ਸੋਸ਼ਲ ਮੀਡੀਆ ’ਤੇ ਭਖੀ ਆਲੋਚਨਾ
ਤਿਰੂਵਨੰਤਪੁਰਮ: ਮਰਹੂਮ ਕਾਂਗਰਸ ਆਗੂ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਦੀ ਯਾਦ ਵਿਚ ਕਰਵਾਏ ਇਕ ਸਮਾਗਮ ਵਿਚ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੇ ਭਾਸ਼ਣ ਦੌਰਾਨ ਮਾਈਕ੍ਰੋਫੋਨ ਖਰਾਬ ਹੋਣ ਤੋਂ ਬਾਅਦ ਪੁਲਸ ਵਲੋਂ ਮਾਮਲਾ ਦਰਜ ਕੀਤੇ ਜਾਣ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ।
ਸਮਾਗਮ ’ਚ ਅਪਣੇ ਭਾਸ਼ਣ ਦੌਰਾਨ ਵਿਜਯਨ ਦਾ ਮਾਈਕ ਕੁਝ ਦੇਰ ਲਈ ਖ਼ਰਾਬ ਹੋ ਗਿਆ, ਜਿਸ ਕਾਰਨ ਉਨ੍ਹਾਂ ਦੇ ਭਾਸ਼ਣ ’ਚ ਰੁਕਾਵਟ ਆਈ।
ਇਸ ਮਾਮਲੇ ਦਾ ਖ਼ੁਦ ਨੋਟਿਸ ਲੈਂਦਿਆਂ ਕੈਂਟ ਪੁਲਿਸ ਨੇ ਮੰਗਲਵਾਰ ਨੂੰ ਮਾਮਲਾ ਦਰਜ ਕਰ ਲਿਆ ਪਰ ਕਿਸੇ ਨੂੰ ਵੀ ਦੋਸ਼ੀ ਨਹੀਂ ਬਣਾਇਆ ਗਿਆ।
ਇਸ ਮਾਮਲੇ ਤੋਂ ਬਾਅਦ ‘ਮਾਈਕ ਆਪਰੇਟਰ’ ਦਾ ਬਿਆਨ ਦਰਜ ਕੀਤਾ ਗਿਆ ਅਤੇ ਪ੍ਰੋਗਰਾਮ ਦੌਰਾਨ ਵਰਤੇ ਗਏ ਐਂਪਲੀਫਾਇਰ ਅਤੇ ਤਾਰਾਂ ਸਮੇਤ ਉਸ ਦਾ ਸਾਮਾਨ ਜ਼ਬਤ ਕਰ ਲਿਆ ਗਿਆ। ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ (ਕੇ.ਪੀ.ਸੀ.ਸੀ.) ਵਲੋਂ ਸੋਮਵਾਰ ਸ਼ਾਮ ਅਯੰਕਾਲੀ ਹਾਲ ’ਚ ਚਾਂਡੀ ਦੀ ਯਾਦ ’ਚ ਇਕ ਯਾਦਗਾਰੀ ਪ੍ਰੋਗਰਾਮ ਕਰਵਾਇਆ ਗਿਆ। ਕਾਂਗਰਸ ਨੇਤਾ ਦਾ ਪਿਛਲੇ ਹਫਤੇ ਬੈਂਗਲੁਰੂ ’ਚ ਦਿਹਾਂਤ ਹੋ ਗਿਆ ਸੀ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਮਾਈਕ ਦੇ ਖਰਾਬ ਹੋਣ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਪਰ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਜ ਦੇ ਲੋਕ ਨਿਰਮਾਣ ਵਿਭਾਗ ਦੇ ਬਿਜਲੀ ਵਿਭਾਗ ਵਲੋਂ ਵਿਸਤ੍ਰਿਤ ਵਿਗਿਆਨਕ ਜਾਂਚ ਲਈ ਉਪਕਰਨ ਭੇਜੇ ਗਏ ਹਨ। ਅਧਿਕਾਰੀ ਨੇ ਕਿਹਾ ਕਿ ਕੇਰਲ ਪੁਲਿਸ ਐਕਟ ਦੀ ਧਾਰਾ 118 (ਈ) ਦੇ ਤਹਿਤ ਜਨਤਾ ਨੂੰ ਖ਼ਤਰਾ ਪੈਦਾ ਕਰਨ ਜਾਂ ਜਨਤਕ ਸੁਰੱਖਿਆ ਨੂੰ ਬਣਾਈ ਰੱਖਣ ਵਿਚ ਅਸਫਲ ਰਹਿਣ ਲਈ ਇਕ ਕੇਸ ਦਰਜ ਕੀਤਾ ਗਿਆ ਸੀ।
‘‘ਮੁਕੱਦਮੇ ਦਾ ਦਰਜ ਹੋਣਾ ਸਿਰਫ਼ ਇਕ ਤਕਨੀਕੀ ਮਾਮਲਾ ਹੈ। ਉੱਚ ਅਧਿਕਾਰੀਆਂ ਨੇ ਸਾਨੂੰ ਇਸ ਗੱਲ ਦੀ ਪੁਸ਼ਟੀ ਕਰਨ ਲਈ ਕਿਹਾ ਹੈ ਕਿ ਕੀ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ਮਾਈਕ ਦੀ ਖਰਾਬੀ ਕਿਸੇ ਤਕਨੀਕੀ ਖਰਾਬੀ ਕਾਰਨ ਹੋਈ ਸੀ। ਇਸ ਦੇ ਲਈ ਸਾਨੂੰ ਵਿਗਿਆਨਕ ਜਾਂਚ ਲਈ ਉਪਕਰਨ ਭੇਜਣੇ ਹੋਣਗੇ।’’
ਇਸ ਮਾਮਲੇ ਦੀ ਸੋਸ਼ਲ ਮੀਡੀਆ ’ਤੇ ਕਾਫੀ ਆਲੋਚਨਾ ਹੋ ਰਹੀ ਹੈ ਅਤੇ ਲੋਕ ‘ਟਰੋਲ’ ਕਰ ਰਹੇ ਹਨ। ਸੋਸ਼ਲ ਮੀਡੀਆ ਪਲੇਟਫਾਰਮ ’ਤੇ ਵਿਆਪਕ ਤੌਰ ’ਤੇ ਸਾਂਝੀਆਂ ਕੀਤੀਆਂ ਗਈਆਂ ਟਿਪਣੀਆਂ ’ਚੋਂ ਇਕ ਨੇ ਲਿਖਿਆ, ‘‘ਕਿਰਪਾ ਕਰ ਕੇ ਮਾਈਕ ਨੂੰ ਗ੍ਰਿਫਤਾਰ ਕਰੋ।’’
ਇਸ ਮਾਮਲੇ ਨੂੰ ਲੈ ਕੇ ਸੱਤਾਧਾਰੀ ਕਮਿਊਨਿਸਟ ਪਾਰਟੀ ਆਫ ਇੰਡੀਆ-ਮਾਰਕਸਵਾਦੀ (ਸੀਪੀਆਈ-ਐਮ) ਅਤੇ ਵਿਰੋਧੀ ਕਾਂਗਰਸ ਵਿਚਾਲੇ ਸ਼ਬਦੀ ਜੰਗ ਵੀ ਛਿੜ ਗਈ ਹੈ। ਸੀਪੀਆਈ (ਐਮ) ਦੇ ਸੂਬਾ ਸਕੱਤਰ ਐਮਵੀ ਗੋਵਿੰਦਨ ਅਤੇ ਕੇਂਦਰੀ ਕਮੇਟੀ ਦੇ ਮੈਂਬਰ ਏ.ਕੇ. ਬਾਲਨ ਨੇ ਇਸ ਮਾਮਲੇ ਨੂੰ ਖਾਰਜ ਕੀਤੇ ਬਿਨਾਂ ਸਾਵਧਾਨੀ ਨਾਲ ਜਵਾਬ ਦਿਤਾ, ਪਰ ਵਿਰੋਧੀ ਧਿਰ ਦੇ ਨੇਤਾ ਵੀਡੀ ਸਤੀਸਨ ਅਤੇ ਸੀਨੀਅਰ ਕਾਂਗਰਸ ਨੇਤਾ ਐਮ.ਐਮ. ਹਸਨ ਵਲੋਂ ਇਸ ਦੀ ਸਖ਼ਤ ਆਲੋਚਨਾ ਕੀਤੀ ਗਈ।