
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਸ ਦਿਨਾਂ ਦੇ ਅੰਦਰ ਹੀ ਦੂਸਰੀ ਵਾਰ ਮੱਧ ਪ੍ਰਦੇਸ਼ ਦੇ ਦੌਰੇ 'ਤੇ ਵੀਰਵਾਰ ਨੂੰ ਪਹੁੰਚ ਰਹੇ ਹਨ।
ਮੱਧ ਪ੍ਰਦੇਸ਼ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਸ ਦਿਨਾਂ ਦੇ ਅੰਦਰ ਹੀ ਦੂਸਰੀ ਵਾਰ ਮੱਧ ਪ੍ਰਦੇਸ਼ ਦੇ ਦੌਰੇ 'ਤੇ ਵੀਰਵਾਰ ਨੂੰ ਪਹੁੰਚ ਰਹੇ ਹਨ। ਇਸ ਵਾਰ ਰਾਹੁਲ ਚਿਤਰਕੂਟ ਵਿਖੇ ਕਾਮਤਾਨਾਥ ਮੰਦਰ ਵਿਚ ਜਾ ਕੇ ਪੂਜਾ ਕਰਨਗੇ ਅਤੇ ਨਾਲ ਹੀ ਰੀਵਾ ਅਤੇ ਸਤਨਾ ਵਿਚ ਹੋਣ ਵਾਲੇ ਰੋਡ ਸ਼ੋਅ ਵੀ ਕਰਨਗੇ। ਦਸ ਦਿਤਾ ਜਾਵੇ ਕਿ ਸ਼ਰਾਧਾਂ ਦੇ ਦਿਨਾਂ ਵਿੱਚ ਚਿਤਰਕੂਟ ਵਿਚ ਪੂਜਾ ਕਰਨ ਦਾ ਖਾਸ ਮਹੱਤਵ ਹੈ। ਕਿਹਾ ਜਾਂਦਾ ਹੈ ਕਿ ਭਗਵਾਨ ਰਾਮ ਨੇ ਆਪਣੇ ਪਿਤਾ ਦਸਰਥ ਦੇ ਲਈ ਚਿਤਰਕੂਟ ਵਿਚ ਹੀ ਸ਼ਰਾਧ ਕੀਤਾ ਸੀ।
ਇਸ ਵਾਰ ਸ਼ਰਾਧ 25 ਸਤੰਬਰ ਤੋਂ ਸ਼ੁਰੂ ਹੋਏ ਹਨ। ਭਗਵਾਨ ਰਾਮ ਨੇ 14 ਸਾਲ ਦੇ ਬਨਵਾਸ ਦੌਰਾਨ ਪਤਨੀ ਸੀਤਾ ਅਤੇ ਭਰਾ ਲਛਮਣ ਦੇ ਨਾਲ ਜਿਆਦਾਤਰ ਸਮਾਂ ਚਿਤਰਕੂਟ ਵਿਚ ਹੀ ਬਿਤਾਇਆ ਸੀ। ਅਜਿਹੇ ਵਿਚ ਰਾਹੁਲ ਗਾਂਧੀ ਦੇ ਚਿਤਰਕੂਟ ਪਹੁੰਚਣ ਅਤੇ ਕਾਮਤਾਨਾਥ ਮੰਦਰ ਵਿਚ ਪੂਜਾ ਕਰਨ ਦੇ ਸਿਆਸੀ ਮਤਲਬ ਕੱਢੇ ਜਾਣ ਲੱਗੇ ਹਨ। ਕਾਂਗਰਸ ਨੇ ਮੱਧ ਪ੍ਰਦੇਸ਼ ਵਿੱਚ ਰਾਮ ਬਨ ਗਮਨ ਪਥ ਯਾਤਰਾ ਸ਼ੁਰੂ ਕੀਤੀ ਹੈ। ਭਗਵਾਨ ਰਾਮ 14 ਸਾਲਾਂ ਦੇ ਬਨਵਾਸ ਦੌਰਾਨ ਮੱਧ ਪ੍ਰਦੇਸ਼ ਵਿਚੋਂ ਜਿਸ ਰਾਸਤੇ ਤੋਂ ਗੁਜ਼ਰੇ ਸਨ, ਉਸਨੂੰ ਰਾਮ ਬਨ ਗਮਨ ਪਥ ਕਿਹਾ ਜਾਂਦਾ ਹੈ।
ਇਸਦੀ ਸ਼ੁਰੂਆਤ ਚਿਤਰਕੂਟ ਤੋਂ ਭਗਵਾਨ ਰਾਮ ਨੇ ਕੀਤੀ ਸੀ। ਕਾਂਗਰਸ ਪ੍ਰਧਾਨ ਵੀਰਵਾਰ ਨੂੰ ਦੋ ਦਿਨਾਂ ਦੌਰੇ ਤੇ ਮੱਧ ਪ੍ਰਦੇਸ਼ ਪਹੁੰਚਣਗੇ। ਇਸ ਦੌਰਾਨ ਉਹ ਰੀਵਾ ਅਤੇ ਸਤਨਾ ਵਿਖੇ ਰੋਡ ਸ਼ੋਅ ਵਿਚ ਵੀ ਹਿੱਸਾ ਲੈਣਗੇ। ਰਾਹੁਲ ਗਾਂਧੀ 27 ਸਤੰਬਰ ਨੂੰ ਰੀਵਾ ਪੁਜਣਗੇ ਅਤੇ ਰਾਤ ਰੀਵਾ ਵਿਖੇ ਬਿਤਾਉਣ ਉਪਰੰਤ ਅਗਲੀ ਸਵੇਰ ਸਤਨਾ ਦੇ ਲਈ ਰਵਾਨਾ ਹੋਣਗੇ ਅਤੇ 28 ਸਤੰਬਰ ਨੂੰ ਸਤਨਾ ਵਿਚ ਹੀ ਰਹਿਣਗੇ।