
ਆਦਿਵਾਸੀ ਭਰਾਵਾਂ ਅਤੇ ਭੈਣਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ - ਰਾਸ਼ਟਰਪਤੀ
ਭਿਲਾਈ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਆਦਿਵਾਸੀ ਭਾਈਚਾਰਿਆਂ ਨੂੰ ਕੁਦਰਤ ਨਾਲ ਸਦਭਾਵਨਾ ਨਾਲ ਰਹਿਣਾ ਸਿੱਖਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਆਦਿਵਾਸੀ ਭਰਾਵਾਂ ਅਤੇ ਭੈਣਾਂ ਦੀ ਸਰਗਰਮ ਸ਼ਮੂਲੀਅਤ ਤੋਂ ਬਿਨਾਂ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ।
ਛੱਤੀਸਗੜ੍ਹ ਦੇ ਦੁਰਗ ਜ਼ਿਲ੍ਹੇ ’ਚ ਸਨਿਚਰਵਾਰ ਨੂੰ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (ਆਈ.ਆਈ.ਟੀ.-ਭਿਲਾਈ) ਦੀ ਤੀਜੀ ਅਤੇ ਚੌਥੀ ਸਾਂਝੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਟੈਕਨੋਲੋਜੀ ਰਾਹੀਂ ਆਦਿਵਾਸੀ ਭਾਈਚਾਰੇ ਦੇ ਮੁੱਦਿਆਂ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਲਈ ਸੰਸਥਾ ਦੇ ਯਤਨਾਂ ਦੀ ਸ਼ਲਾਘਾ ਕੀਤੀ।
ਰਾਸ਼ਟਰਪਤੀ ਨੇ ਕਿਹਾ, ‘‘ਛੱਤੀਸਗੜ੍ਹ ਆਦਿਵਾਸੀ ਸਭਿਆਚਾਰ ਅਤੇ ਪਰੰਪਰਾਵਾਂ ਨਾਲ ਭਰਪੂਰ ਹੈ। ਆਦਿਵਾਸੀ ਸਮਾਜ ਦੇ ਲੋਕ ਕੁਦਰਤ ਨੂੰ ਨੇੜਿਉਂ ਸਮਝਦੇ ਹਨ ਅਤੇ ਸਦੀਆਂ ਤੋਂ ਵਾਤਾਵਰਣ ਨਾਲ ਤਾਲਮੇਲ ’ਚ ਰਹਿ ਰਹੇ ਹਨ। ਆਦਿਵਾਸੀ ਭੈਣ-ਭਰਾ ਕੁਦਰਤੀ ਜੀਵਨਸ਼ੈਲੀ ਰਾਹੀਂ ਇਕੱਠੇ ਕੀਤੇ ਗਿਆਨ ਦਾ ਭੰਡਾਰ ਹਨ। ਉਨ੍ਹਾਂ ਨੂੰ ਸਮਝ ਕੇ ਅਤੇ ਉਨ੍ਹਾਂ ਦੀ ਜੀਵਨਸ਼ੈਲੀ ਤੋਂ ਸਿੱਖ ਕੇ ਅਸੀਂ ਭਾਰਤ ਦੇ ਟਿਕਾਊ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਾਂ।’’
ਉਨ੍ਹਾਂ ਕਿਹਾ, ‘‘ਦੇਸ਼ ਦਾ ਸਮੁੱਚਾ ਵਿਕਾਸ ਤਾਂ ਹੀ ਸੰਭਵ ਹੈ ਜਦੋਂ ਸਾਡੇ ਆਦਿਵਾਸੀ ਭਰਾਵਾਂ ਅਤੇ ਭੈਣਾਂ ਦੀ ਇਸ ’ਚ ਸਰਗਰਮ ਭਾਗੀਦਾਰੀ ਹੋਵੇ। ਇਹ ਸ਼ਲਾਘਾਯੋਗ ਹੈ ਕਿ ਆਈ.ਆਈ.ਟੀ. ਭਿਲਾਈ ਆਦਿਵਾਸੀ ਸਮਾਜ ਦੀ ਤਰੱਕੀ ਲਈ ਤਕਨੀਕੀ ਖੇਤਰ ’ਚ ਵਿਸ਼ੇਸ਼ ਯਤਨ ਕਰ ਰਿਹਾ ਹੈ।’’