20 ਹਜ਼ਾਰ ਅਧਿਆਪਕ ਕੰਮ ਕਰਦੇ ਹਨ ਅਜਿਹੇ ਸਕੂਲਾਂ 'ਚ
ਨਵੀਂ ਦਿੱਲੀ: ਅਧਿਕਾਰਤ ਅੰਕੜਿਆਂ ਮੁਤਾਬਕ 2024-25 ਦੇ ਅਕਾਦਮਿਕ ਸੈਸ਼ਨ ਦੌਰਾਨ ਦੇਸ਼ ਭਰ ਦੇ ਲਗਭਗ 8,000 ਸਕੂਲਾਂ ’ਚ ਦਾਖਲਾ ਸਿਫ਼ਰ ਸੀ, ਜਿਸ ’ਚ ਪਛਮੀ ਬੰਗਾਲ ’ਚ ਸੱਭ ਤੋਂ ਵੱਧ ਅਜਿਹੇ ਸਕੂਲ ਸਨ, ਇਸ ਤੋਂ ਬਾਅਦ ਤੇਲੰਗਾਨਾ ਦਾ ਨੰਬਰ ਆਉਂਦਾ ਹੈ।
ਇਨ੍ਹਾਂ ਸਕੂਲਾਂ ਵਿਚ ਕੁਲ 20,817 ਅਧਿਆਪਕ ਕੰਮ ਕਰ ਰਹੇ ਸਨ। ਪਛਮੀ ਬੰਗਾਲ ’ਚ 17,965 ਅਜਿਹੇ ਅਧਿਆਪਕ ਹਨ। ਸੂਬੇ ਵਿਚ ਸੱਭ ਤੋਂ ਵੱਧ (3,812) ਸਕੂਲ ਬਿਨਾਂ ਦਾਖਲੇ ਤੋਂ ਹਨ। ਸਿੱਖਿਆ ਮੰਤਰਾਲੇ ਦੇ ਅੰਕੜਿਆਂ ਅਨੁਸਾਰ 7993 ਸਕੂਲਾਂ ਵਿਚ ਦਾਖਲਾ ਸਿਫ਼ਰ ਸੀ, ਜੋ ਕਿ ਪਿਛਲੇ ਸਾਲ ਦੀ ਗਿਣਤੀ 12,954 ਤੋਂ 5,000 ਤੋਂ ਵੱਧ ਘੱਟ ਹੈ।
ਇਸ ਦੌਰਾਨ ਹਰਿਆਣਾ, ਮਹਾਰਾਸ਼ਟਰ, ਗੋਆ, ਅਸਾਮ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਨਾਗਾਲੈਂਡ, ਸਿੱਕਮ ਅਤੇ ਤ੍ਰਿਪੁਰਾ ਵਿਚ ਅਜਿਹਾ ਕੋਈ ਸਕੂਲ ਨਹੀਂ ਸੀ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਸਕੂਲ ਸਿੱਖਿਆ ਰਾਜ ਦਾ ਵਿਸ਼ਾ ਹੈ, ਸੂਬਿਆਂ ਨੂੰ ਸਕੂਲਾਂ ਵਿਚ ਸਿਫ਼ਰ ਦਾਖਲੇ ਦੇ ਮੁੱਦੇ ਨੂੰ ਹੱਲ ਕਰਨ ਦੀ ਸਲਾਹ ਦਿਤੀ ਗਈ ਹੈ। ਕੁੱਝ ਸੂਬਿਆਂ ਨੇ ਬੁਨਿਆਦੀ ਢਾਂਚੇ ਅਤੇ ਸਟਾਫ ਵਰਗੇ ਸਰੋਤਾਂ ਦੀ ਬਿਹਤਰੀਨ ਵਰਤੋਂ ਲਈ ਕੁੱਝ ਸਕੂਲਾਂ ਨੂੰ ਮਿਲਾ ਦਿਤਾ ਹੈ।’’
ਅੰਕੜਿਆਂ ਮੁਤਾਬਕ ਪੁਡੂਚੇਰੀ, ਲਕਸ਼ਦੀਪ, ਦਾਦਰਾ ਅਤੇ ਨਗਰ ਹਵੇਲੀ, ਅੰਡੇਮਾਨ ਅਤੇ ਨਿਕੋਬਾਰ ਟਾਪੂ, ਦਮਨ ਅਤੇ ਦੀਵ ਅਤੇ ਚੰਡੀਗੜ੍ਹ ਦੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੀ ਸਿਫ਼ਰ ਦਾਖਲੇ ਵਾਲਾ ਕੋਈ ਸਕੂਲ ਨਹੀਂ ਸੀ। ਦਿੱਲੀ ਵਿਚ ਵੀ ਸਿਫ਼ਰ ਦਾਖਲੇ ਵਾਲਾ ਕੋਈ ਸਕੂਲ ਨਹੀਂ ਸੀ।
ਤੇਲੰਗਾਨਾ (2,245) ਸਿਫ਼ਰ ਦਾਖ਼ਲੇ ਵਾਲੇ ਸਕੂਲਾਂ ਦੇ ਮਾਮਲੇ ਵਿਚ ਦੂਜੇ ਨੰਬਰ ਉਤੇ ਹੈ। 463 ਅਜਿਹੇ ਸਕੂਲਾਂ ਨਾਲ ਮੱਧ ਪ੍ਰਦੇਸ਼ ਤੀਜੇ ਨੰਬਰ ਉਤੇ ਹੈ। ਤੇਲੰਗਾਨਾ ਦੇ ਇਨ੍ਹਾਂ ਸਕੂਲਾਂ ਵਿਚ 1,016 ਅਧਿਆਪਕ ਕੰਮ ਕਰਦੇ ਸਨ, ਮੱਧ ਪ੍ਰਦੇਸ਼ ਵਿਚ 223 ਅਧਿਆਪਕ ਕੰਮ ਕਰਦੇ ਸਨ।
ਉੱਤਰ ਪ੍ਰਦੇਸ਼ ਵਿਚ ਅਜਿਹੇ 81 ਸਕੂਲ ਸਨ। ਉੱਤਰ ਪ੍ਰਦੇਸ਼ ਮਾਧਿਅਮਿਕ ਸਿੱਖਿਆ ਪ੍ਰੀਸ਼ਦ (ਯੂ.ਪੀ. ਬੋਰਡ) ਨੇ ਐਲਾਨ ਕੀਤਾ ਸੀ ਕਿ ਉਹ ਪੂਰੇ ਸੂਬੇ ਦੇ ਅਪਣੇ ਮਾਨਤਾ ਪ੍ਰਾਪਤ ਸਕੂਲਾਂ ਦੀ ਮਾਨਤਾ ਰੱਦ ਕਰਨ ਦੀ ਤਿਆਰੀ ਕਰ ਰਹੀ ਹੈ, ਜਿਨ੍ਹਾਂ ਨੇ ਪਿਛਲੇ ਤਿੰਨ ਅਕਾਦਮਿਕ ਸਾਲਾਂ ਤੋਂ ਲਗਾਤਾਰ ਕੋਈ ਵਿਦਿਆਰਥੀ ਦਾਖਲਾ ਦਰਜ ਕੀਤਾ ਹੈ।
ਦੇਸ਼ ਭਰ ਵਿਚ 33 ਲੱਖ ਤੋਂ ਵੱਧ ਵਿਦਿਆਰਥੀ 1 ਲੱਖ ਤੋਂ ਵੱਧ ਇਕ ਅਧਿਆਪਕ ਵਾਲੇ ਸਕੂਲਾਂ ਵਿਚ ਦਾਖਲ ਹਨ, ਜਿਨ੍ਹਾਂ ’ਚੋਂ ਆਂਧਰਾ ਪ੍ਰਦੇਸ਼ ਵਿਚ ਸੱਭ ਤੋਂ ਵੱਧ ਸਕੂਲ ਦਰਜ ਕੀਤੇ ਗਏ ਹਨ, ਇਸ ਤੋਂ ਬਾਅਦ ਉੱਤਰ ਪ੍ਰਦੇਸ਼, ਝਾਰਖੰਡ, ਮਹਾਰਾਸ਼ਟਰ, ਕਰਨਾਟਕ ਅਤੇ ਲਕਸ਼ਦੀਪ ਹਨ।
ਹਾਲਾਂਕਿ, ਜਦੋਂ ਇਕ ਅਧਿਆਪਕ ਵਾਲੇ ਸਕੂਲਾਂ ਵਿਚ ਵਿਦਿਆਰਥੀਆਂ ਦੇ ਦਾਖਲੇ ਦੀ ਗੱਲ ਆਉਂਦੀ ਹੈ, ਤਾਂ ਉੱਤਰ ਪ੍ਰਦੇਸ਼ ਇਸ ਸੂਚੀ ਵਿਚ ਸੱਭ ਤੋਂ ਉੱਪਰ ਹੈ, ਇਸ ਤੋਂ ਬਾਅਦ ਝਾਰਖੰਡ, ਪਛਮੀ ਬੰਗਾਲ ਅਤੇ ਮੱਧ ਪ੍ਰਦੇਸ਼ ਹਨ। ਇਕ ਅਧਿਆਪਕ ਵਾਲੇ ਸਕੂਲਾਂ ਦੀ ਗਿਣਤੀ 2022-23 ਵਿਚ 1,18,190 ਤੋਂ ਘਟ ਕੇ 2023-24 ਵਿਚ 1,10,971 ਰਹਿ ਗਈ, ਜਿਸ ਵਿਚ ਲਗਭਗ ਛੇ ਫ਼ੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ।
