ਫੜਨਵੀਸ ਸਰਕਾਰ ਨੂੰ ਬਹੁਮਤ ਸਾਬਤ ਕਰਨ ਲਈ ਕਿਹਾ ਜਾ ਸਕਦੈ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਕਿ ਉਹ ਮਹਾਰਾਸ਼ਟਰ ਵਿਚ ਦਵਿੰਦਰ ਫੜਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਫ਼ੈਸਲੇ ਵਿਰੁਧ ਸ਼ਿਵ ਸੈਨਾ, ਐਨਸੀਪੀ ਅਤੇ ਕਾਂਗਰਸ ਦੀ ਪਟੀਸ਼ਨ 'ਤੇ ਮੰਗਲਵਾਰ ਸਵੇਰੇ ਸਾਢੇ ਦਸ ਵਜੇ ਅਪਣਾ ਫ਼ੈਸਲਾ ਸੁਣਾਏਗੀ। ਜੱਜ ਐਨ ਵੀ ਰਮਨ, ਜੱਜ ਅਸ਼ੋਕ ਭੂਸ਼ਣ ਅਤੇ ਜੱਜ ਸੰਜੀਵ ਖੰਨਾ ਦਾ ਤਿੰਨ ਮੈਂਬਰੀ ਬੈਂਚ ਫੜਨਵੀਸ ਸਰਕਾਰ ਨੂੰ ਸਦਨ ਵਿਚ ਬਹੁਮਤ ਸਿੱਧ ਕਰਨ ਦਾ ਹੁਕਮ ਦੇ ਸਕਦਾ ਹੈ।
ਉਕਤ ਤਿੰਨਾਂ ਪਾਰਟੀਆਂ ਨੇ ਸੋਮਵਾਰ ਨੂੰ ਹੀ ਫੜਨਵੀਸ ਨੂੰ ਸਦਨ ਵਿਚ ਬਹੁਮਤ ਸਿੱਧ ਕਰਨ ਦਾ ਹੁਕਮ ਦੇਣ ਦੀ ਬੇਨਤੀ ਕੀਤੀ ਪਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਇਸ ਦਾ ਵਿਰੋਧ ਕੀਤਾ। ਰਾਜਪਾਲ ਕੋਸ਼ਿਆਰੀ ਨੇ 23 ਨਵੰਬਰ ਨੂੰ ਫੜਨਵੀਸ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਏ ਜਾਣ ਮਗਰੋਂ ਉਨ੍ਹਾਂ ਨੂੰ ਬਹੁਮਤ ਸਾਬਤ ਕਰਨ ਲਈ 14 ਦਿਨਾਂ ਦਾ ਸਮਾਂ ਦਿਤਾ ਸੀ।
ਸੋਮਵਾਰ ਨੂੰ ਸੁਣਵਾਈ ਸ਼ੁਰੂ ਹੁੰਦਿਆਂ ਹੀ ਕੇਂਦਰ ਅਤੇ ਰਾਜਪਾਲ ਦੇ ਸਕੱਤਰ ਦੇ ਵਕੀਲ ਤੁਸ਼ਾਰ ਮਹਿਤਾ ਨੇ ਮਹਾਰਾਸ਼ਟਰ ਵਿਚ ਚੋਣਾਂ ਮਗਰਲੇ ਸਾਰੇ ਘਟਨਾਕ੍ਰਮ ਦਾ ਵੇਰਵਾ ਦਿਤਾ ਅਤੇ ਕਿਹਾ ਕਿ ਰਾਜਪਾਲ ਨੂੰ ਸਿਖਰਲੀ ਅਦਾਲਤ ਵਿਚ ਕਾਰਵਾਈ ਤੋਂ ਛੋਟ ਪ੍ਰਾਪਤ ਹੈ। ਮਹਿਤਾ ਨੇ ਕਿਹਾ ਕਿ ਮਹਾਰਾਸ਼ਟਰ ਵਿਚ ਸਰਕਾਰ ਦੀ ਕਾਇਮੀ ਲਈ ਭਾਜਪਾ ਕੋਲ ਐਨਸੀਪੀ ਦੇ ਸਾਰੇ 54 ਵਿਧਾਇਕਾਂ ਦਾ ਸਮਰਥਨ ਸੀ ਅਤੇ ਉਨ੍ਹਾਂ ਇਸ ਗੱਠਜੋੜ ਦੀ ਪਟੀਸ਼ਨ 'ਤੇ ਜਵਾਬ ਦਾਖ਼ਲ ਕਰਨ ਲਈ ਦੋ ਤਿੰਨ ਦਿਨਾਂ ਦਾ ਸਮਾਂ ਦੇਣ ਦੀ ਬੇਨਤੀ ਕੀਤੀ।
ਕੇਂਦਰ ਨੇ ਬੈਂਚ ਨੂੰ ਕਿਹਾ ਕਿ ਰਾਜਪਾਲ ਨੇ ਅਪਣੇ ਅਧਿਕਾਰ ਦੀ ਵਰਤੋਂ ਕਰਦਿਆਂ 23 ਨਵੰਬਰ ਨੂੰ ਸੱਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਸੱਦਾ ਦਿਤਾ। ਤੁਸ਼ਾਰ ਮਹਿਤਾ ਨੇ ਕਿਹਾ ਕਿ ਮਹਾਰਾਸ਼ਟਰ ਦੇ ਰਾਜਪਾਲ ਨੂੰ ਸਰਕਾਰ ਕਾਇਮ ਕਰਲ ਲਈ ਘੁੰਮ ਘੁੰਮ ਕੇ ਇਹ ਪਤਾ ਲਾਉਣ ਦੀ ਲੋੜ ਨਹੀਂ ਕਿ ਕਿਹੜੀ ਪਾਰਟੀ ਕੋਲਅ ਬਹੁਮਤ ਹੈ। ਉਨ੍ਹਾਂ ਕਿਹਾ ਕਿ ਸਵਾਲ ਇਹ ਹੈ ਕਿ ਕੀ ਕੋਈ ਪਾਰਟੀ ਇਥੇ ਆ ਕੇ 24 ਘੰਟਿਆਂ ਅੰਦਰ ਬਹੁਮਤ ਸਿੱਧ ਕਰਨ ਲਈ ਅਦਾਲਤ ਦੇ ਦਖ਼ਲ ਦੀ ਮੰਗ ਕਰ ਸਕਦੀ ਹੈ। ਅਦਾਲਤ ਨੇ ਫੜਨਵੀਸ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ ਸਬੰਧੀ ਰਾਜਪਾਲ ਦੇ ਪੱਤਰ ਨੂੰ ਵੇਖਿਆ ਅਤੇ ਫਿਰ ਕਿਹਾ ਕਿ ਇਹ ਫ਼ੈਸਲਾ ਕਰਨਾ ਪਵੇਗਾ ਕਿ ਕੀ ਮੁੱਖ ਮੰਤਰੀ ਕੋਲ ਸਦਨ ਵਿਚ ਬਹੁਮਤ ਹੈ ਜਾਂ ਨਹੀਂ।
ਗਠਜੋੜ ਕੋਲ 154 ਵਿਧਾਇਕਾਂ ਦੇ ਹਲਫ਼ਨਾਮੇ
ਸ਼ਿਵ ਸੈਨਾ ਵਲੋਂ ਬਹਿਸ ਸ਼ੁਰੂ ਕਰਦਿਆਂ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਤਿੰਨਾਂ ਪਾਰਟੀਆਂ ਦੀ ਪ੍ਰੈਸ ਕਾਨਫ਼ਰੰਸ ਦਾ ਹਵਾਲਾ ਦਿਤਾ ਜਿਸ ਵਿਚ ਊਧਵ ਠਾਕਰੇ ਨੂੰ ਮਹਾਰਾਸ਼ਟਰ ਦਾ ਅਗਲਾ ਮੁੱਖ ਮੰਤਰੀ ਐਲਾਨਿਆ ਗਿਆ ਸੀ। ਸਿੱਬਲ ਨੇ ਕਿਹਾ, 'ਅਜਿਹੀ ਕਿਹੜੀ ਕੌਮੀ ਆਫ਼ਤ ਆ ਗਈ ਸੀ ਕਿ ਸਵੇਰੇ 5.27 ਵਜੇ ਹੀ ਰਾਸ਼ਟਰਪਤੀ ਸ਼ਾਸਨ ਖ਼ਤਮ ਕਰ ਦਿਤਾ ਗਿਆ ਅਤੇ ਫਿਰ ਸਵੇਰੇ ਅੱਠ ਵਜੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ ਦਿਤੀ ਗਈ। ਉਨ੍ਹਾਂ ਕਿਹਾ ਕਿ ਗਠਜੋੜ ਕੋਲ 154 ਵਿਧਾਇਕਾਂ ਦੇ ਹਲਫ਼ਨਾਮੇ ਹਨ ਅਤੇ ਜੇ ਭਾਜਪਾ ਕੋਲ ਬਹੁਮਤ ਹੈ ਤਾਂ ਉਸ ਨੂੰ 24 ਘੰਟਿਆਂ ਅੰਦਰ ਬਹੁਮਤ ਸਾਬਤ ਕਰਨ ਲਈ ਕਿਹਾ ਜਾਣਾ ਚਾਹੀਦਾ ਹੈ।
ਦੋਹਾਂ ਧਿਰਾਂ ਦਾ ਬਹੁਮਤ ਦਾ ਦਾਅਵਾ
ਭਾਜਪਾ ਅਤੇ ਸ਼ਿਵ ਸੈਨਾ ਗਠਜੋੜ ਨੇ ਬਹੁਮਤ ਹੋਣ ਦਾ ਦਾਅਵਾ ਕੀਤਾ ਹੈ। ਕੇਂਦਰ ਨੇ ਸੋਮਵਾਰ ਨੂੰ ਵੀ ਇਹੋ ਦਾਅਵਾ ਕੀਤਾ ਸੀ ਕਿ ਮਹਾਰਾਸ਼ਟਰ ਵਿਚ ਸਰਕਾਰ ਕਾਇਮ ਕਰਨ ਲਈ ਭਾਜਪਾ ਨੂੰ ਐਨਸੀਪੀ ਦੇ 54 ਵਿਧਾਇਕਾਂ ਦਾ ਸਮਰਥਨ ਸੀ। ਕੇਂਦਰ ਨੇ ਅਦਾਲਤ ਨੂੰ ਕਿਹਾ ਕਿ ਰਾਜਪਾਲ ਦੇ ਫ਼ੈਸਲੇ ਵਿਰੁਧ ਪਟੀਸ਼ਨ 'ਤੇ ਜਵਾਬ ਦੇਣ ਲਈ ਉਸ ਨੂੰ ਦੋ ਦਿਨਾਂ ਦਾ ਸਮਾਂ ਦਿਤਾ ਜਾਵੇ।