
ਵਾਡਰਾ ਵਿਰੁਧ ਲੰਦਨ ਵਿਚ 17 ਕਰੋੜ ਰੁਪਏ ਦੀ ਸੰਪਤੀ ਦੀ ਖ਼ਰੀਦ ਵਿਚ ਕਾਲਾ ਧਨ ਵਰਤਣ ਦਾ ਦੋਸ਼ ਹੈ।
ਨਵੀਂ ਦਿੱਲੀ : ਇਨਫ਼ੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਉਹ ਰਾਬਰਟ ਵਾਡਰਾ ਨੂੰ ਹਿਰਾਸਤ ਵਿਚ ਲੈ ਕੇ ਉਸ ਕੋਲੋਂ ਪੁੱਛ-ਪੜਤਾਲ ਕਰਨਾ ਚਾਹੁੰਦਾ ਹੈ ਕਿਉਂਕਿ ਕਾਲਾ ਧਨ ਮਾਮਲੇ ਵਿਚ ਪੈਸੇ ਦੇ ਲੈਣ-ਦੇਣ ਦੀਆਂ ਕੜੀਆਂ ਨਾਲ ਉਨ੍ਹਾਂ ਦਾ ਸਿੱਧਾ ਸਬੰਧ ਹੈ। ਈਡੀ ਨੇ ਜੱਜ ਚੰਦਰ ਸ਼ੇਖ਼ਰ ਸਾਹਮਣੇ ਕਿਹਾ ਕਿ ਕਾਂਗਰਸ ਮੁਖੀ ਸੋਨੀਆ ਗਾਂਧੀ ਦੇ ਜਵਾਈ ਵਾਡਰਾ ਮਾਮਲੇ ਦੀ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੇ। ਵਾਡਰਾ ਵਿਰੁਧ ਲੰਦਨ ਵਿਚ 17 ਕਰੋੜ ਰੁਪਏ ਦੀ ਸੰਪਤੀ ਦੀ ਖ਼ਰੀਦ ਵਿਚ ਕਾਲਾ ਧਨ ਵਰਤਣ ਦਾ ਦੋਸ਼ ਹੈ।
Enforcement Directorate
ਏਜੰਸੀ ਦੇ ਵਕੀਲ ਨੇ ਕਿਹਾ, 'ਸਾਨੂੰ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ-ਪੜਤਾਲ ਕਰਨ ਦੀ ਲੋੜ ਹੈ ਕਿਉਂਕਿ ਧਨ ਦੇ ਲੈਣ-ਦੇਣ ਦੀ ਕੜੀ ਦਾ ਸਿੱਧਾ ਸਬੰਧ ਉਨ੍ਹਾਂ ਨਾਲ ਹੈ।' ਵਾਡਰਾ ਦੇ ਵਕੀਲ ਨੇ ਈਡੀ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਏਜੰਸੀ ਜਦ ਕਦੇ ਉਨ੍ਹਾਂ ਦੇ ਮੁਵੱਕਲ ਨੂੰ ਬੁਲਾਉਂਦੀ ਹੈ ਤਾਂ ਉਹ ਉਸ ਦੇ ਸਾਹਮਣੇ ਪੇਸ਼ ਹੁੰਦੇ ਹਨ ਅਤੇ ਉਸ ਨੂੰ ਜਾਂਚ ਵਿਚ ਪੂਰਾ ਸਹਿਯੋਗ ਦਿੰਦੇ ਹਨ। ਵਕੀਲ ਨੇ ਇਹ ਵੀ ਕਿਹਾ ਕਿ ਈਡੀ ਨੇ ਜਿਹੜੇ ਸਵਾਲ ਕੀਤੇ, ਉਨ੍ਹਾਂ ਦਾ ਜਵਾਬ ਦਿਤਾ ਗਿਆ ਅਤੇ ਉਨ੍ਹਾਂ ਵਿਰੁਧ ਲਾਏ ਗਏ ਦੋਸ਼ਾਂ ਨੂੰ ਪ੍ਰਵਾਨ ਨਾ ਕਰਨ ਦਾ ਇਹ ਮਤਲਬ ਨਹੀਂ ਕਿ ਉਹ ਸਹਿਯੋਗ ਨਹੀਂ ਕਰ ਰਹੇ।
Robert Vadra
ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਮਾਮਲੇ 'ਤੇ ਅੰਤਮ ਬਹਿਸ ਲਈ ਪੰਜ ਨਵੰਬਰ ਦੀ ਤਰੀਕ ਤੈਅ ਕੀਤੀ। ਹੇਠਲੀ ਅਦਾਲਤ ਨੇ ਵਾਡਰਾ ਨੂੰ ਅਗਾਊਂ ਜ਼ਮਾਨਤ ਦੇ ਦਿਤੀ ਸੀ ਜਿਸ ਨੂੰ ਈਡੀ ਨੇ ਹਾਈ ਕੋਰਟ ਵਿਚ ਚੁਨੌਤੀ ਦਿਤੀ ਹੈ। ਵਾਡਰਾ ਨੇ ਅਦਾਲਤ ਵਿਚ ਈਡੀ ਦੀ ਪਟੀਸ਼ਨ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਅਜਿਹੀ ਇਕ ਵੀ ਮਿਸਾਲ ਨਹੀਂ ਜਦ ਉਨ੍ਹਾਂ ਜਾਂਚ ਵਿਚ ਸਹਿਯੋਗ ਨਹੀਂ ਕੀਤਾ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦਾ ਵੀ ਕੋਈ ਡਰ ਨਹੀਂ ਕਿਉਂਕਿ ਈਡੀ ਉਨ੍ਹਾਂ ਕੋਲੋਂ ਮਾਮਲੇ ਨਾਲ ਸਬੰਧਤ ਸਾਰੇ ਦਸਤਾਵੇਜ਼ ਜ਼ਬਤ ਕਰ ਚੁੱਕੀ ਹੈ।