
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨਿਚਰਵਾਰ ਨੂੰ ਅਪਣੇ ਦਫ਼ਤਰ ਦੇ ਤਿੰਨ ਸਾਲ ਪੂਰੇ ਕਰ ਲਏ।
ਨਵੀਂ ਦਿੱਲੀ, 25 ਜੁਲਾਈ : ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ਨਿਚਰਵਾਰ ਨੂੰ ਅਪਣੇ ਦਫ਼ਤਰ ਦੇ ਤਿੰਨ ਸਾਲ ਪੂਰੇ ਕਰ ਲਏ। ਇਸ ਦੌਰਾਨ ਉਨ੍ਹਾਂ ਨੇ ਕੋਰੋਨਾ ਵਾਇਰਸ ਵਿਰੁਧ ਲੜਾਈ ਵਿਚ ਦੇਸ਼ ਦਾ ਮਾਰਗ ਦਰਸ਼ਨ ਕੀਤਾ। ਸਾਲ ਦੌਰਾਨ ਉਨ੍ਹਾਂ ਨੇ ਕਰੀਬ ਸੱਤ ਹਜ਼ਾਰ ਲੋਕਾਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਵਿਚ ਸੈਨਿਕਾਂ ਤੋਂ ਲੈ ਕੇ ਵਿਗਿਆਨੀ ਤਕ ਸ਼ਾਮਲ ਹਨ। ਇਸ ਮੌਕੇ ਰਾਸ਼ਟਰਪਤੀ ਨੇ ਡਾਕਟਰਾਂ ਸਮੇਤ ਉਨ੍ਹਾਂ ਲੋਕਾਂ ਦਾ ਸ਼ੁਕਰੀਆ ਅਦਾ ਕੀਤੇ ਜੋ ਖ਼ੁਦ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਖ਼ਤਰੇ ਵਿਚ ਪਾ ਕੇ ਰਾਸ਼ਟਰ ਦੀ ਸਿਹਤ ਦੀ ਰਾਖੀ ਵਿਚ ਲੱਗੇ ਹੋਏ ਹਨ।
Ramnath Kovind
ਰਾਸ਼ਟਰਪਤੀ ਭਵਨ ਨੇ ਇਸ ਮੌਕੇ ਇੰਫੋਗ੍ਰਾਫਿਕਸ ਦੀ ਇਕ ਲੜੀ ਜਾਰੀ ਕਰ ਕੇ ਉਨ੍ਹਾਂ ਦੇ ਤੀਜੇ ਸਾਲ ਵਿਚ ਕੀਤੀਆਂ ਗਈਆਂ ਵੱਖ-ਵੱਖ ਪਹਿਲਾਂ ਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਰਾਸ਼ਟਰਪਤੀ ਨੇ ਆਪਣੀ ਇਕ ਮਹੀਨੇ ਦੀ ਤਨਖ਼ਾਹ ਪੀਐੱਮ ਕੇਅਰਜ਼ ਫੰਡ ਵਿਚ ਦਾਨ ਕੀਤੀ ਤੇ ਇਕ ਸਾਲ ਤਕ ਆਪਣੀ ਤਨਖ਼ਾਹ 30 ਫ਼ੀਸਦੀ ਘੱਟ ਲੈਣ ਦਾ ਫ਼ੈਸਲਾ ਕੀਤਾ। ਰਾਸ਼ਟਰਪਤੀ ਦਫ਼ਤਰ ਨੇ ਦੱਸਿਆ ਕਿ ਰਾਸ਼ਟਰਪਤੀ ਭਵਨ ਨੇ ਸਰੋਤਾਂ ਦੀ ਵੱਧ ਤੋਂ ਵੱਧ ਵਰਤੋਂ ਲਈ ਆਪਣੇ ਖ਼ਰਚਿਆਂ ਨੂੰ ਤਰਕਸੰਗਤ ਬਣਾਇਆ ਹੈ।
ਜੁਲਾਈ 2019 ਤੋਂ ਜੁਲਾਈ 2020 ਦਰਮਿਆਨ ਰਾਸ਼ਟਰਪਤੀ ਕੋਵਿੰਦ ਨੇ ਅਮਰੀਕਾ, ਸ੍ਰੀਲੰਕਾ, ਜ਼ਾਂਬੀਆ, ਬ੍ਰਾਜ਼ੀਲ, ਸਵੀਡਨ, ਮੰਗੋਲੀਆ, ਨੀਦਰਲੈਂਡ, ਪੁਰਤਗਾਲ ਤੇ ਮਿਆਂਮਾਰ ਦੇ ਰਾਸ਼ਟਰ ਮੁਖੀਆਂ ਦੀ ਮੇਜ਼ਬਾਨੀ ਕੀਤੀ। ਰਾਸ਼ਟਰਪਤੀ ਭਵਨ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਵਿਡ-19 ਮਹਾਮਾਰੀ ਕਾਰਨ ਵੀਡੀਓ ਕਾਨਫਰੰਸਿੰਘ ਜ਼ਰੀਏ ਰਾਜਨਾਇਕਾਂ ਨੂੰ ਪਛਾਣ ਪੱਤਰ ਪ੍ਰਦਾਨ ਕੀਤੇ ਗਏ। ਕੇਂਦਰ ਤੇ ਸੂਬਾ ਪੱਧਰ ‘ਤੇ ਕੋਵਿਡ-19 ਮਹਾਮਾਰੀ ਨੂੰ ਕਾਬੂ ਕਰਨ ਦੇ ਯਤਨਾਂ ਨੂੰ ਤੇਜ਼ ਕਰਨ ਲਈ ਰਾਸ਼ਟਰਪਤੀ ਨੇ ਉਪ ਰਾਸ਼ਟਰਪਤੀ ਨਾਲ ਮਿਲ ਕੇ ਸਾਰੇ ਸੂਬਿਆਂ ਦੇ ਰਾਜਪਾਲਾਂ ਤੇ ਕੇਂਦਰ ਸ਼ਾਸਿਤ ਸੂਬਿਆਂ ਦੇ ਉਪ ਰਾਜਪਾਲਾਂ ਨਾਲ ਦੋ ਵੀਡੀਓ ਕਾਨਫਰੰਸਾਂ ਵੀ ਕੀਤੀਆਂ। (ਪੀਟੀਆਈ)
ਕੋਵਿਡ 19 : ਜਾਂਚ ਉਪਕਰਨ ਵੇਚਣ ਵਾਲੀਆਂ ਤਿੰਨ ਕੰਪਨੀਆਂ ਦੇ ਲਾਈਸੈਂਸ ਰੱਦ
ਨਵੀਂ ਦਿੱਲੀ, 25 ਜੁਲਾਈ : ਭਾਰਤ ਦੇ ਕੰਟਰੋਰਲਰ ਜਨਰਲ ਆਫ਼ ਡਰੱਗਜ਼ (ਡੀ.ਸੀ.ਜੀ.ਆਈ) ਨੇ ਤੇਜ਼ੀ ਨਾਲ ਜਾਂਚ ਉਪਕਰਣ ਵੇਚਣ ਵਾਲੀਆਂ ਤਿੰਨ ਕੰਪਨੀਆਂ ਦੇ ਲਾਈਸੈਂਸ ਰੱਦ ਕਰ ਦਿਤੇ ਹਨ ਅਤੇ 16 ਹੋਰ ਕੰਪਨੀਆਂ ਦੇ ਲਾਈਸੈਂਸ ਮੁਅੱਤਲ ਕਰ ਦਿਤੇ ਗਏ ਹਨ। ਡੀਜੀਸੀਆਈ ਦਾ ਕਹਿਣਾ ਹੈ ਕਿ ਅਮਰੀਕੀ ਫ਼ੂਡ ਐਂਡ ਡਰੱਗ ਕਾਸਮੈਟਿਕਸ (ਯੂਐਸਐਫ਼ਡੀਏ) ਨੇ ਇਨ੍ਹਾਂ ਕੰਪਨੀਆਂ ਨੂੰ ਅਪਣੀ ਕੋਰੋਨਾ ਵਾਇਰਸ ਸੀਰੋ ਜਾਂਚ ਦੀ ਸੂਚੀ ਵਿਚੋਂ ਕੱਢ ਦਿਤਾ ਹੈ ਅਤੇ ਨਿਰਦੇਸ਼ ਦਿਤਾ ਹੈ ਕਿ ਇਨ੍ਹਾਂ ਦੀ ਸਪਲਾਈ ਨਾ ਕੀਤੀ ਜਾਵੇ। ਕੈਡਿਲਾ ਹੈਲਥਕੇਅਰ, ਐਮਡੀਏਐਸੀ ਇੰਟਰਨੈਸ਼ਨਲ ਅਤੇ ਐਚ ਡਬਲਿਊ ਓਵਰਸਜ਼ੀ ਦਾ ਲਾਈਸੈਂਸ ਰੱਦ ਕਰ ਦਿਤਾ ਗਿਆ ਹੈ। (ਪੀਟੀਆਈ)