
ਸੀਨੀਅਰ ਪੁਲਿਸ ਅਧਿਕਾਰੀ ਨੇ ਮੁਲਜ਼ਮ ਦੀ ਭਾਜਪਾ ਨਾਲ ਜੁੜੇ ਹੋਣ ਦੀ ਪੁਸ਼ਟੀ ਕੀਤੀ
ਕਾਨਪੁਰ - ਉੱਤਰ ਪ੍ਰਦੇਸ਼ ਦੇ ਕਾਨਪੁਰ ਦੇ ਰੇਲ ਬਾਜ਼ਾਰ ਇਲਾਕੇ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਚਲਾਈ ਗੋਲੀ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਇੱਕ ਵਰਕਰ ਨੂੰ ਗੋਲੀ ਚਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਪੁਲਿਸ ਅਨੁਸਾਰ ਮ੍ਰਿਤਕ ਦੀ ਪਛਾਣ ਮੁਹੰਮਦ ਸਾਦਿਕ (32) ਵਾਸੀ ਮੀਰਪੁਰ ਕੈਂਟ ਵਜੋਂ ਹੋਈ ਹੈ, ਜੋ ਬਾਊਂਸਰ ਦਾ ਕੰਮ ਕਰਦਾ ਸੀ ਅਤੇ ਜਿੰਮ ਵੀ ਚਲਾਉਂਦਾ ਸੀ।
ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਭਾਜਪਾ ਵਰਕਰ ਰਾਮਜੀ ਗੁਪਤਾ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਵਿਆਹ ਦੇ ਜਸ਼ਨਾਂ ਦੌਰਾਨ ਕਥਿਤ ਤੌਰ 'ਤੇ ਆਪਣੀ ਲਾਇਸੈਂਸੀ ਡਬਲ ਬੈਰਲ ਬੰਦੂਕ ਤੋਂ ਗੋਲੀਆਂ ਚਲਾਈਆਂ।
ਉਨ੍ਹਾਂ ਕਿਹਾ, ''ਅਸੀਂ ਫੋਰੈਂਸਿਕ ਜਾਂਚ ਲਈ ਉਹ ਬੰਦੂਕ ਵੀ ਜ਼ਬਤ ਕਰ ਲਈ ਹੈ ਜਿਸ ਦੀ ਵਰਤੋਂ ਗੋਲੀ ਚਲਾਉਣ ਲਈ ਕੀਤੀ ਗਈ ਸੀ।"
ਸੀਨੀਅਰ ਪੁਲਿਸ ਅਧਿਕਾਰੀ ਨੇ ਗ੍ਰਿਫਤਾਰ ਹੋਏ ਵਿਅਕਤੀ ਦੀ ਸੱਤਾਧਾਰੀ ਭਾਜਪਾ ਨਾਲ ਜੁੜੇ ਹੋਣ ਦੀ ਪੁਸ਼ਟੀ ਕੀਤੀ। ਹਾਲਾਂਕਿ, ਉਨ੍ਹਾਂ ਕਿਹਾ ਕਿ ਗੁਪਤਾ ਇੱਕ ਵਰਕਰ ਵਜੋਂ ਭਾਜਪਾ ਨਾਲ ਜੁੜੇ ਹੋਏ ਹਨ।
ਦਰਅਸਲ ਵਿਆਹ ਸਮਾਗਮ ਦੌਰਾਨ ਮੁਹੰਮਦ ਸਾਦਿਕ ਨੂੰ ਕਈ ਹੋਰਨਾਂ ਸਮੇਤ ਮਹਿਮਾਨਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰੱਖਿਆ ਗਿਆ ਸੀ। ਸਮਾਗਮ ਦੌਰਾਨ ਰਾਮਜੀ ਗੁਪਤਾ ਨੇ ਕਥਿਤ ਤੌਰ 'ਤੇ ਆਪਣੀ ਬੰਦੂਕ ਚਲਾਈ, ਜਿਸ ਕਾਰਨ ਸਾਦਿਕ ਦੇ ਸਿਰ, ਗਰਦਨ ਅਤੇ ਛਾਤੀ 'ਤੇ ਛਰ੍ਹੇ ਲੱਗੇ।
ਸਾਦਿਕ ਦੇ ਸਿਰ ਅਤੇ ਗਰਦਨ 'ਚੋਂ ਖੂਨ ਵਗਦਾ ਦੇਖ, ਸਾਥੀ ਬਾਊਂਸਰਾਂ ਨੇ ਉਸ ਨੂੰ ਤੁਰੰਤ ਲਾਲਾ ਲਾਜਪਤ ਰਾਏ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਕਿਹਾ ਕਿ ਗ਼ੈਰ-ਇਰਾਦਤਨ ਕਤਲ ਦੇ ਇਲਜ਼ਾਮ ਹੇਠ ਐਫ਼.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਅਗਲੀਆਂ ਕਨੂੰਨੀ ਕਾਰਵਾਈਆਂ 'ਤੇ ਅਮਲ ਕੀਤਾ ਜਾ ਰਿਹਾ ਹੈ।