
ਈਡੀ ਨੂੰ ਲੱਭੇ ਸੁਨੇਹਿਆਂ ਵਿਚ ਨਸ਼ਿਆਂ ਦੀ ਵਰਤੋਂ ਦੀ ਗੱਲ
ਨਵੀਂ ਦਿੱਲੀ, 26 ਅਗੱਸਤ : ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਖ਼ੁਦਕੁਸ਼ੀ ਮਾਮਲੇ ਵਿਚ ਹਰ ਦਿਨ ਨਵੇਂ ਪ੍ਰਗਟਾਵੇ ਹੋ ਰਹੇ ਹਨ। ਇਸ ਮਾਮਲੇ ਵਿਚ ਹੁਣ ਨਸ਼ਿਆਂ ਦੀ ਵਰਤੋਂ ਬਾਬਤ ਵੀ ਜਾਂਚ ਕੀਤੀ ਜਾਵੇਗੀ। ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਇਸ ਸਬੰਧ ਵਿਚ ਨਾਰਕਾਟਿਕਸ ਬਿਊਰੋ ਨੂੰ ਚਿੱਠੀ ਲਿਖੀ ਹੈ। ਸੁਸ਼ਾਂਤ ਨਾਲ ਦਿਨ ਰਾਤ ਰਹਿਣ ਵਾਲੇ ਉਸ ਦੇ ਸਹਾਇਕ ਅੰਕਿਤ ਅਚਾਰੀਆ ਨੇ ਕਿਹਾ ਹੈ ਕਿ ਉਸ ਨੇ ਸੁਸ਼ਾਂਤ ਨੂੰ ਨਸ਼ਿਆਂ ਦੀ ਵਰਤੋਂ ਕਰਦੇ ਨੂੰ ਕਦੇ ਨਹੀਂ ਵੇਖਿਆ। ਸੁਸ਼ਾਂਤ ਦੀ ਜ਼ਿੰਦਗੀ ਵਿਚ ਰੀਆ ਦੇ ਆਉਣ ਮਗਰੋਂ ਉਸ ਨੇ ਸੁਸ਼ਾਂਤ ਨਾਲ ਕੰਮ ਕਰਨਾ ਬੰਦ ਕਰ ਦਿਤਾ ਸੀ।
ਅੰਕਿਤ ਨੇ ਕਿਹਾ ਕਿ ਉਸ ਦੇ ਹੁੰਦਿਆਂ ਸੁਸ਼ਾਂਤ ਨੇ ਕਦੇ ਵੀ ਨਸ਼ਿਆਂ ਦੀ ਵਰਤੋਂ ਨਹੀਂ ਕੀਤੀ। ਸੁਸ਼ਾਂਤ ਦਾ ਸਟਾਫ਼ ਪਹਿਲਾਂ ਹੀ ਦੱਸ ਚੁਕਾ ਹੈ ਕਿ ਕੁੱਕ ਦੀ ਜ਼ਿੰਮੇਵਾਰੀ ਬਸ ਖਾਣਾ ਬਣਾਉਣ ਤਕ ਸੀਮਤ ਸੀ। ਚਾਹ ਜਾਂ ਕੌਫ਼ੀ ਆਦਿ ਸਾਰਾ ਕੁੱਝ ਰੀਆ ਹੀ ਸੁਸ਼ਾਂਤ ਨੂੰ ਦਿੰਦੀ ਸੀ। ਰੀਪੋਰਟਾਂ ਮੁਤਾਬਕ ਈਡੀ ਅਤੇ ਸੀਬੀਆਈ ਨੇ ਰੀਆ ਦੇ ਡਿਲੀਟ ਹੋਏ ਸੁਨੇਹੇ ਮੁੜ ਹਾਸਲ ਕਰ ਲਏ ਹਨ। ਇਨ੍ਹਾਂ ਸੁਨੇਹਿਆਂ ਵਿਚ ਡਰੱਗਜ਼ ਲੈਣ ਦੀ ਗੱਲ ਸਾਹਮਣੇ ਆਈ ਹੈ।
ਇਕ ਸੁਨੇਹੇ ਵਿਚ ਰੀਆ ਨੂੰ ਜਯਾ ਸਾਹਾ ਨੇ ਲਿਖਿਆ ਹੈ ਕਿ ਚਾਹ ਜਾਂ ਕੌਫ਼ੀ ਜਾਂ ਪਾਣੀ ਵਿਚ ਚਾਰ ਬੂੰਦਾਂ ਪਾਉ ਅਤੇ ਉਸ ਨੂੰ ਪੀਣ ਲਈ ਦਿਉ, ਅਸਰ ਵੇਖਣ ਲਈ 30 ਤੋਂ 40 ਮਿੰਟ ਰੁਕੋ। ਇਹ ਸੁਨੇਹਾ 25 ਨਵੰਬਰ 2019 ਦਾ ਹੈ। ਰੀਪੋਰਟਾਂ ਮੁਤਾਬਕ ਅੰਕਿਤ ਦਾ ਬਿਆਨ ਮੀਡੀਆ ਵਿਚ ਆਉਣ ਮਗਰੋਂ ਉਹ ਨੌਕਰੀ ਗਵਾ ਚੁਕਾ ਹੈ। ਉਸ ਨੇ ਕਈ ਵਾਰ ਸੁਰੱਖਿਆ ਦੀ ਮੰਗ ਵੀ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਸ ਨੂੰ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। (ਏਜੰਸੀ)