
ਸਵਾਗਤ ਲਈ ਲਗਾਏ ਗਏ ਪੋਸਟਰ ਅਤੇ ਬੈਨਰ ਵੀ ਦਿੱਤੇ ਪਾੜ
ਸ਼ਾਹਜਹਾਂਪੁਰ: ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ 'ਚ ਇਨਾਮੀ ਰਾਸ਼ੀ ਨਾ ਮਿਲਣ 'ਤੇ ਖਿਡਾਰੀਆਂ ਨੇ ਹੰਗਾਮਾ ਕਰ ਦਿੱਤਾ। ਖਿਡਾਰੀਆਂ ਨੇ ਸਟੇਡੀਅਮ ਦੇ ਗੇਟ ਨੂੰ ਤਾਲਾ ਲਗਾ ਕੇ ਭਾਜਪਾ ਸੰਸਦ ਮੈਂਬਰ ਅਰੁਣ ਕੁਮਾਰ ਸਾਗਰ ਨੂੰ ਬੰਧਕ ਬਣਾ ਲਿਆ। ਬਾਅਦ 'ਚ ਭਾਰੀ ਪੁਲਿਸ ਫੋਰਸ ਦੇ ਆਉਣ 'ਤੇ ਹੀ ਸੰਸਦ ਮੈਂਬਰ ਨੂੰ ਸਟੇਡੀਅਮ 'ਚੋਂ ਬਾਹਰ ਕੱਢ ਕੇ ਮਾਮਲਾ ਸ਼ਾਂਤ ਕਰਵਾਇਆ ਗਿਆ।
BJP MP Arun Kumar Sagar
ਪ੍ਰਾਪਤ ਜਾਣਕਾਰੀ ਅਨੁਸਾਰ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਜਾਦੂਨਾਥ ਸਿੰਘ ਖੇਡ ਸਟੇਡੀਅਮ ਵਿੱਚ ਪਿਛਲੇ ਚਾਰ ਦਿਨਾਂ ਤੋਂ ਐਮਪੀ ਖੇਡ ਮੁਕਾਬਲੇ ਦਾ ਪ੍ਰੋਗਰਾਮ ਚੱਲ ਰਿਹਾ ਸੀ। ਵੀਰਵਾਰ ਨੂੰ ਪ੍ਰੋਗਰਾਮ ਦੀ ਸਮਾਪਤੀ ਦੌਰਾਨ ਇਨਾਮਾਂ ਦੀ ਵੰਡ ਕੀਤੀ ਜਾ ਰਹੀ ਸੀ। ਇਸ ਦੌਰਾਨ ਕੇਵਲ ਕ੍ਰਿਕਟ ਟੀਮ ਅਤੇ ਕਬੱਡੀ ਟੀਮ ਦੇ ਖਿਡਾਰੀਆਂ ਨੂੰ ਹੀ ਨਕਦ ਇਨਾਮ ਦਿੱਤੇ ਗਏ ਜਦਕਿ ਬਾਕੀ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਸਿਰਫ਼ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ।
BJP MP Arun Kumar Sagar
ਜਿਸ ਤੋਂ ਬਾਅਦ ਹੋਰਨਾਂ ਖੇਡਾਂ ਦੇ ਖਿਡਾਰੀਆਂ ਨੇ ਸੰਸਦ ਮੈਂਬਰ ਅਰੁਣ ਕੁਮਾਰ ਸਾਗਰ 'ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਾਉਂਦਿਆਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਖਿਡਾਰੀਆਂ ਨੇ ਦੋਸ਼ ਲਾਇਆ ਕਿ ਸੰਸਦ ਮੈਂਬਰ ਨੇ ਨਕਦ ਇਨਾਮ ਦੇਣ ਦੀ ਗੱਲ ਕੀਤੀ ਸੀ ਪਰ ਉਨ੍ਹਾਂ ਨੂੰ ਸਿਰਫ਼ ਮੈਡਲ ਤੇ ਸਰਟੀਫਿਕੇਟ ਹੀ ਦਿੱਤੇ ਗਏ। ਗੁੱਸੇ 'ਚ ਆਏ ਖਿਡਾਰੀਆਂ ਨੇ ਭਾਜਪਾ ਦੇ ਸੰਸਦ ਮੈਂਬਰ ਅਰੁਣ ਕੁਮਾਰ ਸਾਗਰ ਨੂੰ ਸਟੇਡੀਅਮ ਦੇ ਅੰਦਰ ਬੰਦ ਕਰ ਦਿੱਤਾ ਅਤੇ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ। ਇਸ ਦੌਰਾਨ ਖਿਡਾਰੀਆਂ ਨੇ ਭਾਜਪਾ ਸਾਂਸਦ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।
BJP MP Arun Kumar Sagar
ਖਿਡਾਰੀਆਂ ਨੇ ਭਾਜਪਾ ਸੰਸਦ ਮੈਂਬਰ ਦੇ ਸਵਾਗਤ ਲਈ ਲਗਾਏ ਗਏ ਪੋਸਟਰ ਅਤੇ ਬੈਨਰ ਵੀ ਪਾੜ ਦਿੱਤੇ। ਬਾਅਦ 'ਚ ਸਥਾਨਕ ਥਾਣੇ ਦੀ ਪੁਲਿਸ ਬੰਧਕ ਬਣਾਏ ਗਏ ਭਾਜਪਾ ਸੰਸਦ ਮੈਂਬਰ ਨੂੰ ਛੁਡਾਉਣ ਲਈ ਪਹੁੰਚੀ।
BJP MP Arun Kumar Sagar
ਪੁਲਿਸ ਨੇ ਗੁੱਸੇ ਵਿੱਚ ਆਏ ਖਿਡਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਖਿਡਾਰੀ ਮੰਨਣ ਨੂੰ ਤਿਆਰ ਨਹੀਂ ਸਨ। ਬਾਅਦ 'ਚ ਭਾਰੀ ਪੁਲਿਸ ਫੋਰਸ ਦੇ ਆਉਣ 'ਤੇ ਸਟੇਡੀਅਮ ਦੇ ਮੁੱਖ ਗੇਟ 'ਤੇ ਇਕੱਠੇ ਹੋਏ ਖਿਡਾਰੀਆਂ ਨੂੰ ਉਥੋਂ ਹਟਾ ਦਿੱਤਾ ਗਿਆ ਅਤੇ ਸੰਸਦ ਮੈਂਬਰ ਨੂੰ ਸਟੇਡੀਅਮ 'ਚੋਂ ਬਾਹਰ ਕੱਢਿਆ ਗਿਆ। ਕਈ ਖਿਡਾਰੀਆਂ ਨੇ ਸੰਸਦ ਮੈਂਬਰ ਦੀ ਕਾਰ ਅੱਗੇ ਲੇਟ ਕੇ ਵੀ ਆਪਣਾ ਰੋਸ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ।