
ਆਸਾਰਾਮ ਦੇ ਬੇਟੇ ਨਰਾਇਣ ਸਾਈਆਂ ਨੂੰ ਕੋਰਟ ਨੇ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ
ਨਵੀਂ ਦਿੱਲੀ : ਆਸਾਰਾਮ ਦੇ ਬੇਟੇ ਨਰਾਇਣ ਸਾਈਆਂ ਨੂੰ ਕੋਰਟ ਨੇ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤਾ ਹੈ। ਦਰਅਸਲ, ਸੂਰਤ ਵਿਚ ਰਹਿਣ ਵਾਲੀਆਂ ਦੋ ਸਕੀਆਂ ਭੈਣਾਂ ਵੱਲੋਂ ਲਗਾਏ ਗਏ ਬਲਾਤਕਾਰ ਦੇ ਇਲਜ਼ਾਮ ‘ਚ ਸੂਰਤ ਦੀ ਸੈਸ਼ਨ ਕੋਰਟ ਨੇ ਨਰਾਇਣ ਸਾਈਆਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਦੱਸ ਦਈਏ ਕਿ ਪੁਲਿਸ ਨੇ ਪੀੜਿਤ ਭੈਣਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਸੀ ਅਤੇ ਸਾਰੇ ਸਬੂਤ ਠੀਕ ਪਾਏ ਜਾਣ ਤੋਂ ਬਾਅਦ ਰੇਪ ਕੇਸ ਵਿੱਚ ਨਰਾਇਣ ਸਾਈਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਸਜ਼ਾ ਦਾ ਐਲਾਨ ਵੀ ਜਲਦ ਹੀ ਆਉਣ ਵਾਲੀ 30 ਅਪ੍ਰੈਲ ਨੂੰ ਹੋਵੇਗਾ। ਦੱਸ ਦਈਏ ਕਿ ਨਰਾਇਣ ਸਾਈਆਂ ‘ਤੇ ਦਰਜ ਇਹ ਕੇਸ 11 ਸਾਲ ਪੁਰਾਣਾ ਹੈ।
Narayan Sai
ਪੀੜਿਤਾ ਦੀ ਛੋਟੀ ਭੈਣ ਨੇ ਆਪਣੇ ਬਿਆਨ ‘ਚ ਨਰਾਇਣ ਸਾਈਆਂ ਦੇ ਖਿਲਾਫ ਠੋਸ ਸਬੂਤ ਦਿੰਦੇ ਹੋਏ ਹਰ ਲੋਕੇਸ਼ਨ ਦੀ ਪਹਿਚਾਣ ਕੀਤੀ ਹੈ, ਜਦਕਿ ਵੱਡੀ ਭੈਣ ਨੇ ਆਸਾਰਾਮ ਦੇ ਵਿਰੁੱਧ ਮਾਮਲਾ ਦਰਜ ਕਰਵਾਇਆ ਸੀ। ਆਸਾਰਾਮ ਵਿਰੁੱਧ ਗਾਂਧੀਨਗਰ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ। ਨਰਾਇਣ ਸਾਈਆਂ ਦੇ ਵਿਰੁੱਧ ਕੋਰਟ ਹੁਣ ਤੱਕ 53 ਗਵਾਹਾਂ ਦੇ ਬਿਆਨ ਦਰਜ ਕਰ ਚੁੱਕੀ ਹੈ। ਜਿਸ ਵਿੱਚ ਕਈ ਅਹਿਮ ਗਵਾਹ ਵੀ ਹਨ ਜਿਨ੍ਹਾਂ ਨੇ ਨਰਾਇਣ ਸਾਈਆਂ ਨੂੰ ਲੜਕੀਆਂ ਨੂੰ ਆਪਣੇ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਵੇਖਿਆ ਸੀ ਜਾਂ ਫਿਰ ਇਸ ‘ਚ ਦੋਸ਼ੀਆਂ ਦੀ ਮਦਦ ਕੀਤੀ ਸੀ, ਪਰ ਬਾਅਦ ਵਿੱਚ ਉਹ ਗਵਾਹ ਬਣ ਗਏ।
Narayan Sai
ਨਰਾਇਣ ਸਾਈਆਂ ‘ਤੇ ਜਿਵੇਂ ਹੀ ਬਲਾਤਕਾਰ ਦੇ ਮਾਮਲੇ ‘ਚ ਐਫ਼ਆਈਆਰ ਦਰਜ ਕੀਤੀ ਗਈ, ਉਸ ਤੋਂ ਬਾਅਦ ਉਹ ਅੰਡਰਗਰਾਉਂਡ ਹੋ ਗਿਆ ਸੀ। ਉਹ ਪੁਲਿਸ ਤੋਂ ਬਚ ਕੇ ਲਗਾਤਾਰ ਆਪਣੀ ਲੋਕੇਸ਼ਨ ਬਦਲ ਰਿਹਾ ਸੀ। ਸੂਰਤ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਨਰਾਇਣ ਸਾਈਆਂ ਨੂੰ ਗ੍ਰਿਫ਼ਤਾਰ ਕਰਨ ਲਈ 58 ਵੱਖ-ਵੱਖ ਟੀਮਾਂ ਬਣਾਈਆਂ ਅਤੇ ਤਲਾਸ਼ੀ ਸ਼ੁਰੂ ਕਰ ਦਿੱਤੀ ਸੀ। ਐਫ਼ਆਈਆਰ ਦਰਜ ਹੋਣ ਤੋਂ ਕਰੀਬ ਦੋ ਮਹੀਨੇ ਬਾਅਦ ਦਸੰਬਰ, 2013 ‘ਚ ਨਰਾਇਣ ਸਾਈਆਂ ਹਰਿਆਣਾ-ਦਿੱਲੀ ਸਰਹੱਦ ਦੇ ਕੋਲੋਂ ਗ੍ਰਿਫ਼ਤਾਰ ਕੀਤਾ ਗਿਆ।
Narayan Sai
ਗ੍ਰਿਫ਼ਤਾਰੀ ਸਮੇਂ ਨਰਾਇਣ ਸਾਈਆਂ ਨੇ ਸਿੱਖ ਵਿਅਕਤੀ ਦਾ ਰੂਪ ਧਾਰਨ ਕੀਤਾ ਹੋਇਆ ਸੀ। ਆਪਣੇ ਆਪ ਨੂੰ ਕ੍ਰਿਸ਼ਨ ਦਾ ਰੂਪ ਦੱਸਣ ਵਾਲੇ ਨਰਾਇਣ ਸਾਈਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦੇ ਕ੍ਰਿਸ਼ਨ ਦੀ ਤਰ੍ਹਾਂ ਔਰਤਾਂ ਦੇ ਵਿੱਚ ਬੰਸਰੀ ਵਜਾਉਂਦਿਆਂ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆਈਆਂ ਸਨ।