
ਦੀਪ ਸਿੱਧੂ ਵੱਲੋਂ ਕੀਤੀ ਗਈ ਹਰਕਤ ਤੋਂ ਬਾਅਦ ਸਿੰਘੂ ਸਟੇਜ ‘ਤੇ ਭਾਵੁਕ ਹੋਏ ਜਗਜੀਤ ਸਿੰਘ ਡੱਲੇਵਾਲ
ਨਵੀਂ ਦਿੱਲੀ: ਗਣਤੰਤਰ ਦਿਵਸ ਮੌਕੇ ਦਿੱਲੀ ਵਿਚ ਕਿਸਾਨਾਂ ਵੱਲੋਂ ਟਰੈਕਟਰ ਪਰੇਡ ਦਾ ਅਯੋਜਨ ਕੀਤਾ ਗਿਆ। ਇਸ ਦੌਰਾਨ ਪੰਜਾਬੀ ਅਦਾਕਾਰ ਦੀਪ ਸਿੱਧੂ ਵੱਲੋਂ ਕੁਝ ਨੌਜਵਾਨਾਂ ਸਮੇਤ ਦਿੱਲੀ ਵਿਖੇ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਲਹਿਰਾਇਆ ਗਿਆ। ਇਸ ਤੋਂ ਬਾਅਦ ਦਿੱਲੀ ਵਿਚ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ। ਇਸ ਘਟਨਾ ਨੂੰ ਲੈ ਕੇ ਦੀਪ ਸਿੱਧੂ ਦੀ ਕਾਫੀ ਨਿਖੇਧੀ ਵੀ ਕੀਤੀ ਜਾ ਰਹੀ ਹੈ।
Jagjit Singh Dalewal
ਇਸ ਤੋਂ ਬਾਅਦ ਅੱਜ ਸਿੰਘੂ ਬਾਰਡਰ ਦੀ ਸਟੇਜ ‘ਤੇ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਕਿਸਾਨ ਆਗੂ ਨੇ ਬੀਤੇ ਦਿਨ ਦੀਪ ਸਿੱਧੂ ਵੱਲੋਂ ਕੀਤੀ ਗਈ ਹਰਕਤ ‘ਤੇ ਦੁੱਖ ਜ਼ਾਹਿਰ ਕੀਤਾ। ਉਹਨਾਂ ਨੇ ਭਾਵੁਕ ਹੁੰਦਿਆਂ ਕਿਹਾ ਸਾਡੇ ਸੱਦੇ ਦੌਰਾਨ ਦੋ ਮਾਤਵਾਂ ਦੇ ਪੁੱਤਰਾਂ ਦੀ ਜਾਨ ਚਲੀ ਗਈ, ਚਾਹੇ ਉਹ ਕਿਸੇ ਵੀ ਸਟੇਟ ਨਾਲ ਸਬੰਧਤ ਸਨ ਪਰ ਇਹ ਦੁਖਦਾਈ ਹੈ। ਜਗਜੀਤ ਸਿੰਘ ਨੇ ਕਿਹਾ ਕਿ ਸਾਡੇ ਲਈ ਜ਼ਮੀਨ ਤੋਂ ਜ਼ਿਆਦਾ ਕਿਸਾਨਾਂ ਦੀਆਂ ਜਾਨਾਂ ਦੀ ਅਹਿਮੀਅਤ ਹੈ।
Jagjit Singh Dalewal
ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਨੂੰ ਖਾਲਿਸਤਾਨੀ ਕਹਿਣ ‘ਤੇ ਪੂਰਾ ਜ਼ੋਰ ਲਗਾਇਆ ਹੋਇਆ ਸੀ। ਅੰਦੋਲਨ ਨੂੰ ਖਤਮ ਕਰਨ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਅਸੀਂ ਸਾਰੇ ਦੋਸ਼ਾਂ ਦਾ ਸਾਹਮਣਾ ਕੀਤਾ। ਉਹਨਾਂ ਕਿਹਾ ਅਸੀਂ ਕਿਸਾਨ ਹਾਂ ਤੇ ਅਸੀਂ ਅਪਣੀ ਖੇਤੀ ਦੀ ਰਾਖੀ ਲਈ ਇਹ ਕਾਨੂੰਨ ਰੱਦ ਕਰਵਾਉਣ ਲਈ ਇੱਥੇ ਆਏ ਹਾਂ।
Farmer Protest
ਜਗਜੀਤ ਡੱਲੇਵਾਲ ਨੇ ਕਿਹਾ ਕਿ ਬੀਤੇ ਦਿਨ ਕਿਸਾਨਾਂ ਦੇ ਟਰੈਕਟਰਾਂ ‘ਤੇ ਨਿਸ਼ਾਨ ਸਾਹਿਬ ਦੇ ਨਾਲ ਤਿਰੰਗਾ ਝੂਲ ਰਿਹਾ ਸੀ। ਅਸੀਂ ਸਾਬਿਤ ਕਰ ਦਿੱਤਾ ਸੀ ਕਿ ਅਸੀਂ ਰਾਸ਼ਟਰ ਵਿਰੋਧੀ ਨਹੀਂ, ਰਾਸ਼ਟਰ ਦੇ ਹੱਕ ਵਿਚ ਹਾਂ। ਦੁਨੀਆਂ ਨੂੰ ਬਹੁਤ ਵੱਡਾ ਸੁਨੇਹਾ ਜਾ ਰਿਹਾ ਸੀ। ਉਹਨਾਂ ਕਿਹਾ ਜੇਕਰ ਟਰੈਕਟਰ ਪਰੇਡ ਸ਼ਾਂਤਮਈ ਢੰਗ ਨਾਲ ਸਫਲ ਹੋ ਜਾਂਦੀ ਤਾਂ ਬਹੁਤ ਵੱਡਾ ਰਿਕਾਰਡ ਬਣਨਾ ਸੀ। ਪਰ ਹੋਇਆ ਉਹੀ ਜਿਸ ਤੋਂ ਅਸੀਂ ਡਰ ਰਹੇ ਸੀ।
Tractor prade
ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਿਸ ਪ੍ਰਦਰਸ਼ਨ ਦੌਰਾਨ ਪੂਰਾ ਵਿਸ਼ਵ ਸਾਡੇ ਨਾਲ ਹੈ, ਉਸ ਨੂੰ ਅਸੀਂ ਹਾਰ ਵੱਲ ਲੈ ਕੇ ਕਿਉਂ ਜਾ ਰਹੇ ਹਾਂ। ਜਗਜੀਤ ਸਿੰਘ ਡੱਲੇਵਾਲ ਨੇ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹੁੰਦਿਆਂ ਕਿਹਾ ਕਿ ਬਹੁਤ ਵੱਡਾ ਦੁਖਾਂਤ ਹੋਣ ਤੋਂ ਟਲ ਗਿਆ, ਨਹੀਂ ਤਾਂ ਬਹੁਤ ਕੁਝ ਹੋ ਸਕਦਾ ਸੀ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਵਾਰ-ਵਾਰ ਕਹਿ ਰਹੇ ਹਾਂ ਕਿ ਅਸੀਂ ਦਿੱਲੀ ਜਿੱਤਣ ਨਹੀਂ ਆਏ ਬਲਕਿ ਅਸੀਂ ਕਾਨੂੰਨ ਰੱਦ ਕਰਵਾਉਣ ਲਈ ਆਏ ਹਾਂ। ਉਹਨਾਂ ਕਿਹਾ ਕਿ ਅੰਦੋਲਨ ਪੂਰੇ ਸਿਖਰ ‘ਤੇ ਸੀ ਪਰ ਕੱਲ ਦੀ ਘਟਨਾ ਨੇ ਇਸ ਨੂੰ ਬੈਕਫੁੱਟ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ।