
ਕੇਂਦਰ ਸਰਕਾਰ ਦੇ ਨਵੇਂ ਡਿਜੀਟਲ ਨਿਯਮਾਂ ਨੂੰ ਲੈ ਕੇ ਜਾਰੀ ਵਿਵਾਦ ਦੌਰਾਨ ਮੈਸੇਜਿੰਗ ਐਪ ਵਟਸਐਪ ਨਵੇਂ ਨਿਯਮਾਂ ਖ਼ਿਲਾਫ ਹਾਈ ਕੋਰਟ ਪਹੁੰਚ ਗਿਆ ਹੈ।
ਨਵੀਂ ਦਿੱਲੀ: ਕੇਂਦਰ ਸਰਕਾਰ ਦੇ ਨਵੇਂ ਡਿਜੀਟਲ ਨਿਯਮਾਂ ਨੂੰ ਲੈ ਕੇ ਜਾਰੀ ਵਿਵਾਦ ਦੌਰਾਨ ਮੈਸੇਜਿੰਗ ਐਪ ਵਟਸਐਪ ਨਵੇਂ ਨਿਯਮਾਂ ਖ਼ਿਲਾਫ ਹਾਈ ਕੋਰਟ ਪਹੁੰਚ ਗਿਆ ਹੈ। ਵਟਸਐਪ ਨੇ ਯੂਜ਼ਰ ਦੀ ਨਿੱਜਤਾ (ਪ੍ਰਾਈਵੇਸੀ) ਦਾ ਹਵਾਲਾ ਦਿੰਦਿਆਂ ਕਿਹਾ ਕਿ ਨਵੇਂ ਆਈਟੀ ਨਿਯਮਾਂ ਨਾਲ ਯੂਜ਼ਰ ਦੀ ਨਿੱਜਤਾ ਖਤਮ ਹੋਵੇਗੀ।
Whatsapp
ਵਟਸਐਪ ਨੇ ਦਿੱਲੀ ਹਾਈ ਕੋਰਟ ਵਿਚ ਅੱਜ ਤੋਂ ਲਾਗੂ ਹੋਣ ਵਾਲੇ ਨਿਯਮਾਂ ਖ਼ਿਲਾਫ਼ ਪਟੀਸ਼ਨ ਦਰਜ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਨਿਯਮ ਉਸ ਨੂੰ ਯੂਜ਼ਰਸ ਦੀ ਪ੍ਰਾਈਵੇਸੀ ਦੀ ਸੁਰੱਖਿਆ ਨੂੰ ਤੋੜਨ ਲਈ ਮਜਬੂਰ ਕਰਨਗੇ। ਫੇਸਬੁੱਕ ਦੇ ਮਾਲਕਾਨਾ ਹੱਕ ਵਾਲੀ ਕੰਪਨੀ ਨੇ ਮੰਗਲਵਾਰ ਨੂੰ ਇਹ ਕੇਸ ਦਰਜ ਕੀਤਾ ਹੈ।
Delhi High Court
ਇਹਨਾਂ ਨਿਯਮਾਂ ਦੇ ਤਹਿਤ ਵਟਸਐਪ ਨੂੰ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਐਪ 'ਤੇ ਸਭ ਤੋਂ ਪਹਿਲਾਂ ਇਕ ਖ਼ਾਸ ਮੈਸੇਜ ਕਿੱਥੋਂ ਆਇਆ ਸੀ। ਵਟਸਐਪ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ 'ਚੈਟ ਨੂੰ ਟਰੇਸ ਕਰਨ ਲਈ ਮਜਬੂਰ ਕਰਨ ਵਾਲਾ ਇਹ ਕਾਨੂੰਨ ਵਟਸਐਪ 'ਤੇ ਆ ਰਹੇ ਹਰ ਮੈਸੇਜ ਦਾ ਫਿੰਗਰਪ੍ਰਿੰਟ ਰੱਖਣ ਦੇ ਬਰਾਬਰ ਹੈ। ਜੇ ਅਸੀਂ ਅਜਿਹਾ ਕਰਦੇ ਹਾਂ ਤਾਂ ਐਂਡ-ਟੂ-ਐਂਡ ਇਨਕ੍ਰਿਪਸ਼ਨ ਅਰਥਹੀਣ ਹੋ ਜਾਵੇਗੀ ਅਤੇ ਲੋਕਾਂ ਦੀ ਨਿੱਜਤਾ ਦੇ ਅਧਿਕਾਰ ਦੀ ਵੀ ਉਲੰਘਣਾ ਕੀਤੀ ਜਾਵੇਗੀ’।
WhatsApp
ਕੰਪਨੀ ਦੇ ਬੁਲਾਰੇ ਨੇ ਕਿਹਾ, ‘ਅਸੀਂ ਲਗਾਤਾਰ ਸਿਵਲ ਸੁਸਾਇਟੀ ਅਤੇ ਮਾਹਰਾਂ ਨਾਲ ਮਿਲ ਕੇ ਦੁਨੀਆਂ ਭਰ ਵਿਚ ਸਾਡੇ ਯੂਜ਼ਰਸ ਦੀ ਪ੍ਰਾਈਵੇਸੀ ਦੇ ਅਧਿਕਾਰ ਦੀ ਸੁਰੱਖਿਆ ਲਈ ਆਵਾਜ਼ ਬੁਲੰਦ ਕੀਤੀ ਹੈ। ਇਸ ਦੌਰਾਨ ਅਸੀਂ ਇਸ ਮੁੱਦੇ ’ਤੇ ਇਕ ਵਿਹਾਰਕ ਹੱਲ ਕੱਢਣ ਲਈ ਸਰਕਾਰ ਨਾਲ ਲਗਾਤਾਰ ਗੱਲਬਾਤ ਜਾਰੀ ਰੱਖਾਂਗੇ ਤਾਂਕਿ ਅਸੀਂ ਲੋਕਾਂ ਜੀ ਨਿੱਜਤਾ ਦੀ ਰੱਖਿਆ ਕਰ ਸਕੀਏ’।