
ਪੁਲਿਸ ਕੋਲ ਪਿੰਡ ਦੇ ਹੀ ਵਿਅਕਤੀ ਨੇ ਕੀਤੀ ਸੀ ਸ਼ਿਕਾਇਤ
ਬਰੇਲੀ - ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਰਾਮਪੁਰ ਦੇ ਪਟਵਈ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਸੋਹਨਾ ਵਿੱਚ ਕ੍ਰਿਸਮਿਸ ਮੌਕੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਇਕੱਠਾ ਕਰਕੇ ਧਰਮ ਪਰਿਵਰਤਨ ਦਾ ਪ੍ਰਚਾਰ ਕਰਨ ਦੇ ਦੋਸ਼ ਹੇਠ ਪੁਲਿਸ ਨੇ ਇੱਕ ਪੁਜਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਨੇ ਦੱਸਿਆ ਕਿ ਪਾਦਰੀ ਪੋਲੂਸ ਮਸੀਹ ਨੂੰ ਐਤਵਾਰ ਦੇਰ ਰਾਤ ਇੱਕ ਪਿੰਡ ਵਾਸੀ ਰਾਜੀਵ ਯਾਦਵ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੂੰ ਦਿੱਤੀ ਗਈ ਤਹਿਰੀਰ 'ਚ ਯਾਦਵ ਨੇ ਪਾਦਰੀ 'ਤੇ ਪਿੰਡ ਦੇ ਅਨੁਸੂਚਿਤ ਜਾਤੀ ਭਾਈਚਾਰੇ ਦੇ ਲੋਕਾਂ ਨੂੰ ਧਰਮ ਪਰਿਵਰਤਨ ਲਈ ਉਕਸਾਉਣ ਦਾ ਦੋਸ਼ ਲਗਾਇਆ ਸੀ।
ਪੁਲਿਸ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਰਾਜੀਵ ਯਾਦਵ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਪਾਦਰੀ ਵਿਰੁੱਧ ਉੱਤਰ ਪ੍ਰਦੇਸ਼ ਧਰਮ ਪਰਿਵਰਤਨ ਰੋਕੂ ਕਾਨੂੰਨ, 2021 ਦੀ ਧਾਰਾ ਤਿੰਨ ਅਤੇ ਪੰਜ (ਇੱਕ) ਤਹਿਤ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਵਧੀਕ ਪੁਲਿਸ ਸੁਪਰਡੈਂਟ ਡਾ. ਸੰਸਾਰ ਸਿੰਘ ਨੇ ਦੱਸਿਆ ਕਿ ਪਟਵਈ ਥਾਣਾ ਇੰਚਾਰਜ ਹਰਿੰਦਰ ਯਾਦਵ ਨੂੰ ਸੂਚਨਾ ਮਿਲੀ ਸੀ ਕਿ ਸੋਹਨਾ ਪਿੰਡ ਵਿੱਚ ਸਿਵਲ ਲਾਈਨ ਥਾਣਾ ਖੇਤਰ ਦਾ ਰਹਿਣ ਵਾਲਾ ਇੱਕ ਪੁਜਾਰੀ ਪੌਲੂਸ ਮਸੀਹ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਧਰਮ ਪਰਿਵਰਤਨ ਲਈ ਉਕਸਾ ਰਿਹਾ ਹੈ। ਇਸੇ ਪਿੰਡ ਦੇ ਰਾਜੀਵ ਯਾਦਵ ਦੀ ਸ਼ਿਕਾਇਤ ’ਤੇ ਥਾਣਾ ਮੁਖੀ ਨੇ ਤੁਰੰਤ ਕਾਰਵਾਈ ਕਰਦਿਆਂ ਪਾਦਰੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਕਨੂੰਨੀ ਕਾਰਵਾਈ ਤਹਿਤ ਉਸ ਨੂੰ ਜੇਲ੍ਹ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸ਼ਾਮ ਨੂੰ ਸੂਬੇ ਦੇ ਮੁੱਖ ਅਧਿਕਾਰੀਆਂ ਨਾਲ ਕਨੂੰਨ ਵਿਵਸਥਾ ਦੀ ਸਮੀਖਿਆ ਬੈਠਕ ਕਰਨ ਤੋਂ ਬਾਅਦ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਟਵੀਟ ਕੀਤਾ ਸੀ, ''25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ ਹੈ। ਸਮੂਹ ਧਾਰਮਿਕ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਕ੍ਰਿਸਮਸ ਨੂੰ ਸ਼ਾਂਤਮਈ ਮਾਹੌਲ ਵਿਚ ਮਨਾਉਣ ਦਾ ਪ੍ਰਬੰਧ ਕੀਤਾ ਜਾਵੇ। ਇਹ ਯਕੀਨੀ ਬਣਾਇਆ ਜਾਵੇ ਕਿ ਕਿਤੇ ਵੀ ਧਰਮ ਪਰਿਵਰਤਨ ਦੀ ਘਟਨਾ ਨਾ ਵਾਪਰੇ।"
ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਵੀ ਐਤਵਾਰ ਨੂੰ ਕ੍ਰਿਸਮਸ ਦੇ ਤਿਉਹਾਰ 'ਤੇ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ, "ਜ਼ਬਰਦਸਤੀ ਹਰ ਚੀਜ਼ ਬੁਰੀ ਹੈ ਅਤੇ ਮਾੜੇ ਇਰਾਦਿਆਂ ਨਾਲ ਧਰਮ ਪਰਿਵਰਤਨ ਕਰਨਾ ਅਤੇ ਕਰਵਾਉਣਾ ਦੋਵੇਂ ਗ਼ਲਤ ਹਨ।"