
ਅਮਰੀਕਾ ਨੇ ਵੀ ਦਿੱਲੀ ਦੇ ਇਕ ਬਜ਼ਾਰ ਨੂੰ ਜਾਅਲੀ ਸਮਾਨ ਵੇਚਣ ਵਾਲਾ ਦੁਨੀਆ ਦਾ ਸਭ ਤੋਂ ਬਦਨਾਮ ਬਜ਼ਾਰ ਕਰਾਰ ਦਿਤਾ ਹੈ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਸਿਆਸਤ ਨੂੰ ਲੈ ਕੇ ਨਹੀਂ ਬਲਕਿ ਕਈ ਹੋਰ ਕੰਮਾਂ ਨੂੰ ਲੈ ਕੇ ਵੀ ਮਸ਼ਹੂਰ ਹੈ। ਚੋਰੀ, ਠੱਗੀ, ਕਤਲ, ਰੇਪ ਤੋਂ ਇਲਾਵਾ ਹਰ ਤਰ੍ਹਾਂ ਦਾ ਕ੍ਰਾਈਮ ਇਸ ਮਹਾਂਨਗਰੀ ਵਿਚ ਵੱਡੇ ਪੱਧਰ 'ਤੇ ਹੁੰਦੇ ਹਨ। ਹੁਣ ਅਮਰੀਕਾ ਨੇ ਵੀ ਦਿੱਲੀ ਦੇ ਇਕ ਬਜ਼ਾਰ ਨੂੰ ਜਾਅਲੀ ਸਮਾਨ ਵੇਚਣ ਵਾਲਾ ਦੁਨੀਆ ਦਾ ਸਭ ਤੋਂ ਬਦਨਾਮ ਬਜ਼ਾਰ ਕਰਾਰ ਦਿਤਾ ਹੈ ਅਤੇ ਦਿੱਲੀ ਦੇ ਟੈਂਕ ਰੋਡ ਬਜ਼ਾਰ ਸਬੰਧੀ ਕਾਰਵਾਈ ਲਈ ਠੋਸ ਕਦਮ ਉਠਾਏ ਜਾਣ ਦੀ ਮੰਗ ਵੀ ਕੀਤੀ ਹੈ।
Duplicate Market in Delhi
ਦਰਅਸਲ ਅਮਰੀਕਾ ਦੀ ਬਦਨਾਮ ਬਜ਼ਾਰਾਂ ਦੀ ਸੂਚੀ ਵਿਚ 33 ਆਨਲਾਈਨ ਅਤੇ 25 ਆਫ਼ਲਾਈਨ ਬਾਜ਼ਾਰਾਂ ਦੀ ਪਛਾਣ ਕੀਤੀ ਗਈ ਹੈ। ਇਹ ਬਜ਼ਾਰ ਕਥਿਤ ਤੌਰ 'ਤੇ ਕਾਪੀਰਾਈਟ ਅਤੇ ਟ੍ਰੇਡਮਾਰਕ ਦਾ ਉਲੰਘਣ ਕਰਕੇ ਉਤਪਾਦਾਂ ਦੀ ਵਿਕਰੀ ਕਰ ਰਹੇ ਹਨ। ਇਨ੍ਹਾਂ ਬਜ਼ਾਰਾਂ ਦੀ 2018 ਦੀ ਸੂਚੀ ਵਿਚ ਦਿੱਲੀ ਦੇ ਟੈਂਕ ਰੋਡ ਬਾਜ਼ਾਰ ਦਾ ਨਾਮ ਵੀ ਸ਼ਾਮਲ ਸੀ। ਅੰਕੜੇ ਇਕੱਠੇ ਕਰਨ ਵਾਲਿਆਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਬਜ਼ਾਰ ਅਜੇ ਵੀ ਜਾਅਲੀ ਸਮਾਨ ਦੀ ਵਿਕਰੀ ਕਰ ਰਿਹਾ ਹੈ।
Duplicate Market
ਇਨ੍ਹਾਂ ਵਿਚ ਕੱਪੜੇ, ਜੁੱਤੀਆਂ-ਚੱਪਲਾਂ ਆਦਿ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਟੈਂਕ ਰੋਡ ਦੇ ਥੋਕ ਕਾਰੋਬਾਰੀ ਜਾਅਲੀ ਸਮਾਨਾਂ ਦੀ ਸਪਲਾਈ ਹੋਰ ਭਾਰਤੀ ਬਾਜ਼ਾਰਾਂ ਜਿਵੇਂ ਗੱਫ਼ਾਰ ਮਾਰਕੀਟ ਅਤੇ ਅਜ਼ਮਲ ਖ਼ਾਨ ਰੋਡ ਨੂੰ ਵੀ ਕਰਦੇ ਹਨ। ਰਿਪੋਰਟ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਇਹ ਥੋਕ ਕਾਰੋਬਾਰੀ ਬਿਨਾਂ ਕਿਸੇ ਡਰ ਭੈਅ ਦੇ ਕਾਰੋਬਾਰ ਕਰ ਰਹੇ ਹਨ ਅਤੇ ਉਨ੍ਹਾਂ ਨੇ ਕੁੱਝ ਸਾਲਾਂ ਦੌਰਾਨ ਹੀ ਇਸ ਨੂੰ ਕਾਫ਼ੀ ਫੈਲਾਅ ਲਿਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਨਾਲ ਅਮਰੀਕੀ ਅਰਥਵਿਵਸਥਾ ਨੂੰ ਨੁਕਸਾਨ ਹੋ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੰਸਾਰਕ ਪੱਧਰ 'ਤੇ ਕਰੀਬ ਢਾਈ ਫ਼ੀਸਦੀ ਜਾਂ 500 ਅਰਬ ਡਾਲਰ ਦੇ ਉਤਪਾਦ ਜਾਅਲੀ ਹੁੰਦੇ ਹਨ।