
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ 'ਤੇ ਕੈਲੇਫ਼ੋਰਨੀਆ ਵਿਚ ਕਥਿਤ ਖ਼ਾਲਿਸਤਾਨ ਸਮਰਥਕਾਂ ਨੇ ਹਮਲਾ ਕਰ ਦਿਤਾ..........
ਯੂਬਾ ਸਿਟੀ : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ 'ਤੇ ਕੈਲੇਫ਼ੋਰਨੀਆ ਵਿਚ ਕਥਿਤ ਖ਼ਾਲਿਸਤਾਨ ਸਮਰਥਕਾਂ ਨੇ ਹਮਲਾ ਕਰ ਦਿਤਾ ਜਿਸ ਵਿਚ ਉਨ੍ਹਾਂ ਦਾ ਇਕ ਸਾਥੀ ਜ਼ਖ਼ਮੀ ਹੋ ਗਿਆ। ਨਿਊਯਾਰਕ ਤੋਂ ਬਾਅਦ ਕੈਲੇਫ਼ੋਰਨੀਆ ਪਹੁੰਚੇ ਜੀਕੇ ਨੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਦਾ ਮਕਸਦ ਗੁਰੂ ਨਾਨਕ ਦੇਵ ਜੀ ਦੀ 550ਵੇਂ ਜੈਯੰਤੀ ਦੇ ਸਮਾਗਮ ਦੇ ਸਿਲਸਿਲੇ ਵਿਚ ਸਿੱਖ ਸਮਾਜ ਨਾਲ ਚਰਚਾ ਕਰਨ ਲਈ ਆਏ ਸਨ, ਜੋ ਅਗਲੇ ਸਾਲ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ 'ਤੇ ਅਮਰੀਕਾ ਵਿਚ ਹੋਇਆ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ ਉਨ੍ਹਾਂ 'ਤੇ ਨਿਊਯਾਰਕ ਵਿਚ ਹਮਲਾ ਹੋਇਆ ਸੀ।
ਜੀਕੇ ਕੈਲੇਫ਼ੋਰਨੀਆ ਦੇ ਸ਼ਹਿਰ ਯੂਬਾ ਸਿਟੀ ਸਥਿਤ ਪ੍ਰਮੁੱਖ ਗੁਰਦਵਾਰਾ ਸਾਹਿਬ ਵਿਚ ਮੱਥਾ ਟੇਕਣ ਲਈ ਗਏ ਸਨ। ਇਸੇ ਦੌਰਾਨ ਖ਼ਾਲਿਸਤਾਨ-2020 ਰਾਏਸ਼ੁਮਾਰੀ ਦਾ ਸਮਰਥਨ ਕਰਨ ਵਾਲੇ 30-35 ਲੋਕਾਂ ਦੇ ਇਕੱਠ ਨੇ ਉਨ੍ਹਾਂ 'ਤੇ ਹਮਲਾ ਕਰ ਦਿਤਾ। ਜਦਕਿ ਖ਼ਾਲਿਸਤਾਨੀ ਨੇਤਾਵਾਂ ਦਾ ਕਹਿਣਾ ਹੈ ਕਿ ਪਹਿਲ ਪਹਿਲਾਂ ਜੀਕੇ ਦੇ ਸਾਥੀਆਂ ਵਲੋਂ ਕੀਤੀ ਗਈ ਸੀ। ਮਨਜੀਤ ਸਿੰਘ ਜੀਕੇ ਨੇ ਕਿਹਾ,''ਮੈਂ ਜ਼ਖ਼ਮੀ ਹਾਂ, ਮੈਨੂੰ ਧੱਕਾ ਦਿਤਾ ਗਿਆ ਅਤੇ ਮੇਰੇ ਲੱਤਾਂ ਮਾਰੀਆਂ ਗਈਆਂ। ਇਹ ਮੇਰੇ 'ਤੇ ਇਕ ਜਾਨਲੇਵਾ ਹਮਲਾ ਸੀ। ਉਨ੍ਹਾਂ ਦਸਿਆ ਕਿ ਉਨ੍ਹਾਂ ਦਾ ਇਕ ਸਾਥੀ ਹਸਪਤਾਲ ਵਿਚ ਭਰਤੀ ਹੈ।'' ਜੀਕੇ ਨੇ ਕਿਹਾ ਕਿ ਉਹ ਹਮਲੇ ਤੋਂ ਡਰਨਗੇ ਨਹੀਂ।
ਉਨ੍ਹਾਂ ਕਿਹਾ ਕਿ ਖ਼ਾਲਿਸਤਾਨ ਦੀ ਮੰਗ ਕਰ ਰਹੇ ਲੋਕ ਅਪਣੀ ਲੜਾਈ ਜਾਰੀ ਰੱਖ ਸਕਦੇ ਹਨ ਪਰ ਹਿੰਸਾ ਕਰਨਾ ਕੋਈ ਤਰੀਕਾ ਨਹੀਂ ਹੈ। ਜੀਕੇ ਨੇ ਕਿਹਾ ਕਿ ਅਸੀਂ ਖ਼ਾਲਿਸਤਾਨ ਦੀ ਲੜਾਈ ਦਾ ਹਿੱਸਾ ਨਹੀਂ ਬਣਾਂਗੇ। ਮਨਜੀਤ ਸਿੰਘ ਜੀਕੇ 'ਤੇ ਉਸ ਸਮੇਂ ਹਮਲਾ ਹੋਇਆ ਸੀ ਜਦੋਂ ਉਹ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਜਾ ਰਹੇ ਸਨ। ਇਸ ਦੌਰਾਨ ਖ਼ਾਲਿਸਤਾਨੀ ਸਮਰਥਕਾਂ ਨੇ ਨਾਹਰੇ ਲਾਉਣੇ ਸ਼ੁਰੂ ਕਰ ਦਿਤੇ ਪਰ ਦੂਜੇ ਪਾਸੇ ਤੋਂ ਇਕ ਵਿਅਕਤੀ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਜਿਸ ਤੋਂ ਬਾਅਦ ਖ਼ਾਲਿਸਤਾਨੀ ਸਮਰਥਕ ਭੜਕ ਗਏ। ਇਸੇ ਦੌਰਾਨ ਮਾਮਲਾ ਇੰਨਾ ਜ਼ਿਆਦਾ ਵਧ ਗਿਆ ਕਿ ਦੋਵੇਂ ਧਿਰਾਂ ਵਿਚਾਲੇ ਟਕਰਾਅ ਹੋ ਗਿਆ।
ਖ਼ਾਲਿਸਤਾਨੀ ਸਮਰਥਕਾਂ ਨੇ ਜੀਕੇ ਨੂੰ ਹੇਠਾਂ ਸੁੱਟ ਕੇ ਲੱਤਾਂ ਮਾਰੀਆਂ ਜਿਸ ਦੌਰਾਨ ਉਨ੍ਹਾਂ ਦੀ ਦਸਤਾਰ ਵੀ ਉਤਰ ਗਈ। ਉਧਰ ਦੂਜੇ ਪਾਸੇ ਖ਼ਾਲਿਸਤਾਨੀ ਸਮਰਥਕਾਂ ਦਾ ਕਹਿਣਾ ਹੈ ਕਿ ਜੀਕੇ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਨੂੰ ਦੋਫਾੜ ਕਰਨ ਦਾ ਕੰਮ ਕਰ ਰਿਹਾ ਹੈ ਅਤੇ ਖ਼ਾਲਿਸਤਾਨੀ ਸਿੱਖਾਂ ਨੂੰ ਅਤਿਵਾਦੀ ਦਸਦਾ ਹੈ। ਉਨ੍ਹਾਂ ਆਖਿਆ ਕਿ ਜੀਕੇ ਉਸ ਅਕਾਲੀ ਦਲ ਦਾ ਨੁਮਾਇੰਦਾ ਹੈ, ਜਿਸ ਨੇ ਪੰਜਾਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ।
ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਅਮਰੀਕਾ ਦੀ ਧਰਤੀ 'ਤੇ ਪੈਰ ਨਹੀਂ ਪਾਉਣ ਦਿਤਾ ਜਾਵੇਗਾ। ਉਨ੍ਹਾਂ ਇਸ ਗੱਲ ਨੂੰ ਸਪੱਸ਼ਟ ਕੀਤਾ ਜਿਸ ਵਿਚ ਖ਼ਾਲਿਸਤਾਨੀ ਸਮਰਥਕਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ਆਖੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਸਾਡੇ ਕੋਲੋਂ ਸਿਰਫ਼ ਪੁਛਗਿਛ ਕੀਤੀ ਸੀ, ਉਸ ਤੋਂ ਬਾਅਦ ਛੱਡ ਦਿਤਾ ਗਿਆ ਸੀ। (ਪੀ.ਟੀ.ਆਈ)