
ਪਾਰਟੀ ’ਚੋਂ ਕੱਢ ਕੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ
ਇੰਦੌਰ: ਸਨਿਚਰਵਾਰ ਨੂੰ ਕੁੱਝ ਸਿੱਖਾਂ ਨੇ ਇੰਦੌਰ ਸਥਿਤ ਪੁਲਿਸ ਕਮਿਸ਼ਨਰ ਦੇ ਦਫ਼ਤਰ ਪਹੁੰਚ ਕੇ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਇਕ ਆਗੂ ਨੇ ਸਿੱਖਾਂ ਦੀ ਦਸਤਾਰ ਬਾਰੇ ਇਤਰਾਜ਼ਯੋਗ ਟਿਪਣੀ ਕੀਤੀ ਹੈ। ਮੰਗ ਪੱਤਰ ’ਚ ਕਿਹਾ ਗਿਆ ਹੈ ਕਿ 23 ਅਕਤੂਬਰ ਨੂੰ ਕਾਨਫਰੰਸ ਕਾਲ ’ਚ ਕਪਿਲ ਗੋਇਲ ਨੇ ਸੁਸਾਇਟੀ ਦੇ ਇਕ ਵਿਅਕਤੀ ਕੁਲਦੀਪ ਸਿੰਘ ਨੂੰ ਕਿਹਾ ਸੀ ਕਿ ਦਸਤਾਰ ਪਹਿਨਣ ਤੋਂ ਬਾਅਦ ਦਿਮਾਗ ਕੰਮ ਨਹੀਂ ਕਰਦਾ।
ਇਸ ਮਾਮਲੇ ’ਚ ਪੁਲਿਸ ਨੇ ਕਪਿਲ ਗੋਇਲ ਅਤੇ ਚੰਦਰਮੁਲ ਚੰਦਵਾਨੀ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 296 ਅਤੇ 251 ਅਤੇ 2 ਦੇ ਨਵੇਂ ਕਾਨੂੰਨ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ। ਪਰ ਇਹ ਮਾਮਲਾ ਸਿੱਖਾਂ ਦੀ ਦਸਤਾਰ ਨਾਲ ਜੁੜਿਆ ਹੋਣ ਕਾਰਨ ਪੀੜਤ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਸ਼ੁਕਰਵਾਰ ਨੂੰ ਵੀ ਡੀ.ਸੀ.ਪੀ. ਦਫ਼ਤਰ ’ਚ ਸ਼ਿਕਾਇਤ ਦਰਜ ਕਰਵਾਈ ਗਈ ਸੀ
ਸ਼ੁਕਰਵਾਰ ਨੂੰ ਕੁਲਦੀਪ ਸਿੰਘ ਨੇ ਹਾਈ ਕੋਰਟ ਦੇ ਵਕੀਲ ਕ੍ਰਿਸ਼ਨ ਕੁਮਾਰ ਕੁਨਹਰੇ ਅਤੇ ਡਾ. ਰੁਪਾਲੀ ਰਾਠੌਰ ਵਾਸੀ ਹਾਊਸਿੰਗ ਬੋਰਡ ਕਲੋਨੀ ਡੀ.ਸੀ.ਪੀ. ਦਫ਼ਤਰ ਪਹੁੰਚੇ ਅਤੇ ਕਪਿਲ ਗੋਇਲ ਅਤੇ ਚੰਦਰਮੁਲ ਚੰਦਵਾਨੀ ਨਾਲ ਹੋਈ ਗੱਲਬਾਤ ਦੀ ਆਡੀਓ ਰੀਕਾਰਡਿੰਗ ਸੌਂਪੀ। ਜਿਸ ਤੋਂ ਬਾਅਦ ਪੁਲਿਸ ਨੇ ਧਾਰਾ 299 ਵੀ ਲਗਾ ਦਿਤੀ ਹੈ।
ਕੁਲਦੀਪ ਸਿੰਘ ਨੇ ਦਸਿਆ, ‘‘ਮੈਂ ਅਗੱਸਤ ’ਚ ਚੰਦਵਾਨੀ ਕੋਲ ਨੌਕਰੀ ਲਈ ਅਰਜ਼ੀ ਦਿਤੀ ਸੀ। ਇਸ ਤੋਂ ਬਾਅਦ, ਉਸ ਨੂੰ ਕਲੱਬ ਲਈ ਰੱਖ ਲਿਆ ਗਿਆ। ਕਿਸੇ ਕਾਰਨ ਕਰ ਕੇ ਕਲੱਬ ਸ਼ੁਰੂ ਨਹੀਂ ਹੋ ਸਕਿਆ। ਫਿਰ ਉਸ ਨੇ ਮੈਨੂੰ ਕਿਤੇ ਹੋਰ ਨੌਕਰੀ ਕਰਨ ਲਈ ਕਿਹਾ। ਜਦੋਂ ਮੈਂ ਅਪਣੇ ਕੰਮ ਦੀ ਤਨਖਾਹ ਮੰਗੀ ਤਾਂ ਉਹ ਨਾਂਹ-ਨੁੱਕਰ ਕਰਨ ਲੱਗੇ। ਇਸ ਤੋਂ ਬਾਅਦ ਕਪਿਲ ਗੋਇਲ ਨਾਂ ਦੇ ਵਿਅਕਤੀ ਨੇ ਫੋਨ ਕਰ ਕੇ ਧਮਕੀ ਦਿਤੀ। ਫਿਰ ਜਦੋਂ ਕਪਿਲ ਗੋਇਲ ਨੇ ਮੈਨੂੰ ਬੁਲਾਇਆ ਤਾਂ ਉਨ੍ਹਾਂ ਨੇ ਗੰਦੀਆਂ ਗਾਲ੍ਹਾਂ ਕੱਢੀਆਂ। ਉਸ ਨੇ ਸਿੱਖਾਂ ਦੀ ਦਸਤਾਰ ਬਾਰੇ ਵੀ ਇਤਰਾਜ਼ਯੋਗ ਟਿਪਣੀਆਂ ਕੀਤੀਆਂ। ਉਨ੍ਹਾਂ ਕਿਹਾ ਕਿ ਸਿਰ ’ਤੇ ਪੱਗ ਬੰਨ੍ਹਣ ਨਾਲ ਦਿਮਾਗ ਕੰਮ ਨਹੀਂ ਕਰਦਾ।’’
ਕਪਿਲ ਗੋਇਲ ਅਤੇ ਚੰਦਰਮੁਲ ਚੰਦਵਾਨੀ ਪਾਰਟਨਰ ਹਨ। ਸੋਸ਼ਲ ਮੀਡੀਆ ਤੋਂ ਇਹ ਪ੍ਰਗਟਾਵਾ ਹੋਇਆ ਹੈ ਕਿ ਕਪਿਲ ਗੋਇਲ ਨੂੰ ਪ੍ਰਾਪਰਟੀ ਬਿਜ਼ਨੈੱਸਮੈਨ ਅਤੇ ਭਾਜਪਾ ਆਗੂ ਵੀ ਦਸਿਆ ਜਾ ਰਿਹਾ ਹੈ। ਕੁਲਦੀਪ ਨੇ ਕਿਹਾ, ‘‘ਮੈਂ ਚਾਹੁੰਦਾ ਹਾਂ ਕਿ ਅਜਿਹੇ ਲੋਕਾਂ ਨੂੰ ਪਾਰਟੀ ਤੋਂ ਕੱਢ ਦਿਤਾ ਜਾਵੇ। ਜਿਨ੍ਹਾਂ ਨੇ ਸਾਡੀਆਂ ਭਾਵਨਾਵਾਂ ਨੂੰ ਢਾਹ ਲਾਈ ਹੈ। ਇਸ ਮਾਮਲੇ ’ਚ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’’