ਜੱਜ ਅਮਨਦੀਪ ਸਿੰਘ ਛਾਬੜਾ ਨੇ ਪੁਲਿਸ ਕੋਲ ਸ਼ਿਕਾਇਤ ਕਰਵਾਈ ਦਰਜ
ਭੋਪਾਲ : ਮੱਧ ਪ੍ਰਦੇਸ਼ ਦੇ ਅਨੂਪਪੁਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸਿੱਖ ਜੱਜ ਅਮਨਦੀਪ ਸਿੰਘ ਛਾਬੜਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਉਨ੍ਹਾਂ ਦੀ ਰਿਹਾਇਸ਼ ’ਤੇ ਪਥਰਾਅ ਵੀ ਕੀਤਾ ਗਿਆ। ਜਿਸ ਤੋਂ ਬਾਅਦ ਜੱਜ ਦੇ ਪਰਿਵਾਰ ’ਚ ਡਰ ਦਾ ਮਾਹੌਲ ਹੈ। ਜੱਜ ਅਮਨਦੀਪ ਸਿੰਘ ਛਾਬੜਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸਿੱਖ ਜੱਜ ਅਮਨਦੀਪ ਸਿੰਘ ਛਾਬੜਾ ਦੇ ਘਰ ’ਤੇ ਅਨਜਾਣ ਵਿਅਕਤੀਆਂ ਨੇ ਪਥਰਾਅ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਪੁਲਿਸ ਸੁਪਰਡੈਂਟ ਮੋਤੀ ਉਰ ਰਹਿਮਾਨ ਨੇ ਦੱਸਿਆ ਕਿ ਇਹ ਘਟਨਾ ਜ਼ਿਲ੍ਹਾ ਦਫ਼ਤਰ ਤੋਂ ਲਗਭਗ 35 ਕਿਲੋਮੀਟਰ ਦੂਰ ਭਾਲੂਮਾੜਾ ’ਚ ਰਾਤੀਂ ਲਗਭਗ 12:30 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਜੱਜ ਛਾਬੜਾ ਨੇ ਭਾਲੂਮਾੜਾ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਆਪਣੀ ਸਰਕਾਰੀ ਰਿਹਾਇਸ਼ ’ਤੇ ਸੌਂ ਰਿਹਾ ਸੀ ਅਤੇ ਕੁੱਝ ਲੋਕਾਂ ਵੱਲੋਂ ਉਨ੍ਹਾਂ ਨੂੰ ਗਾਲ੍ਹਾਂ ਦਿੱਤੀਆਂ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਸ਼ਿਕਾਇਤ ’ਚ ਜੱਜ ਨੇ ਇਹ ਵੀ ਕਿਹਾ ਕਿ ਵਿਹੜੇ ’ਚ ਪਥਰਾਅ ਕਰਨ ਤੋਂ ਪਹਿਲਾਂ ਗੇਟ ’ਤੇ ਲੱਗੇ ਲੈਂਪ ਅਤੇ ਲੋਹੇ ਦੇ ਉਪਕਰਨਾਂ ਸਮੇਤ ਸੰਪਤੀ ਨੂੰ ਨੁਕਸਾਨ ਪਹੁੰਚਾਇਆ ਗਿਆ। ਜਦੋਂ ਉਹ ਘਰ ਤੋਂ ਬਾਹਰ ਆਏ ਤਾਂ ਹਮਲਾਵਰ ਭੱਜ ਗਏ। ਪੁਲਿਸ ਨੇ ਬੀਐਨਐਸ ਦੀ ਧਾਰਾ 224 (ਸਰਕਾਰੀ ਕਰਮਚਾਰੀ ਨੂੰ ਚੋਟ ਪਹੁੰਚਾਉਣ), 296 (ਗਾਲ੍ਹਾਂ ਕੱਢਣ), 351 (3) (ਜਾਨੋਂ ਮਾਰਨ ਦੀ ਧਮਕੀ ਦੇਣ, ਗੰਭੀਰ ਸੱਟਾਂ ਮਾਰਨ, ਸੰਪਤੀ ਨੂੰ ਨੁਕਸਾਨ ਪਹੁੰਚਾਣ) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।
