
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੇ ਘਰੇਲੂ ਹਲਕੇ ਗੋਰਖਪੁਰ 'ਚ ਮੈਡੀਕਲ ਕਾਲਜ ਹਸਪਤਾਲ ਵਿੱਚ ਆਕਸੀਜ਼ਨ ਦੀ ਸਪਲਾਈ ਰੁਕਣ ਕਰਕੇ 63 ਬੱਚਿਆਂ ਦੀ ਮੌਤ...
ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੇ ਘਰੇਲੂ ਹਲਕੇ ਗੋਰਖਪੁਰ 'ਚ ਮੈਡੀਕਲ ਕਾਲਜ ਹਸਪਤਾਲ ਵਿੱਚ ਆਕਸੀਜ਼ਨ ਦੀ ਸਪਲਾਈ ਰੁਕਣ ਕਰਕੇ 63 ਬੱਚਿਆਂ ਦੀ ਮੌਤ ਹੋ ਗਈ। 48 ਘੰਟਿਆਂ 'ਚ 30 ਬੱਚਿਆਂ ਨੇ ਆਕਸੀਜਨ ਦੀ ਤੋਟ ਕਾਰਨ ਫੌਰਨ ਦਮ ਤੋੜ ਦਿੱਤਾ। ਇਸ ਤੋਂ ਬਾਅਦ ਇਨਫੈਕਸ਼ਨ ਅਤੇ ਸਹੀ ਸਮੇਂ ‘ਤੇ ਆਕਸੀਜਨ ਨਾ ਹੋਣ ਕਾਰਨ ਮਰਨ ਵਾਲੇ ਬੱਚਿਆਂ ਦੀ ਗਿਣਤੀ 63 ਹੋ ਗਈ ਹੈ।
ਸ਼ਾਂਤ ਲਈ ਨੋਬਲ ਪੁਰਸਕਾਰ ਜੇਤੂ ਸਾਹਿਤਕਾਰ ਕੈਲਾਸ਼ ਸਤਿਆਰਥੀ ਨੇ ਇਸ ਦਰਦਨਾਕ ਘਟਨਾ ਬਾਰੇ ਟਵੀਟ ਕਰਦਿਆਂ ਕਿਹਾ ਕਿ ਇਹ ਕੋਈ ਦੁਰਘਟਨਾ ਨਹੀਂ ਹੈ ਸਗੋਂ ਕਤਲੇਆਮ ਹੈ।ਇਸ ਤੋਂ ਇਲਾਵਾ ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਅਤੇ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਕਾਰਨ ਇਹ ਖੌਫ਼ਨਾਕ ਘਟਨਾ ਵਾਪਰੀ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ।
ਉੱਥੇ ਹੀ ਉੱਤਰ ਪ੍ਰਦੇਸ਼ ਸਰਕਾਰ ਨੇ ਇਹ ਬਿਆਨ ਜਾਰੀ ਕੀਤਾ ਹੈ ਕਿ ਇਸ ਘਟਨਾ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।ਉੱਤਰ ਪ੍ਰਦੇਸ਼ 'ਚ ਵਾਪਰੇ ਇਸ ਖੌਫ਼ਨਾਕ ਹਾਦਸੇ ਤੋਂ ਬਾਅਦ ਵੀ ਪ੍ਰਸ਼ਾਸਨਿਕ ਅਣਗਿਹਲੀਆਂ ਜਾਰੀ ਹਨ। ਸੂਤਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਹਾਲੇ ਵੀ ਆਕਸੀਜਨ ਦੀ ਸਪਲਾਈ ਪੂਰੀ ਨਹੀਂ ਕੀਤੀ ਗਈ।
ਦੱਸਣਾ ਬਣਦਾ ਹੈ ਕਿ 9 ਅਗਸਤ ਨੂੰ ਯੋਗੀ ਨੇ ਹਸਪਤਾਲ ਦਾ ਦੌਰਾ ਕੀਤਾ ਸੀ ਜਿਸ ਹਸਪਤਾਲ 'ਚ ਬੱਚਿਆਂ ਦੀ ਮੌਤ ਹੋਈ ਹੈ। ਇਨ੍ਹਾਂ ਵਿੱਚੋਂ 10 ਬੱਚੇ ਐਨਐਨਯੂ ਵਾਰਡ ‘ਚ ਸਨ ਤੇ 12 ਦਿਮਾਗੀ ਵਾਰਡ ਵਿਚ ਦਾਖਲ ਸਨ। ਪਤਾ ਲੱਗਾ ਹੈ ਕਿ ਬਕਾਇਆ ਨਾ ਮਿਲਣ 'ਤੇ ਆਕਸੀਜਨ ਫਰਮ ਨੇ ਸਪਲਾਈ ਬੰਦ ਕੀਤੀ ਸੀ। ਜਾਣਕਾਰੀ ਅਨੁਸਾਰ ਆਕਸੀਜਨ ਫਰਮ ਨੂੰ 66 ਲੱਖ ਰੁਪਏ ਦੀ ਭੁਗਤਾਨ ਨਾ ਕੀਤੇ ਜਾਣ ਕਾਰਨ ਆਕਸੀਜਨ ਦੀ ਸਪਲਾਈ ਬੰਦ ਕਰ ਦਿੱਤੀ ਗਈ।
ਆਕਸੀਜਨ ਦੀ ਸਪਲਾਈ ਵੀਰਵਾਰ ਨੂੰ ਬੰਦ ਕਰ ਦਿੱਤੀ ਸੀ ਤੇ ਅੱਜ ਦੇ ਸਾਰੇ ਸਿਲੰਡਰ ਖ਼ਤਮ ਹੋ ਗਏ ਸਨ। ਦਿਮਾਗੀ ਵਾਰਡ ਦੇ ਮਰੀਜ਼ ਦੋ ਘੰਟੇ ਤੱਕ ਅੰਬੂ ਬੈਗ ਰਾਹੀਂ ਗ਼ੈਰ-ਕੁਦਰਤੀ ਸਾਹਾਂ ਦੇ ਸਹਾਰੇ ਹੀ ਰਹੇ।