
51 ਸੀਟਾਂ 'ਤੇ ਚੋਣ ਲੜੇਗੀ NC, 32 ਸੀਟਾਂ 'ਤੇ ਚੋਣ ਲੜੇਗੀ ਕਾਂਗਰਸ
Jammu and Kashmir Elections: ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦਾਂ ਨੂੰ ਦੂਰ ਕਰਨ ਲਈ ਕਾਂਗਰਸ ਦੇ ਸੀਨੀਅਰ ਨੇਤਾਵਾਂ ਦੀ ਨੈਸ਼ਨਲ ਕਾਨਫਰੰਸ ਦੇ ਚੋਟੀ ਦੇ ਨੇਤਾਵਾਂ ਨਾਲ ਸੋਮਵਾਰ ਨੂੰ ਬੈਠਕ ਤੋਂ ਬਾਅਦ ਸਹਿਮਤੀ ਬਣ ਗਈ ਹੈ।
ਜੰਮੂ-ਕਸ਼ਮੀਰ ਦੀਆਂ ਕੁਲ 90 ਵਿਧਾਨ ਸਭਾ ਸੀਟਾਂ ’ਚੋਂ ਨੈਸ਼ਨਲ ਕਾਨਫ਼ਰੰਸ 51 ਅਤੇ ਕਾਂਗਰਸ 32 ਸੀਟਾਂ ’ਤੇ ਚੋਣ ਲੜੇਗੀ। 5 ਸੀਟਾਂ ’ਤੇ ‘ਦੋਸਤਾਨਾ ਮੁਕਾਬਲਾ’ ਹੋਵੇਗਾ। ਸੀ.ਪੀ.ਐਮ. ਅਤੇ ਜੇ.ਕੇ.ਐਨ.ਪੀ.ਪੀ. ਨੂੰ 1-1 ਸੀਟ ਦਿਤੀ ਗਈ ਹੈ।
ਇਸ ਤੋਂ ਪਹਿਲਾਂ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ, ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਅਤੇ ਪ੍ਰਦੇਸ਼ ਇੰਚਾਰਜ ਭਰਤ ਸਿੰਘ ਸੋਲੰਕੀ ਨੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਅਤੇ ਉਪ ਪ੍ਰਧਾਨ ਉਮਰ ਅਬਦੁੱਲਾ ਦੇ ਘਰ ਦਾ ਦੌਰਾ ਕੀਤਾ।
ਦੋਹਾਂ ਪਾਰਟੀਆਂ ਦੇ ਨੇਤਾਵਾਂ ਨੇ ਕਿਹਾ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਸਥਾਨਕ ਨੇਤਾਵਾਂ ਵਿਚਾਲੇ ਗੱਲਬਾਤ ਵਿਚ ਕੁੱਝ ਮਤਭੇਦ ਸਾਹਮਣੇ ਆਉਣ ਤੋਂ ਬਾਅਦ ਇਹ ਬੈਠਕ ਹੋਈ। ਨੇਤਾਵਾਂ ਨੇ ਕਿਹਾ ਕਿ ਦੋਹਾਂ ਪਾਰਟੀਆਂ ਦੇ ਨੇਤਾ ਸੀਟਾਂ ਦੀ ਵੰਡ ਦੇ ਫਾਰਮੂਲੇ ’ਤੇ ਕਾਫ਼ੀ ਹੱਦ ਤਕ ਸਹਿਮਤ ਹੋ ਗਏ ਹਨ।
90 ਮੈਂਬਰੀ ਜੰਮੂ-ਕਸ਼ਮੀਰ ਵਿਧਾਨ ਸਭਾ ਲਈ ਤਿੰਨ ਪੜਾਵਾਂ ’ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਚੋਣਾਂ ਹੋਣਗੀਆਂ। ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ।