ਕਿਹਾ - ‘ਸੰਗਤ ਨੇ ਬਣਾਇਆ ਰਾਜਨੀਤਿਕ ਵਿੰਗ ਤੇ ਹੁਣ ਸੰਗਤ ਨੇ ਕੀਤਾ ਖ਼ਤਮ’
ਹਰਿਆਣਾ ਦੇ ਸਿਰਸਾ ਵਿੱਚ 'ਡੇਰਾ ਸੱਚਾ ਸੌਦਾ' ਦਾ ਸਿਆਸੀ ਵਿੰਗ ਬੰਦ ਕਰ ਦਿੱਤਾ ਗਿਆ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਾਧਵੀਆਂ ਦੇ ਯੌਨ ਸ਼ੋਸ਼ਣ ਅਤੇ ਕਤਲ ਦੇ ਦੋ ਮਾਮਲਿਆਂ 'ਚ ਸਜ਼ਾ ਕੱਟ ਰਹੇ ਸੌਦਾ ਸਾਧ ਨੇ ਇਸ ਫ਼ੈਸਲੇ 'ਤੇ ਮੋਹਰ ਲਗਾ ਦਿਤੀ ਹੈ। ਅਸਲ ਵਿਚ ਸੌਦਾ ਸਾਧ ਨੇ ਜੇਲ੍ਹ ਵਿਚੋਂ 14ਵੀਂ ਚਿੱਠੀ ਭੇਜੀ ਹੈ ਜਿਸ 'ਚ ਡੇਰੇ ਦਾ ਸਿਆਸੀ ਵਿੰਗ ਨੂੰ ਬੰਦ ਕਰਨ 'ਤੇ ਸਪੱਸ਼ਟੀਕਰਨ ਦਿੱਤਾ।
ਚਿੱਠੀ ਵਿਚ ਉਸ ਨੇ ਲਿਖਿਆ ਕਿ ਡੇਰੇ ਦਾ ਸਿਆਸੀ ਵਿੰਗ ਸੰਗਤ ਨੇ ਬਣਾਇਆ ਸੀ ਅਤੇ ਹੁਣ ਸੰਗਤ ਨੇ ਇਸ ਨੂੰ ਭੰਗ ਕਰ ਦਿੱਤਾ ਹੈ। ਸਿਰਸਾ ਵਿੱਚ, ਡੇਰੇ ਦੀ ਸੰਗਤ ਨੇ ਸ਼ਨੀਵਾਰ ਨੂੰ ਸੌਦਾ ਸਾਧ ਵਲੋਂ ਜੇਲ੍ਹ ਤੋਂ ਭੇਜੀ ਚਿੱਠੀ ਪੜ੍ਹ ਕੇ ਸੁਣਾਈ।
ਜੇਕਰ ਰਾਜਨੀਤਿਕ ਵਿੰਗ ਦੀ ਗੱਲ ਕਰੀਏ ਤਾਂ ਇਹ ਡੇਰੇ ਵਿਚ ਬਣਿਆ ਹੋਇਆ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਸਿਆਸੀ ਪਾਰਟੀਆਂ ਵੋਟਾਂ ਵੇਲੇ ਇਸ ਵਿੰਗ ਤੋਂ ਮਦਦ ਤਲਬ ਕਰਦੀਆਂ ਹਨ। ਜਿਸ ਦੇ ਚਲਦੇ ਵਿੰਗ ਦੇ ਅਹੁਦੇਦਾਰ ਡੇਰਾ ਪ੍ਰੇਮੀਆਂ ਨੂੰ ਹਦਾਇਤ ਦਿੰਦੇ ਹਨ ਕਿ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ।
ਇਹ ਵੀ ਪੜ੍ਹੋ: ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ : ਨੀਤੂ ਘੰਘਾਸ ਤੇ ਸਵੀਟੀ ਬੂਰਾ ਨੇ ਰਚਿਆ ਇਤਿਹਾਸ
ਪਿਛਲੇ ਦਿਨੀਂ ਇਸ ਵਿੰਗ ਨੂੰ ਭੰਗ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਜਿਸ ਬਾਰੇ ਹੁਣ ਸੌਦਾ ਸਾਧ ਨੇ ਇਹ ਚਿੱਠੀ ਲਿਖ ਕੇ ਸਪਸ਼ਟ ਕਰ ਦਿੱਤਾ ਹੈ। ਹਾਲਾਂਕਿ ਸੌਦਾ ਸਾਧ ਨੇ ਚਿੱਠੀ ਵਿਚ ਲਿਖਿਆ ਕਿ ਇਹ ਰਾਜਨੀਤਿਕ ਵਿੰਗ ਸੰਗਤ ਨੇ ਬਣਾਇਆ ਤੇ ਹੁਣ ਸੰਗਤ ਨੇ ਹੀ ਇਸ ਨੂੰ ਭੰਗ ਕਰ ਦਿੱਤਾ ਹੈ। ਇਸ ਦੇ ਨਾਲ ਹੀ ਸੌਦਾ ਸਾਧ ਨੇ ਇੱਕ ਵਾਰ ਫਿਰ ਗੁਰੂ ਹੋਣ ਦਾ ਦਾਅਵਾ ਕੀਤਾ ਹੈ। ਉਸ ਨੇ ਲਿਖਿਆ, 'ਮੈਂ ਹੀ ਗੁਰੂ ਹਾਂ ਅਤੇ ਮੈਂ ਹੀ ਗੁਰੂ ਰਹਾਂਗਾ'।
ਦੱਸਣਯੋਗ ਹੈ ਕਿ ਸੌਦਾ ਸਾਧ ਦੀ ਇਹ ਜੇਲ੍ਹ ਵਿਚੋਂ 14ਵੀਂ ਚਿੱਠੀ ਹੈ ਜਿਸ ਵਿਚ ਉਹ ਰਾਜਨੀਤਿਕ ਵਿੰਗ ਦੇ ਭੰਗ ਹੋਣ ਬਾਰੇ ਸਪਸ਼ਟੀਕਰਨ ਦੇ ਰਿਹਾ ਹੈ। ਹੁਣ ਇਸ ਸਪਸ਼ਟੀਕਰਨ ਤੋਂ ਸਾਫ ਹੋ ਰਿਹਾ ਹੈ ਕਿ ਡੇਰੇ ਦੇ ਰਾਜਨੀਤਿਕ ਵਿੰਗ ਦੀ ਹੁਣ ਸਿਆਸਤ ਵਿਚ ਕੋਈ ਦਖ਼ਲਅੰਦਾਜ਼ੀ ਨਹੀਂ ਹੋਵੇਗੀ।