
ਪੁਲਾੜ ਵਿਗਿਆਨੀ ਨੰਬੀ ਨਾਰਾਇਣਨ ਨੂੰ ਕਥਿਤ ਤੌਰ ’ਤੇ ਫਸਾਉਣ ਦਾ ਦੋਸ਼
ਤਿਰੂਵਨੰਤਪੁਰਮ: ਭਾਰਤੀ ਜਾਂਚ ਬਿਊਰੋ (CBI) ਨੇ 1994 ਦੇ ISRO ਜਾਸੂਸੀ ਮਾਮਲੇ ’ਚ ਪੁਲਾੜ ਵਿਗਿਆਨੀ ਨੰਬੀ ਨਾਰਾਇਣਨ ਨੂੰ ਕਥਿਤ ਤੌਰ ’ਤੇ ਫਸਾਉਣ ਵਾਲੇ ਪੰਜ ਵਿਅਕਤੀਆਂ ਵਿਰੁਧ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਹੈ।
ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੋਂ ਬਾਅਦ 2021 ’ਚ ਦਰਜ ਮਾਮਲੇ ’ਚ ਕਿਸ ’ਤੇ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਸੁਪਰੀਮ ਕੋਰਟ ਨੇ 15 ਅਪ੍ਰੈਲ, 2021 ਨੂੰ ਹੁਕਮ ਦਿਤਾ ਸੀ ਕਿ ISRO ਦੇ ਵਿਗਿਆਨੀ ਨਾਰਾਇਣਨ ਨਾਲ ਜੁੜੇ 1994 ਦੇ ਜਾਸੂਸੀ ਮਾਮਲੇ ’ਚ ਦੋਸ਼ੀ ਪੁਲਿਸ ਅਧਿਕਾਰੀਆਂ ਦੀ ਭੂਮਿਕਾ ’ਤੇ ਇਕ ਉੱਚ ਪੱਧਰੀ ਕਮੇਟੀ ਦੀ ਰੀਪੋਰਟ ਕੇਂਦਰੀ ਜਾਂਚ ਬਿਊਰੋ (CBI) ਨੂੰ ਦਿਤੀ ਜਾਵੇ।
ਕੇਰਲ ਪੁਲਿਸ ਨੇ ਅਕਤੂਬਰ 1994 ’ਚ ਮਾਲਦੀਵ ਦੀ ਨਾਗਰਿਕ ਰਸ਼ੀਦਾ ਨੂੰ ਤਿਰੂਵਨੰਤਪੁਰਮ ’ਚ ਪਾਕਿਸਤਾਨ ਨੂੰ ਵੇਚਣ ਲਈ ISRO ਰਾਕੇਟ ਇੰਜਣਾਂ ਦੇ ਗੁਪਤ ਡਰਾਇੰਗ ਪ੍ਰਾਪਤ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਦੋ ਕੇਸ ਦਰਜ ਕੀਤੇ ਸਨ।
ਭਾਰਤੀ ਪੁਲਾੜ ਖੋਜ ਸੰਗਠਨ (ISRO) ਦੇ ਕ੍ਰਾਇਓਜੈਨਿਕ ਪ੍ਰਾਜੈਕਟ ਦੇ ਤਤਕਾਲੀ ਨਿਰਦੇਸ਼ਕ ਨਾਰਾਇਣਨ ਨੂੰ ISRO ਦੇ ਤਤਕਾਲੀ ਡਿਪਟੀ ਡਾਇਰੈਕਟਰ ਡੀ. ਸ਼ਸ਼ੀਕੁਮਾਰਨ ਅਤੇ ਰਸ਼ੀਦਾ ਦੀ ਮਾਲਦੀਵ ਦੀ ਦੋਸਤ ਫੌਸੀਆ ਹਸਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ। CBI ਜਾਂਚ ’ਚ ਦੋਸ਼ ਝੂਠੇ ਪਾਏ ਗਏ ਸਨ।
ISRO ਦੇ ਸਾਬਕਾ ਵਿਗਿਆਨੀ ਵਿਰੁਧ ਪੁਲਿਸ ਕਾਰਵਾਈ ਨੂੰ ‘ਮਨੋਵਿਗਿਆਨਕ ਇਲਾਜ’ ਕਰਾਰ ਦਿੰਦੇ ਹੋਏ ਸੁਪਰੀਮ ਕੋਰਟ ਨੇ ਸਤੰਬਰ 2018 ਵਿਚ ਕਿਹਾ ਸੀ ਕਿ ਉਸ ਦੀ ਮਨੁੱਖੀ ਅਧਿਕਾਰਾਂ ਦੀ ਬੁਨਿਆਦੀ ਆਜ਼ਾਦੀ ਅਤੇ ਇੱਜ਼ਤ ਖਤਰੇ ਵਿਚ ਹੈ ਕਿਉਂਕਿ ਉਸ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਅਤੀਤ ਦੀ ਸਾਰੀ ਸ਼ਾਨ ਦੇ ਬਾਵਜੂਦ ਆਖਰਕਾਰ ਉਸ ਨੂੰ ‘ਨਫ਼ਰਤ’ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪਿਆ ਸੀ।