
ਸਮਾਜਵਾਦੀ ਪਾਰਟੀ ਦੀ ਨੇਤਾ ਰਹੀ ਜਯਾ ਪ੍ਰਦਾ ਨੇ ਬੀਜੇਪੀ ਨਾਲ ਹੱਥ ਮਿਲਾ ਲਿਆ ਹੈ।
ਨਵੀਂ ਦਿੱਲੀ : ਲੋਕ ਸਭਾ ਚੋਣਾਂ 2019 ਤੋਂ ਪਹਿਲਾਂ ਨੇਤਾਵਾਂ ਦੇ ਪਾਰਟੀ ਬਦਲਣ ਦਾ ਸਿਲਸਿਲਾ ਜਾਰੀ ਹੈ। ਇਸੇ ਦੌਰਾਨ ਕਿਸੇ ਸਮੇਂ ਸਮਾਜਵਾਦੀ ਪਾਰਟੀ ਦੀ ਨੇਤਾ ਰਹੀ ਜਯਾ ਪ੍ਰਦਾ ਨੇ ਬੀਜੇਪੀ ਨਾਲ ਹੱਥ ਮਿਲਾ ਲਿਆ ਹੈ। ਅਦਾਕਾਰਾ ਅਤੇ ਸਾਂਸਦ ਜਯਾ ਪ੍ਰਦਾ ਮੰਗਲਵਾਰ ਨੂੰ ਬੀਜੇਪੀ ਵਿਚ ਸ਼ਾਮਿਲ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਜੇਪੀ ਉਹਨਾਂ ਨੂੰ ਯੂਪੀ ਦੇ ਰਾਮਪੁਰ ਤੋਂ ਲੋਕ ਸਭਾ ਉਮੀਦਵਾਰ ਬਣਾ ਸਕਦੀ ਹੈ, ਜਿੱਥੋਂ ਸਪਾ ਦੇ ਆਜ਼ਮ ਖਾਨ ਵੀ ਉਮੀਦਵਾਰ ਹਨ। ਬੀਜੇਪੀ ਦੇ ਸਕੱਤਰ ਅਤੇ ਰਾਜਸਭਾ ਸੰਸਦ ਭੁਪੇਂਦਰ ਯਾਦਵ ਦੀ ਮੌਜੂਦਗੀ ਵਿਚ ਜਯਾ ਪ੍ਰਦਾ ਨੇ ਬੀਜੇਪੀ ਨਾਲ ਹੱਥ ਮਿਲਾਇਆ ਹੈ।
ਜਯਾ ਪ੍ਰਦਾ ਨੇ ਮੈਂਬਰ ਬਣਨ ਸਮੇਂ ਕਿਹਾ ਕਿ ਪੀਐਮ ਮੋਦੀ ਦੇ ਹੱਥ ਵਿਚ ਦੇਸ਼ ਸੁਰੱਖਿਅਤ ਹੈ। ਇਸੇ ਦੌਰਾਨ ਉਸ ਨੇ ਅਮਿਤ ਸ਼ਾਹ ਦਾ ਵੀ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਹੁਣ ਤੱਕ ਮੈਂ ਜੋ ਵੀ ਕੰਮ ਕੀਤਾ, ਦਿਲ ਤੋਂ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2014 ਵਿਚ ਜਯਾ ਪ੍ਰਦਾ ਨੇ ਅਜੀਤ ਸਿੰਘ ਦੀ ਆਰਐਲਡੀ ਨਾਲ ਹੱਥ ਮਿਲਾਇਆ ਸੀ। 2009 ਵਿਚ ਜਯਾ ਪ੍ਰਦਾ ਨੇ ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੀ ਟਿਕਟ ‘ਤੇ ਚੋਣ ਜਿੱਤੀ ਸੀ, ਪਰ ਐਸਪੀ ਨੇਤਾ ਆਜ਼ਮ ਖਾਨ ਨਾਲ ਮਤਭੇਦ ਦੇ ਚਲਦਿਆਂ ਜਯਾ ਪ੍ਰਦਾ ਨੂੰ ਸਪਾ ਤੋਂ ਉਸ ਸਮੇਂ ਟਿਕਟ ਨਹੀਂ ਮਿਲ ਪਾਈ ਸੀ।
Jaya Prada and Azam Khan
ਆਜ਼ਮ ਖਾਨ ਬਾਰੇ ਜਯਾ ਪ੍ਰਦਾ ਨੇ ਮੁੰਬਈ ‘ਚ ਕੁਵੀਨਸਲਾਈਨ ਲਿਟਰੇਚਰ ਫੈਸਟਿਵਲ ਦੌਰਾਨ ਦਾਅਵਾ ਕੀਤਾ ਸੀ, ‘ਜਿਸ ਸਥਿਤੀ ਵਿਚ ਮੈਂ ਇਕ ਮਹਿਲਾ ਦੇ ਤੌਰ ‘ਤੇ ਆਜ਼ਮ ਖਾਨ ਨਾਲ ਚੋਣ ਲੜ ਰਹੀ ਸੀ, ਉਸ ਸਮੇਂ ਮੇਰੇ ‘ਤੇ ਤੇਜ਼ਾਬ ਹਮਲਾ ਕਰਵਾਇਆ ਗਿਆ ਅਤੇ ਮੇਰੀ ਜਾਨ ਨੂੰ ਖਤਰਾ ਸੀ’। ਉਹਨਾਂ ਕਿਹਾ ਕਿ ਆਜ਼ਮ ਖਾਨ ਦਾ ਸਮਰਥਨ ਕਰਨ ਲਈ ਉਸ ਸਮੇਂ ਕੋਈ ਨੇਤਾ ਸਾਹਮਣੇ ਨਹੀਂ ਆਇਆ ਸੀ।