
ਜੀਕੇ ਨੇ ਅਕਾਲੀ ਦਲ ਦੀ ਕਾਰਗੁਜ਼ਾਰੀ 'ਤੇ ਉਠਾਏ ਸਨ ਸਵਾਲ
ਨਵੀ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਅਕਾਲੀ ਦਲ ਵਿਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਵਲੋਂ ਕੀਤੀ ਗਈ ਹੈ। ਜੀਕੇ 'ਤੇ ਇਹ ਕਾਰਵਾਈ ਉਨ੍ਹਾਂ ਦੀਆਂ ਬਗ਼ਾਵਤੀ ਸੁਰਾਂ ਨੂੰ ਦੇਖਦੇ ਹੋਏ ਕੀਤੀ ਗਈ ਹੈ। ਬੀਤੇ ਕੁੱਝ ਦਿਨਾਂ ਵਿਚ ਜੀਕੇ ਨੇ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕਾਰਗੁਜ਼ਾਰੀ 'ਤੇ ਸਵਾਲ ਵੀ ਉਠਾਏ ਸਨ।
Delhi Sikh Gurdwara Management Committee
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੀ ਕੋਰ ਕਮੇਟੀ ਨੇ ਬੀਤੇ ਕੱਲ੍ਹ ਦਿੱਲੀ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਹੋਈ ਇਕ ਖ਼ਾਸ ਮੀਟਿੰਗ ਦੌਰਾਨ ਜੀਕੇ ਦੇ ਕਈ ਕਥਿਤ ਘੁਟਾਲੇ ਗਿਣਵਾਏ ਸਨ। ਜਿਸ ਤੋਂ ਬਾਅਦ ਹੀ ਜੀਕੇ 'ਤੇ ਕਾਰਵਾਈ ਲਈ ਮਤੇ ਪਾਸ ਕੀਤੇ ਗਏ ਸਨ। ਉਧਰ ਮਨਜੀਤ ਸਿੰਘ ਜੀਕੇ ਨੇ ਇਨ੍ਹਾਂ ਮਤਿਆਂ ਦੇ ਜਵਾਬ ਵਿਚ ਕਿਹਾ ਸੀ ਕਿ ਅਜਿਹਾ ਕੁੱਝ ਉਨ੍ਹਾਂ ਦਾ ਅਕਸ ਵਿਗਾੜਨ ਦੀ ਸਾਜ਼ਿਸ਼ ਅਧੀਨ ਕੀਤਾ ਜਾ ਰਿਹਾ।
Shiromani Akali Dal
ਉਨ੍ਹਾਂ ਅਕਾਲੀ ਦਲ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਉਂਦਿਆਂ ਕਿਹਾ ਸੀ ਕਿ ਦੇਸ਼ ਭਰ ਵਿਚ ਮੋਦੀ–ਲਹਿਰ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਵੋਟਾਂ ਨਹੀਂ ਮਿਲ ਸਕੀਆਂ। ਦੱਸ ਦਈਏ ਕਿ ਮਨਜੀਤ ਸਿੰਘ ਜੀਕੇ ਨੇ ਪਿਛਲੇ ਸਾਲ 7 ਦਸੰਬਰ ਨੂੰ ਹੀ ਆਪਣਾ ਅਸਤੀਫ਼ਾ ਸੌਂਪ ਦਿੱਤਾ ਸੀ। ਨਾਲ ਹੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਵੀ ਉਨ੍ਹਾਂ ਤਿਆਗ ਦਿੱਤੀ ਸੀ ਪਰ ਹੁਣ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਵਿਚੋਂ ਬਾਹਰ ਕੱਢਣ ਦਾ ਰਸਮੀ ਐਲਾਨ ਕਰ ਦਿੱਤਾ ਹੈ।