
ਵਿਧਾਨ ਸਭਾ ’ਚ ਸਹੁੰ ਚੁਕਣ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਦੀਆਂ ਪੌੜੀਆਂ ’ਤੇ ਧਰਨਾ ਵੀ ਦਿਤਾ
ਕੋਲਕਾਤਾ: ਪਛਮੀ ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੇ ਦੋ ਨਵੇਂ ਚੁਣੇ ਵਿਧਾਇਕਾਂ ਦੇ ਸਹੁੰ ਚੁੱਕ ਸਮਾਰੋਹ ਨੂੰ ਲੈ ਕੇ ਵਿਵਾਦ ਬੁਧਵਾਰ ਨੂੰ ਵੀ ਜਾਰੀ ਰਿਹਾ ਜਦੋਂ ਰਾਜਪਾਲ ਸੀ.ਵੀ. ਆਨੰਦ ਬੋਸ ਨੇ ਵਿਧਾਨ ਸਭਾ ’ਚ ਪ੍ਰੋਗਰਾਮ ਕਰਨ ਤੋਂ ਇਨਕਾਰ ਕਰ ਦਿਤਾ ਅਤੇ ਇਸ ਦੀ ਬਜਾਏ ਨਵੀਂ ਦਿੱਲੀ ਰਵਾਨਾ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।
ਤਾਜ਼ਾ ਘਟਨਾਕ੍ਰਮ ਤੋਂ ਨਾਰਾਜ਼ ਸਯੰਤਿਕਾ ਬੰਦੋਪਾਧਿਆਏ ਅਤੇ ਰਿਆਤ ਹੁਸੈਨ ਸਰਕਾਰ ਨੇ ਕਿਹਾ ਕਿ ਉਹ ਕੁੱਝ ਹੋਰ ਦਿਨ ਉਡੀਕ ਕਰਨਗੇ ਅਤੇ ਫਿਰ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨਾਲ ਵਿਚਾਰ-ਵਟਾਂਦਰੇ ਕਰਨਗੇ। ਵਿਧਾਨ ਸਭਾ ਸਪੀਕਰ ਬਿਮਾਨ ਬੈਨਰਜੀ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਸੋਭਨਦੇਬ ਚਟੋਪਾਧਿਆਏ ਇਸ ਸਮੇਂ ਵਿਧਾਨ ਸਭਾ ’ਚ ਬੈਠਕ ਕਰ ਰਹੇ ਹਨ। ਰਾਜ ਭਵਨ ਨੇ ਇਸ ਤੋਂ ਪਹਿਲਾਂ ਹਾਲ ਹੀ ’ਚ ਹੋਈਆਂ ਜ਼ਿਮਨੀ ਚੋਣਾਂ ’ਚ ਵਿਧਾਨ ਸਭਾ ਲਈ ਚੁਣੇ ਗਏ ਦੋਹਾਂ ਵਿਧਾਇਕਾਂ ਨੂੰ ਬੁਧਵਾਰ ਨੂੰ ਰਾਜ ਭਵਨ ’ਚ ਸਹੁੰ ਚੁੱਕਣ ਲਈ ਸੱਦਾ ਦਿਤਾ ਸੀ।
ਹਾਲਾਂਕਿ, ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਕਿ ਉਪ ਚੋਣਾਂ ਜਿੱਤਣ ਵਾਲਿਆਂ ਦੇ ਮਾਮਲੇ ’ਚ, ਪਰੰਪਰਾ ਇਹ ਹੈ ਕਿ ਰਾਜਪਾਲ ਵਿਧਾਨ ਸਭਾ ਦੇ ਸਪੀਕਰ ਜਾਂ ਡਿਪਟੀ ਸਪੀਕਰ ਨੂੰ ਸਹੁੰ ਚੁਕਾਉਣ ਦਾ ਕੰਮ ਸੌਂਪਦੇ ਹਨ। ਰਾਜ ਭਵਨ ਦੇ ਸੂਤਰਾਂ ਮੁਤਾਬਕ ਰਾਜਪਾਲ ਸ਼ਾਮ ਨੂੰ ਨਵੀਂ ਦਿੱਲੀ ਲਈ ਰਵਾਨਾ ਹੋ ਗਏ। ਇਸ ਤੋਂ ਪਹਿਲਾਂ ਦੋਵੇਂ ਵਿਧਾਇਕ ਵਿਧਾਨ ਸਭਾ ਪਹੁੰਚੇ ਅਤੇ ਕਿਹਾ ਕਿ ਉਹ ਸ਼ਾਮ 4 ਵਜੇ ਤਕ ਉਡੀਕ ਕਰਨਗੇ ਕਿ ਰਾਜਪਾਲ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਉਣਗੇ ਜਾਂ ਸਪੀਕਰ ਨੂੰ ਅਜਿਹਾ ਕਰਨ ਲਈ ਅਧਿਕਾਰਤ ਕਰਨਗੇ। ਉਨ੍ਹਾਂ ਨੇ ਇਸ ਮੰਗ ਨੂੰ ਲੈ ਕੇ ਵਿਧਾਨ ਸਭਾ ਦੀਆਂ ਪੌੜੀਆਂ ’ਤੇ ਧਰਨਾ ਵੀ ਦਿਤਾ।
ਸਾਯੰਤਿਕਾ ਬੰਧੋਪਾਧਿਆਏ ਨੇ ਕਿਹਾ, ‘‘ਅਸੀਂ ਉਡੀਕ ਕੀਤੀ ਪਰ ਰਾਜਪਾਲ ਨਹੀਂ ਆਏ। ਸਾਨੂੰ ਪਤਾ ਲੱਗਾ ਕਿ ਉਹ ਨਵੀਂ ਦਿੱਲੀ ਚਲੇ ਗਏ ਹਨ। ਅਸੀਂ ਕੁੱਝ ਹੋਰ ਦਿਨਾਂ ਲਈ ਉਡੀਕ ਕਰਾਂਗੇ ਅਤੇ ਵੇਖਾਂਗੇ ਕਿ ਕੀ ਹੁੰਦਾ ਹੈ। ਅਸੀਂ ਵਿਧਾਨ ਸਭਾ ’ਚ ਸਹੁੰ ਚੁੱਕਣ ਦੀ ਉਮੀਦ ਕਰਦੇ ਹਾਂ।’’ ਸਪੀਕਰ ਬਿਮਾਨ ਬੈਨਰਜੀ ਨੇ ਰਾਜਪਾਲ ਬੋਸ ’ਤੇ ਸਹੁੰ ਚੁੱਕ ਸਮਾਰੋਹ ਨੂੰ ‘ਹੰਕਾਰ ਦੀ ਲੜਾਈ’ ’ਚ ਬਦਲਣ ਅਤੇ ਜਾਣਬੁਝ ਕੇ ਇਸ ਮੁੱਦੇ ਨੂੰ ਗੁੰਝਲਦਾਰ ਬਣਾਉਣ ਦਾ ਦੋਸ਼ ਲਾਇਆ। ਉਨ੍ਹਾਂ ਦਾਅਵਾ ਕੀਤਾ ਕਿ ਜਾਣਬੁਝ ਕੇ ਰੁਕਾਵਟ ਪੈਦਾ ਕੀਤੀ ਗਈ ਸੀ ਜਿਸ ਦਾ ਕਾਰਨ ਸਿਰਫ ਰਾਜਪਾਲ ਹੀ ਬਿਹਤਰ ਜਾਣਦੇ ਹਨ।
ਉਨ੍ਹਾਂ ਕਿਹਾ, ‘‘ਅਸੀਂ ਰਾਜਪਾਲ ਦੇ ਵਿਧਾਨ ਸਭਾ ਆਉਣ ਦੀ ਉਡੀਕ ਕਰ ਰਹੇ ਸੀ ਪਰ ਉਹ ਨਹੀਂ ਆਏ। ਇਸ ਤਰ੍ਹਾਂ ਦੀ ਰੁਕਾਵਟ ਦੀ ਬਿਲਕੁਲ ਵੀ ਉਮੀਦ ਨਹੀਂ ਸੀ। ਰਾਜਪਾਲ ਨੇ ਇਸ ਨੂੰ ਹੰਕਾਰ ਦੀ ਲੜਾਈ ’ਚ ਬਦਲ ਦਿਤਾ ਹੈ। ਉਹ ਅਪਣੀਆਂ ਸ਼ਕਤੀਆਂ ਦੀ ਵਰਤੋਂ ਕਰ ਰਹੇ ਹਨ। ਮੈਂ ਅਪਣੀਆਂ ਸ਼ਕਤੀਆਂ ਨੂੰ ਸਮਝਣ ਲਈ ਕਾਨੂੰਨੀ ਮਾਹਰਾਂ ਨਾਲ ਵੀ ਸਲਾਹ-ਮਸ਼ਵਰਾ ਕਰਾਂਗਾ।’’ ਉਨ੍ਹਾਂ ਕਿਹਾ, ‘‘ਜਦੋਂ ਤਕ ਅਸੀਂ ਸਹੁੰ ਨਹੀਂ ਚੁੱਕ ਲੈਂਦੇ, ਉਦੋਂ ਤਕ ਅਸੀਂ ਵਿਧਾਇਕ ਵਜੋਂ ਕੰਮ ਨਹੀਂ ਕਰ ਸਕਦੇ। ਸਾਡੇ ਹਲਕੇ ਦੇ ਲੋਕ ਪਰੇਸ਼ਾਨ ਹਨ।’’ ਸਯੰਤਿਕਾ ਬੰਦੋਪਾਧਿਆਏ ਅਤੇ ਰਿਆਤ ਹੁਸੈਨ ਸਰਕਾਰ ਕ੍ਰਮਵਾਰ ਕੋਲਕਾਤਾ ਨੇੜੇ ਬਾਰਾਨਗਰ ਅਤੇ ਮੁਰਸ਼ਿਦਾਬਾਦ ਜ਼ਿਲ੍ਹੇ ਦੇ ਭਾਗਬੰਗੋਲਾ ਹਲਕਿਆਂ ਤੋਂ ਚੁਣੇ ਗਏ ਸਨ।