
ਉਮੀਦ ਹੈ ਕਿ ਪ੍ਰਧਾਨ ਮੰਤਰੀ ਤਾਲਾਬੰਦੀ ਮਗਰਲੀ ਵਿਆਪਕ ਯੋਜਨਾ ਦਸਣਗੇ : ਤਿਵਾੜੀ
ਨਵੀਂ ਦਿੱਲੀ, 26 ਅਪ੍ਰੈਲ : ਕੋਰੋਨਾ ਵਾਇਰਸ ਮਹਾਮਾਰੀ ਵਿਰੁਧ ਜੰਗ ਵਿਚ ਕਿਵੇਂ ਅੱਗੇ ਵਧਣਾ ਹੈ, ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਸਵੇਰੇ ਵੀਡੀਉ ਕਾਨਫ਼ਰੰਸ ਜ਼ਰੀਏ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨਗੇ। ਇਹ ਗੱਲਬਾਤ ਇਨ੍ਹਾਂ ਸੰਕੇਤਾਂ ਵਿਚਾਲੇ ਹੋ ਰਹੀ ਹੈ ਕਿ ਲਾਗੂ ਤਾਲਾਬੰਦੀ ਨੂੰ ਪੜਾਅਵਾਰ ਢੰਗ ਨਾਲ ਕਿਵੇਂ ਖ਼ਤਮ ਕੀਤਾ ਜਾਣਾ ਹੈ? ਕੋਰੋਨਾ ਵਾÎਇਰਸ ਦੇ ਪਸਾਰ ਮਗਰੋਂ ਮੁੱਖ ਮੰਤਰੀਆਂ ਨਾਲ ਪ੍ਰਧਾਨ ਮੰਤਰੀ ਦੀ ਇਹ ਤੀਜੀ ਵੀਡੀਉ ਕਾਨਫ਼ਰੰਸ ਹੋਵੇਗੀ।
ਉਧਰ, ਕਾਂਗਰਸ ਨੇ ਉਮੀਦ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਮੁੱਖ ਮੰਤਰੀਆਂ ਨਾਲ ਹੋਣ ਵਾਲੀ ਬੈਠਕ ਵਿਚ ਤਾਲਾਬੰਦੀ ਖ਼ਤਮ ਹੋਣ ਮਗਰਲੇ ਹਾਲਾਤ ਵਾਸਤੇ ਵਿਸਤ੍ਰਿਤ ਅਤੇ ਮੁਕੰਮਲ ਯੋਜਨਾ ਦਸਣਗੇ।
ਕਾਂਗਰਸ ਦੇ ਬੁਲਾਰੇ ਮਨੀਸ਼ ਤਿਵਾੜੀ ਨੇ ਸਰਕਾਰ ਦੀ ਕੋਵਿਡ-19 ਦੀ ਜਾਂਚ ਰਣਨੀਤੀ 'ਤੇ ਵੀ ਸਵਾਲ ਚੁੱਕੇ ਅਤੇ ਇਸ ਗੱਲ 'ਤੇ ਹੈਰਾਨੀ ਪ੍ਰਗਟ ਕੀਤੀ ਕਿ ਜਦ ਦੇਸ਼ ਪ੍ਰਤੀਦਿਨ ਇਕ ਲੱਖ ਨਮੂਨਿਆਂ ਦੀ ਜਾਂਚ ਕਰਨ ਦੀ ਸਮਰੱਥ ਹੈ ਤਾਂ ਹਰ ਦਿਨ ਸਿਰਫ਼ 39000 ਟੈਸਟ ਕਿਉਂ ਕੀਤੇ ਜਾ ਰਹੇ ਹਨ? ਉਨ੍ਹਾਂ ਪੱਤਰਕਾਰ ਸੰਮੇਲਨ ਵਿਚ ਕਿਹਾ, 'ਕੀ ਇਹ ਸਮੱਸਿਆ ਨੂੰ ਘੱਟ ਕਰ ਕੇ ਵਿਖਾਉਣ ਦਾ ਯਤਨ ਹੈ ਜਾਂ ਫਿਰ ਸਰਕਾਰ ਭੰਬਲਭੂਸੇ ਦੀ ਹਾਲਤ ਵਿਚ ਹੈ ਕਿ ਜੇ ਅਸੀਂ ਜਾਂਚ ਸਮਰੱਥਾ ਵਧਾਉਂਦੇ ਹਾਂ ਤਾਂ ਉਸ ਦੇ ਜਿਹੜੇ ਨਤੀਜੇ ਆਉਣਗੇ, ਉਸ ਦਾ ਸਾਹਮਣਾ ਕਰਨ ਦੇ ਉਹ ਸਮਰੱਥ ਹੋਵੇਗੀ ਵੀ ਜਾਂ ਨਹੀਂ?
ਤਿਵਾੜੀ ਨੇ ਕਿਹਾ, 'ਸਾਨੂੰ ਉਮੀਦ ਹੈ ਕਿ ਤਾਲਾਬੰਦੀ ਖੁਲ੍ਹਣ ਮਗਰੋਂ ਅਤੇ ਅਗਲੇ ਤਿੰਨ ਮਹੀਨਿਆਂ ਦੇ ਹਾਲਾਤ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਸੋਮਵਾਰ ਨੂੰ ਮੁੱਖ ਮੰਤਰੀਆਂ ਨਾਲ ਹੋਣ ਵਾਲੀ ਬੈਠਕ ਵਿਚ ਵਿਆਪਕ ਅਤੇ ਮੁਕੰਮਲ ਰਣਨੀਤੀ ਬਾਰੇ ਦਸਣਗੇ। ਉਨ੍ਹਾਂ ਕਿਹਾ ਕਿ ਇਸ ਸੰਕਟ ਦੌਰਾਨ ਵੱਖ ਵੱਖ ਥਾਈਂ ਫਸੇ ਹੋਏ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤਕ ਜਾਣ ਦੀ ਇਜਾਜ਼ਤ ਦੇਣ ਲਈ ਕੋਈ ਯੋਜਨਾ ਹੋਣੀ ਚਾਹੀਦੀ ਹੈ।