
ਕਿਹਾ, ਫ਼ੌਜ ਨੇ ‘ਬਹੁਤ ਹੀ ਸੋਚ ਤੋਂ ਪਰੇ’ ਹਾਲਾਤ ਅਤੇ ਕੁਸ਼ਲ ਕੂਟਨੀਤੀ ਨਾਲ ਕੰਮ ਕੀਤਾ
ਪੁਣੇ : ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਗਸ਼ਤ ਲਈ ਚੀਨ ਨਾਲ ਸਫਲ ਸਮਝੌਤੇ ਦਾ ਸਿਹਰਾ ਫੌਜ ਨੂੰ ਦਿਤਾ ਹੈ, ਜਿਸ ਨੇ ‘ਬਹੁਤ ਹੀ ਸੋਚ ਤੋਂ ਪਰੇ’ ਹਾਲਾਤ ਅਤੇ ਕੁਸ਼ਲ ਕੂਟਨੀਤੀ ਨਾਲ ਕੰਮ ਕੀਤਾ।
ਇੱਥੇ ਵਿਦਿਆਰਥੀਆਂ ਨਾਲ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਜੈਸ਼ੰਕਰ ਨੇ ਕਿਹਾ ਕਿ ਸਬੰਧਾਂ ਨੂੰ ਆਮ ਬਣਾਉਣ ਵਿਚ ਅਜੇ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਵਿਸ਼ਵਾਸ ਬਹਾਲ ਕਰਨ ਅਤੇ ਮਿਲ ਕੇ ਕੰਮ ਕਰਨ ’ਚ ਸੁਭਾਵਕ ਤੌਰ ’ਤੇ ਸਮਾਂ ਲੱਗੇਗਾ। ਉਨ੍ਹਾਂ ਕਿਹਾ, ‘‘ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿ੍ਰਕਸ ਸਿਖਰ ਸੰਮੇਲਨ ਲਈ ਰੂਸ ਦੇ ਕਜ਼ਾਨ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਕੀਤੀ ਤਾਂ ਇਹ ਫੈਸਲਾ ਕੀਤਾ ਗਿਆ ਕਿ ਦੋਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀ ਅਤੇ ਕੌਮੀ ਸੁਰੱਖਿਆ ਸਲਾਹਕਾਰ ਮਿਲਣਗੇ ਅਤੇ ਵੇਖਣਗੇ ਕਿ ਅੱਗੇ ਕਿਵੇਂ ਵਧਣਾ ਹੈ।’’
ਉਨ੍ਹਾਂ ਕਿਹਾ, ‘‘ਜੇਕਰ ਅਸੀਂ ਅੱਜ ਇੱਥੇ ਤਕ ਪਹੁੰਚੇ ਹਾਂ ਤਾਂ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਅਸੀਂ ਅਪਣੇ ਵਾਅਦੇ ’ਤੇ ਕਾਇਮ ਰਹਿਣ ਅਤੇ ਅਪਣੀ ਗੱਲ ਰੱਖਣ ਲਈ ਬਹੁਤ ਦ੍ਰਿੜ ਕੋਸ਼ਿਸ਼ ਕੀਤੀ ਹੈ। ਫੌਜ ਦੇਸ਼ ਦੀ ਰੱਖਿਆ ਲਈ ਅਜਿਹੇ ਹਾਲਾਤ ’ਚ ਕੰਮ ਕਰਦੀ ਹੈ ਜਿਸ ਨੂੰ ਸੋਚਿਆ ਵੀ ਨਹੀਂ ਜਾ ਸਕਦਾ ਅਤੇ ਫੌਜ ਨੇ ਅਪਣਾ ਕੰਮ ਕੀਤਾ ਤੇ ਕੂਟਨੀਤੀ ਨੇ ਵੀ ਅਪਣਾ ਕੰਮ ਕੀਤਾ।’’
ਉਨ੍ਹਾਂ ਕਿਹਾ, ‘‘ਪਿਛਲੇ ਦਹਾਕੇ ’ਚ ਭਾਰਤ ਨੇ ਅਪਣੇ ਬੁਨਿਆਦੀ ਢਾਂਚੇ ’ਚ ਸੁਧਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਸਮੱਸਿਆ ਇਹ ਸੀ ਕਿ ਪਿਛਲੇ ਸਾਲਾਂ ’ਚ ਸਰਹੱਦ ’ਤੇ ਬੁਨਿਆਦੀ ਢਾਂਚੇ ਨੂੰ ਅਸਲ ’ਚ ਨਜ਼ਰਅੰਦਾਜ਼ ਕੀਤਾ ਗਿਆ ਸੀ।’’
ਉਨ੍ਹਾਂ ਕਿਹਾ, ‘‘ਅੱਜ ਅਸੀਂ ਇਕ ਦਹਾਕੇ ਪਹਿਲਾਂ ਦੇ ਮੁਕਾਬਲੇ ਹਰ ਸਾਲ ਪੰਜ ਗੁਣਾ ਜ਼ਿਆਦਾ ਸਰੋਤ ਪਾ ਰਹੇ ਹਾਂ, ਜਿਸ ਦੇ ਨਤੀਜੇ ਸਾਹਮਣੇ ਆ ਰਹੇ ਹਨ ਅਤੇ ਫੌਜ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਤਾਇਨਾਤ ਕਰਨ ਦੇ ਯੋਗ ਬਣਾਇਆ ਜਾ ਰਿਹਾ ਹੈ।’’
ਕੁੱਝ ਦਿਨ ਪਹਿਲਾਂ ਭਾਰਤ ਅਤੇ ਚੀਨ ਪੂਰਬੀ ਲੱਦਾਖ ’ਚ ਐਲ.ਏ.ਸੀ. ਨੇੜੇ ਫ਼ੌਜੀਆਂ ਦੀ ਵਾਪਸੀ ਅਤੇ ਗਸ਼ਤ ਨੂੰ ਲੈ ਕੇ ਇਕ ਸਮਝੌਤੇ ’ਤੇ ਪਹੁੰਚੇ ਸਨ, ਜੋ ਚਾਰ ਸਾਲ ਤੋਂ ਵੱਧ ਸਮੇਂ ਤੋਂ ਚੱਲ ਰਹੇ ਅੜਿੱਕੇ ਨੂੰ ਖਤਮ ਕਰਨ ਦੀ ਦਿਸ਼ਾ ’ਚ ਇਕ ਵੱਡੀ ਸਫਲਤਾ ਹੈ। ਜੂਨ 2020 ਵਿਚ ਗਲਵਾਨ ਘਾਟੀ ਵਿਚ ਦੋਹਾਂ ਦੇਸ਼ਾਂ ਦੇ ਫ਼ੌਜੀਆਂ ਵਿਚਾਲੇ ਭਿਆਨਕ ਝੜਪ ਤੋਂ ਬਾਅਦ ਸਬੰਧ ਤਣਾਅਪੂਰਨ ਹੋ ਗਏ ਸਨ। ਪਿਛਲੇ ਕੁੱਝ ਦਹਾਕਿਆਂ ਵਿਚ ਦੋਹਾਂ ਧਿਰਾਂ ਵਿਚਾਲੇ ਇਹ ਸੱਭ ਤੋਂ ਗੰਭੀਰ ਫੌਜੀ ਟਕਰਾਅ ਸੀ।
ਉਨ੍ਹਾਂ ਕਿਹਾ ਕਿ ਸਤੰਬਰ 2020 ਤੋਂ ਭਾਰਤ ਇਸ ਦਾ ਹੱਲ ਲੱਭਣ ਲਈ ਚੀਨ ਨਾਲ ਗੱਲਬਾਤ ਕਰ ਰਿਹਾ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਹੱਲ ਦੇ ਕਈ ਪਹਿਲੂ ਹਨ। ਉਨ੍ਹਾਂ ਕਿਹਾ ਕਿ ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਫ਼ੌਜੀਆਂ ਨੂੰ ਪਿੱਛੇ ਹਟਣਾ ਪਵੇਗਾ ਹੈ ਕਿਉਂਕਿ ਉਹ ਇਕ-ਦੂਜੇ ਦੇ ਬਹੁਤ ਨੇੜੇ ਹਨ ਅਤੇ ਕੁੱਝ ਹੋਣ ਦਾ ਖਦਸ਼ਾ ਸੀ।
ਉਨ੍ਹਾਂ ਕਿਹਾ, ‘‘ਫਿਰ ਇਕ ਵੱਡਾ ਮੁੱਦਾ ਇਹ ਹੈ ਕਿ ਤੁਸੀਂ ਸਰਹੱਦ ਦਾ ਪ੍ਰਬੰਧਨ ਕਿਵੇਂ ਕਰਦੇ ਹੋ ਅਤੇ ਸਰਹੱਦੀ ਸਮਝੌਤੇ ’ਤੇ ਗੱਲਬਾਤ ਕਿਵੇਂ ਕਰਦੇ ਹੋ। ਇਸ ਸਮੇਂ ਜੋ ਕੁੱਝ ਵੀ ਹੋ ਰਿਹਾ ਹੈ, ਉਹ ਪਹਿਲੇ ਪੜਾਅ ਨਾਲ ਸਬੰਧਤ ਹੈ, ਜੋ ਫ਼ੌਜੀਆਂ ਦੀ ਵਾਪਸੀ ਹੈ।’’
ਉਨ੍ਹਾਂ ਕਿਹਾ ਕਿ ਭਾਰਤ ਅਤੇ ਚੀਨ 2020 ਤੋਂ ਬਾਅਦ ਕੁੱਝ ਥਾਵਾਂ ’ਤੇ ਇਸ ਗੱਲ ’ਤੇ ਸਹਿਮਤ ਹੋਏ ਕਿ ਫ਼ੌਜੀ ਅਪਣੇ ਟਿਕਾਣਿਆਂ ’ਤੇ ਕਿਵੇਂ ਵਾਪਸ ਆਉਣਗੇ, ਪਰ ਇਕ ਮਹੱਤਵਪੂਰਣ ਗੱਲ ਗਸ਼ਤ ਨਾਲ ਸਬੰਧਤ ਹੈ।
ਉਨ੍ਹਾਂ ਕਿਹਾ, ‘‘ਗਸ਼ਤ ’ਤੇ ਪਾਬੰਦੀ ਲਗਾਈ ਜਾ ਰਹੀ ਹੈ ਅਤੇ ਅਸੀਂ ਪਿਛਲੇ ਦੋ ਸਾਲਾਂ ਤੋਂ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਲਈ 21 ਅਕਤੂਬਰ ਨੂੰ ਜੋ ਹੋਇਆ ਉਹ ਇਹ ਸੀ ਕਿ ਡੇਮਚੋਕ ਅਤੇ ਦੇਪਸਾਂਗ ਦੇ ਉਨ੍ਹਾਂ ਵਿਸ਼ੇਸ਼ ਖੇਤਰਾਂ ’ਚ ਅਸੀਂ ਇਕ ਸਹਿਮਤੀ ’ਤੇ ਪਹੁੰਚੇ ਕਿ ਗਸ਼ਤ ਪਹਿਲਾਂ ਵਾਂਗ ਦੁਬਾਰਾ ਸ਼ੁਰੂ ਹੋਵੇਗੀ।’’