੜੀਆਂ ਲਗਾਈਆਂ ਗਈਆਂ ਸਨ। ਇਸ ’ਚ QR ਕੋਡ ਵੀ ਸ਼ਾਮਲ ਸਨ ਜਿਨ੍ਹਾਂ ਨੂੰ ਬੁਣਾਈ ਅਤੇ ਕਢਾਈ ਬਾਰੇ ਜਾਣਕਾਰੀ ਇਕੱਤਰ ਕਰਨ ਲਈ ਸਕੈਨ ਕੀਤਾ ਜਾ ਸਕਦਾ ਸੀ। ਪ੍ਰਦਰਸ਼ਨੀ ਬੁਣਕਰਾਂ ਅਤੇ ਕਾਰੀਗਰਾਂ ਦੀ ਕਲਾ ਨੂੰ ਪ੍ਰਦਰਸ਼ਿਤ ਕਰਨ ਲਈ ਸਥਾਪਤ ਕੀਤੀ ਗਈ ਸੀ। ਇਨ੍ਹਾਂ ਵਿਚੋਂ ਇਕ ਸਾੜੀ 150 ਸਾਲ ਪੁਰਾਣੀ ਸੀ।