
ਅਗਲੇ ਸਾਲ ਆਮ ਚੋਣਾਂ ਤੋਂ ਪਹਿਲਾਂ ਆਇਲ ਮਾਰਕਿਟਿੰਗ ਖੇਤਰ ਦੀਆਂ ਸਰਕਾਰੀ ਕੰਪਨੀਆਂ ਨੇ ਦੇਸ਼ ਭਰ ਵਿਚ 65,000 ਦੇ ਲਗਭੱਗ...
ਨਵੀਂ ਦਿੱਲੀ (ਭਾਸ਼ਾ) : ਅਗਲੇ ਸਾਲ ਆਮ ਚੋਣਾਂ ਤੋਂ ਪਹਿਲਾਂ ਆਇਲ ਮਾਰਕਿਟਿੰਗ ਖੇਤਰ ਦੀਆਂ ਸਰਕਾਰੀ ਕੰਪਨੀਆਂ ਨੇ ਦੇਸ਼ ਭਰ ਵਿਚ 65,000 ਦੇ ਲਗਭੱਗ ਨਵੇਂ ਪੈਟਰੋਲ-ਡੀਜ਼ਲ ਰੀਫ਼ਿਲਿੰਗ ਸਟੇਸ਼ਨ ਵੰਡਣ ਦਾ ਫ਼ੈਸਲਾ ਕੀਤਾ ਹੈ। ਇਹਨਾਂ ਵਿਚ ਫ਼ਿਲਹਾਲ ਵਿਧਾਨ ਸਭਾ ਚੋਣ ਪ੍ਰਕਿਰਿਆ ਦੇ ਅੰਦਰ ਚੱਲ ਰਹੇ ਸੂਬਿਆਂ ਦੀ ਲੋਕੇਸ਼ਨ ਸ਼ਾਮਿਲ ਨਹੀਂ ਹੈ। ਇਸ ਵਾਰ 10ਵੀਂ ਪਾਸ ਵੀ ਪੈਟਰੋਲ ਪੰਪ ਲਈ ਅਪਲਾਈ ਕਰ ਸਕਣਗੇ। ਇਸ ਤੋਂ ਪਹਿਲਾਂ 12ਵੀਂ ਪਾਸ ਹੀ ਪੈਟਰੋਲ ਪੰਪ ਲਈ ਅਪਲਾਈ ਕਰ ਸਕਦੇ ਸਨ।
ਇਸ ਵਾਰ ਸਿਰਫ਼ ਆਨਲਾਈਨ ਬੇਨਤੀ ਸਵੀਕਾਰ ਕੀਤੀ ਜਾਵੇਗੀ। ਇਕ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨਵੇਂ ਰੀਫ਼ਿਲਿੰਗ ਸਟੇਸ਼ਨਾਂ ਦੇ ਸ਼ੁਰੂ ਹੋਣ ਤੋਂ ਬਾਅਦ ਦੇਸ਼ ਵਿਚ ਪੈਟਰੋਲ ਪੰਪਾਂ ਦੀ ਗਿਣਤੀ ਦੁੱਗਣੀ ਹੋ ਜਾਵੇਗੀ। ਕੰਪਨੀਆਂ ਨੇ ਕਿਹਾ ਹੈ ਕਿ ਇਸ ਪੈਟਰੋਲ-ਡੀਜ਼ਲ ਰੀਫ਼ਿਲਿੰਗ ਸਟੇਸ਼ਨਾਂ ਦੀ ਵੰਡ ਸ਼ਰਤਾਂ ਵਿਚ ਇਸ ਵਾਰ ਢਿੱਲ ਦਿਤੀ ਗਈ ਹੈ। ਟੈਂਡਰ ਦੇ ਮੁਤਾਬਕ ਸਿੱਖਿਅਕ ਯੋਗਤਾ ਵਿਚ ਢੀਲ ਤੋਂ ਬਾਅਦ ਉਮੀਦਵਾਰਾਂ ਲਈ ਇਕਮਾਤਰ ਲਾਜ਼ਮੀ ਸ਼ਰਤ ਇਹ ਹੈ ਕਿ ਉਨ੍ਹਾਂ ਦੇ ਕੋਲ ਪੰਪ ਸਥਾਪਿਤ ਕਰਨ ਲਈ ਅਪਣੀ ਜ਼ਮੀਨ ਹੋਣੀ ਚਾਹੀਦੀ ਹੈ।
ਆਈਓਸੀ, ਬੀਪੀਸੀਐਲ ਅਤੇ ਐਚਪੀਸੀਐਲ ਨੇ 55,649 ਨਵੇਂ ਪੈਟਰੋਲ ਪੰਪ ਵੰਡਣ ਲਈ ਐਤਵਾਰ ਨੂੰ ਟੈਂਡਰ ਜਾਰੀ ਕੀਤਾ। ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮੀਟਡ (ਐਚਪੀਸੀਐਲ) ਦੇ ਸਟੇਟ ਲੈਵਲ ਕੋ-ਆਰਡੀਨੇਟਰ ਵਿਸ਼ਾਲ ਵਾਜਪਈ ਨੇ ਕਿਹਾ ਕਿ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤਿਲੰਗਾਨਾ ਅਤੇ ਮਿਜ਼ੋਰਮ ਵਿਚ ਅਜੇ ਵਿਧਾਨਸਭਾ ਚੋਣਾਂ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਲਈ ਇਨ੍ਹਾਂ ਸੂਬਿਆਂ ਦੀ ਲੋਕੇਸ਼ਨ ਲਈ ਟੈਂਡਰ ਬਾਅਦ ਵਿਚ ਜਾਰੀ ਕੀਤਾ ਜਾਵੇਗਾ।
ਇਨ੍ਹਾਂ ਸੂਬਿਆਂ ਵਿਚ ਸਰਕਾਰੀ ਆਇਲ ਕੰਪਨੀਆਂ ਦੁਆਰਾ ਲਗਭੱਗ 10,000 ਪੈਟਰੋਲ ਪੰਪ ਖੋਲ੍ਹੇ ਜਾਣ ਦੀ ਯੋਜਨਾ ਹੈ। ਹਰਿਆਣਾ, ਦਿੱਲੀ, ਅਰੁਣਾਚਲ ਪ੍ਰਦੇਸ਼, ਅਸਾਮ, ਕੇਰਲ, ਮਨੀਪੁਰ, ਮੇਘਾਲਿਆ, ਨਾਗਾਲੈਂਡ, ਉਡੀਸਾ, ਪੁਡੁਚੈਰੀ, ਪੰਜਾਬ, ਸਿੱਕਿਮ, ਤ੍ਰਿਪੁਰਾ, ਪੱਛਮ ਬੰਗਾਲ, ਆਂਧਰਾ ਪ੍ਰਦੇਸ਼, ਦਮਨ ਅਤੇ ਦੀਵ, ਗੋਆ, ਗੁਜਰਾਤ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਕਰਨਾਟਕ, ਮਹਾਰਾਸ਼ਟਰ ਵਿਚ ਨਵੇਂ ਪੈਟਰੋਲ ਪੰਪ ਖੁੱਲ੍ਹਣਗੇ।
HPCL ਦੇ ਰਿਟੇਲ ਆਉਟਲੇਟ ਡੀਲਰ ਬਣਨ ਲਈ ਤੁਹਾਨੂੰ www.petrolpumpdealerchayan.in ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰਨਾ ਹੋਵੇਗਾ। ਅਪਲਾਈ ਫ਼ੀਸ ਦੀ ਆਨਲਾਈਨ ਪੇਮੈਂਟ ਦੇ ਨਾਲ ਤੁਸੀਂ 24 ਦਸੰਬਰ 2018 ਤੱਕ ਰਿਟੇਲ ਆਉਟਲੇਟ ਡੀਲਰਸ਼ਿਪ ਲਈ ਅਪਲਾਈ ਕਰ ਸਕਦੇ ਹੋ। ਆਨਲਾਈਨ ਬੇਨਤੀ ਪੱਤਰ ਜਮ੍ਹਾਂ ਕਰਵਾਉਣ ਦੀ ਆਖ਼ਰੀ ਮਿਤੀ ਦੇ ਕੱਟ ਆਫ਼ ਤੋਂ ਤੁਰਤ ਬਾਅਦ ਖ਼ਤਮ ਕਰ ਦਿਤੀ ਜਾਵੇਗੀ।