
ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਸੀ, ਵਿਗਿਆਨੀ ਦੇਸ਼ ਨੂੰ ਜਿਸ ਉਚਾਈ 'ਤੇ ਲੈ ਕੇ ਗਏ ਹਨ, ਉਹ ਕੋਈ ਆਮ ਸਫ਼ਲਤਾ ਨਹੀਂ ਹੈ
'ਸ਼ਿਵਸ਼ਕਤੀ ਪੁਆਇੰਟ' ਹੋਵੇਗਾ ਉਸ ਜਗ੍ਹਾ ਦਾ ਨਾਂਅ ਜਿੱਥੇ ਉਤਰਿਆ ਸੀ ਚੰਦਰਯਾਨ-3
- ਚੰਦਰਯਾਨ-2 ਵਾਲੀ ਜਗ੍ਹਾ ਨੂੰ ਦਿੱਤਾ 'ਤਿਰੰਗਾ ਪੁਆਇੰਟ' ਦਾ ਨਾਂਅ
- ਹਰ ਸਾਲ 23 ਅਗਸਤ ਨੂੰ ਮਨਾਇਆ ਜਾਵੇਗਾ 'ਰਾਸ਼ਟਰੀ ਪੁਲਾੜ ਦਿਵਸ'
ਬੈਂਗਲੁਰੂ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਸਵੇਰੇ 7.30 ਵਜੇ ਅਚਾਨਕ ਗ੍ਰੀਸ ਤੋਂ ਬੈਂਗਲੁਰੂ 'ਚ ਇਸਰੋ ਦੇ ਕਮਾਂਡ ਸੈਂਟਰ ਪਹੁੰਚੇ। ਇੱਥੇ ਉਹਨਾਂ ਨੇ ਚੰਦਰਯਾਨ-3 ਟੀਮ ਦੇ ਵਿਗਿਆਨੀਆਂ ਨਾਲ ਮੁਲਾਕਾਤ ਕੀਤੀ ਤੇ ਟੀਮ ਦੇ ਸਾਰੇ ਵਿਗਿਆਨੀਆਂ ਨਾਲ ਗਰੁੱਪ ਫੋਟੋ ਵੀ ਖਿਚਵਾਈ। ਇਸਰੋ ਦੇ ਮੁਖੀ ਐਸ ਸੋਮਨਾਥ ਨੇ ਇਸਰੋ ਕਮਾਂਡ ਸੈਂਟਰ ਵਿਚ ਪ੍ਰਧਾਨ ਮੰਤਰੀ ਮੋਦੀ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਸੋਮਨਾਥ ਨੂੰ ਜੱਫੀ ਪਾਈ ਅਤੇ ਪਿੱਠ ਥਾਪੜੀ ਅਤੇ ਚੰਦਰਯਾਨ 3 ਮਿਸ਼ਨ ਦੇ ਸਫ਼ਲ ਹੋਣ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਵਿਗਿਆਨੀਆਂ ਨਾਲ ਗੱਲ ਕਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥੋੜ੍ਹਾ ਭਾਵੁਕ ਵੀ ਹੋ ਗਏ। ਇਸ ਮੌਕੇ ਉਨ੍ਹਾਂ ਕਿਹਾ ਕਿ 'ਮੈਂ ਦੱਖਣੀ ਅਫ਼ਰੀਕਾ 'ਚ ਸੀ, ਫਿਰ ਗ੍ਰੀਸ 'ਚ ਪ੍ਰੋਗਰਾਮ ਹੋ ਰਿਹਾ ਸੀ ਉੱਥੇ ਚਲਾ ਗਿਆ ਪਰ ਮੇਰਾ ਮਨ ਪੂਰੀ ਤਰ੍ਹਾਂ ਨਾਲ ਤੁਹਾਡੇ ਨਾਲ ਹੀ ਸੀ ਪਰ ਕਈ ਵਾਰ ਲੱਗਦਾ ਹੈ ਕਿ ਮੈਂ ਤੁਹਾਡੇ ਨਾਲ ਬੇਇਨਸਾਫ਼ੀ ਕਰ ਦਿੰਦਾ ਹਾਂ। ਬੇਸਬਰੀ ਮੇਰੀ ਅਤੇ ਮੁਸੀਬਤ ਤੁਹਾਡੀ। ਮੇਰਾ ਮਨ ਕਰ ਰਿਹਾ ਸੀ ਕਿ ਮੈਂ ਤੁਹਾਨੂੰ ਨਮਨ ਕਰਾਂ, ਪਰ ਮੈਂ ਭਾਰਤੀ ਵਿਚ ਆ ਕੇ ਜਲਦ ਤੋਂ ਜਲਦ ਤੁਹਾਨੂੰ ਨਮਨ ਕਰਨਾ ਚਾਹੁੰਦਾ ਸੀ।
ਪੀਐੱਮ ਮੋਦੀ ਨੇ ਕਿਹਾ, 'ਮੈਂ ਤੁਹਾਨੂੰ ਸਲਾਮ ਕਰਨਾ ਚਾਹੁੰਦਾ ਸੀ। ਤੁਹਾਡੀ ਮਿਹਨਤ ਨੂੰ ਸਲਾਮ… ਤੁਹਾਡੇ ਸਬਰ ਨੂੰ ਸਲਾਮ… ਤੁਹਾਡੇ ਜਨੂੰਨ ਨੂੰ ਸਲਾਮ… ਤੁਹਾਡੇ ਜੋਸ਼ ਨੂੰ ਸਲਾਮ। ਮੋਦੀ ਨੇ ਕਿਹਾ ਕਿ ਚੰਦਰਮਾ ਦੇ ਜਿਸ ਹਿੱਸੇ 'ਤੇ ਚੰਦਰਯਾਨ-3 ਛੂਹਿਆ ਹੈ, ਉਸ ਬਿੰਦੂ ਨੂੰ ਅੱਜ ਤੋਂ ਸ਼ਿਵਸ਼ਕਤੀ ਵਜੋਂ ਜਾਣਿਆ ਜਾਵੇਗਾ। ਪੀਐੱਮ ਮੋਦੀ ਨੇ ਕਿਹਾ ਕਿ ਚੰਦਰਯਾਨ-2 ਵਾਲੀ ਜਗ੍ਹਾ ਨੂੰ 'ਤਿਰੰਗਾ ਪੁਆਇੰਟ' ਕਿਹਾ ਜਾਵੇਗਾ ਤੇ ਨਾਲ ਹੀ ਹਰ ਸਾਲ ਹੁਣ 23 ਅਗਸਤ ਨੂੰ 'ਰਾਸ਼ਟਰੀ ਪੁਲਾੜ ਦਿਵਸ' ਮਨਾਇਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਕਹੀਆਂ ਇਹ ਗੱਲਾਂ
- ਤੁਸੀਂ ਦੇਸ਼ ਨੂੰ ਜਿਸ ਉਚਾਈ 'ਤੇ ਪਹੁੰਚਾਇਆ ਹੈ, ਉਹ ਕੋਈ ਆਮ ਸਫ਼ਲਤਾ ਨਹੀਂ ਹੈ। ਅਨੰਤ ਪੁਲਾੜ ਵਿਚ ਭਾਰਤ ਦੀ ਵਿਗਿਆਨਕ ਸ਼ਕਤੀ ਦਾ ਇੱਕ ਸ਼ੰਖ ਹੈ।
- ਭਾਰਤ ਚੰਨ 'ਤੇ ਹੈ, ਚੰਦ 'ਤੇ ਸਾਡਾ ਰਾਸ਼ਟਰੀ ਮਾਣ ਹੈ। ਅਸੀਂ ਉੱਥੇ ਪਹੁੰਚ ਗਏ ਜਿੱਥੇ ਕੋਈ ਨਹੀਂ ਗਿਆ। ਅਸੀਂ ਉਹ ਕੀਤਾ ਜੋ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਸੀ। ਇਹ ਹੈ ਅੱਜ ਦਾ ਭਾਰਤ, ਨਿਡਰ ਭਾਰਤ, ਲੜਦਾ ਭਾਰਤ। ਇਹ ਉਹ ਭਾਰਤ ਹੈ ਜੋ ਨਵਾਂ ਸੋਚਦਾ ਹੈ ਅਤੇ ਨਵੇਂ ਤਰੀਕੇ ਨਾਲ ਸੋਚਦਾ ਹੈ। ਜੋ ਹਨੇਰੇ ਵਿਚ ਜਾ ਕੇ ਵੀ ਦੁਨੀਆਂ ਵਿਚ ਰੌਸ਼ਨੀ ਦੀ ਕਿਰਨ ਫੈਲਾਉਂਦਾ ਹੈ।
21ਵੀਂ ਸਦੀ ਵਿਚ ਇਹ ਭਾਰਤ ਦੁਨੀਆ ਦੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਦਾ ਹੱਲ ਕਰੇਗਾ। ਮੇਰੀਆਂ ਅੱਖਾਂ ਦੇ ਸਾਹਮਣੇ 23 ਅਗਸਤ ਦਾ ਉਹ ਦਿਨ, ਹਰ ਸਕਿੰਟ ਵਾਰ-ਵਾਰ ਰਿਪਲੇਅ ਹੋ ਰਿਹਾ ਹੈ, ਜਦੋਂ ਟੱਚਡਾਊਨ ਪੱਕਾ ਹੋ ਗਿਆ ਸੀ। ਦੇਸ਼ ਵਿਚ ਜਿਸ ਤਰ੍ਹਾਂ ਲੋਕਾਂ ਨੇ ਚੰਦਰਯਨ ਦੀ ਸਫ਼ਲਤਾ 'ਤੇ ਛਲਾਂਗ ਲਗਾਈ, ਉਸ ਦ੍ਰਿਸ਼ ਨੂੰ ਕੌਣ ਭੁੱਲ ਸਕਦਾ ਹੈ। ਉਹ ਪਲ ਅਮਰ ਹੋ ਗਿਆ। ਉਹ ਪਲ ਇਸ ਸਦੀ ਦੇ ਪ੍ਰੇਰਨਾਦਾਇਕ ਪਲਾਂ ਵਿਚੋਂ ਇੱਕ ਹੈ। ਹਰ ਭਾਰਤੀ ਨੂੰ ਲੱਗਿਆ ਕਿ ਇਹ ਜਿੱਤ ਉਸ ਦੀ ਆਪਣੀ ਹੈ।
ਹਰ ਭਾਰਤੀ ਨੇ ਇੱਕ ਵੱਡੀ ਪ੍ਰੀਖਿਆ ਨੂੰ ਪਾਸ ਕੀਤਾ ਹੈ। ਤੁਸੀਂ ਸਾਰਿਆਂ ਨੇ ਇਹ ਸਭ ਸੰਭਵ ਕੀਤਾ ਹੈ। ਮੇਰੇ ਦੇਸ਼ ਦੇ ਵਿਗਿਆਨੀਆਂ ਨੇ ਇਹ ਸੰਭਵ ਕੀਤਾ ਹੈ। ਜਿੰਨੀ ਤਾਰੀਫ਼ ਮੈਂ ਆਪ ਸਭ ਦੀ ਕਰਾਂ, ਘੱਟ ਹੈ। ਦੋਸਤੋ, ਮੈਂ ਉਹ ਫੋਟੋ ਦੇਖੀ ਹੈ ਜਿਸ ਵਿਚ ਸਾਡੇ ਚੰਦਰਮਾ ਲੈਂਡਰ ਨੇ ਅੰਗਦ ਵਾਂਗ ਚੰਦਰਮਾ 'ਤੇ ਆਪਣੇ ਪੈਰ ਮਜ਼ਬੂਤੀ ਨਾਲ ਰੱਖੇ ਹਨ।
ਇੱਕ ਪਾਸੇ ਵਿਕਰਮ ਦੀ ਆਸਥਾ ਹੈ ਅਤੇ ਦੂਜੇ ਪਾਸੇ ਵਿਗਿਆਨ ਦੀ ਤਾਕਤ ਹੈ। ਸਾਡੀ ਬੁੱਧੀ ਚੰਦਰਮਾ 'ਤੇ ਆਪਣੇ ਪੈਰਾਂ ਦੇ ਨਿਸ਼ਾਨ ਛੱਡ ਰਹੀ ਹੈ। ਧਰਤੀ ਦੇ ਕਰੋੜਾਂ ਸਾਲਾਂ ਦੇ ਇਤਿਹਾਸ ਵਿਚ ਮਨੁੱਖੀ ਸੱਭਿਅਤਾ ਵਿਚ ਪਹਿਲੀ ਵਾਰ ਮਨੁੱਖ ਉਸ ਸਥਾਨ ਦੀ ਤਸਵੀਰ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਹੈ। ਇਹ ਤਸਵੀਰ ਦੁਨੀਆ ਨੂੰ ਦਿਖਾਉਣ ਦਾ ਕੰਮ ਭਾਰਤ ਨੇ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਨੇ ਭਾਰਤ ਦੀ ਵਿਗਿਆਨਕ ਭਾਵਨਾ, ਸਾਡੀ ਤਕਨਾਲੋਜੀ ਨੂੰ ਸਾਡੇ ਵਿਗਿਆਨਕ ਸੁਭਾਅ ਦਾ ਲੋਹਾ ਮੰਨ ਲਿਆ ਹੈ। ਸਾਡਾ ਮਿਸ਼ਨ ਜਿਸ ਖੇਤਰ ਦੀ ਖੋਜ ਕਰੇਗਾ, ਉਹ ਸਾਰੇ ਦੇਸ਼ਾਂ ਲਈ ਚੰਦਰਮਾ ਮਿਸ਼ਨਾਂ ਲਈ ਨਵੇਂ ਰਾਹ ਖੋਲ੍ਹੇਗਾ। ਇਹ ਚੰਦ ਦੇ ਭੇਦ ਖੋਲ੍ਹ ਦੇਵੇਗਾ।
ਦੱਸ ਦਈਏ ਕਿ ਅੱਜ ਪੀਐੱਮ ਮੋਦੀ ਆਪਣਾ ਦੋ ਦੇਸ਼ਾਂ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਗ੍ਰੀਸ ਤੋਂ ਸਿੱਧੇ ਬੈਂਗਲੁਰੂ ਪਹੁੰਚੇ। ਸਵੇਰੇ 6 ਵਜੇ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ ਉਨ੍ਹਾਂ 10 ਮਿੰਟ ਤੱਕ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦਾ ਨਾਅਰਾ ਬੁਲੰਦ ਕੀਤਾ। ਇਸ ਵਿਚ ਉਨ੍ਹਾਂ ਨੇ ਜੈ ਅਨੁਸੰਧਾਨ ਦਾ ਨਾਅਰਾ ਵੀ ਲਗਾਇਆ।
ਉਹਨਾਂ ਨੇ ਕਿਹਾ, 'ਸੂਰਜ ਚੜ੍ਹਨ ਦਾ ਸਮਾਂ ਹੋਵੇ ਅਤੇ ਬੈਂਗਲੁਰੂ ਦੇ ਨਜ਼ਾਰਾ ਹੋਵੇ, ਜਦੋਂ ਦੇਸ਼ ਦੇ ਵਿਗਿਆਨੀ ਦੇਸ਼ ਨੂੰ ਇੰਨਾ ਵੱਡਾ ਤੋਹਫਾ ਦਿੰਦੇ ਹਨ, ਇੰਨੀ ਵੱਡੀ ਉਪਲਬਧੀ ਹਾਸਲ ਕਰਵਾਉਂਦੇ ਹਨ, ਉਹ ਨਜ਼ਾਰਾ ਜੋ ਮੈਂ ਬੈਂਗਲੁਰੂ 'ਚ ਦੇਖਦਾ ਹਾਂ। ਗ੍ਰੀਸ ਅਤੇ ਦੱਖਣੀ ਅਫਰੀਕਾ ਵਿਚ ਵੀ ਦੇਖਣ ਨੂੰ ਮਿਲਿਆ। ਤੁਸੀਂ ਸਵੇਰੇ ਸਵੇਰੇ ਆਏ ਹੋ, ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ। ਮੈਂ ਵਿਦੇਸ਼ ਗਿਆ ਸੀ। ਇਸ ਲਈ ਮੈਂ ਸੋਚਿਆ ਸੀ ਕਿ ਪਹਿਲਾਂ ਮੈਂ ਇੰਡੀਆ ਜਾਵਾਂਗਾ, ਫਿਰ ਪਹਿਲਾਂ ਬੰਗਲੌਰ ਜਾਵਾਂਗਾ। ਸਭ ਤੋਂ ਪਹਿਲਾਂ ਮੈਂ ਉਨ੍ਹਾਂ ਵਿਗਿਆਨੀਆਂ ਨੂੰ ਮਿਲਾਂਗਾ ਅਤੇ ਉਨ੍ਹਾਂ ਨੂੰ ਪ੍ਰਣਾਮ ਕਰਾਂਗਾ।