
ਕਈ ਜਣਿਆਂ ਨੂੰ ਲਗੀਆਂ ਸੱਟਾਂ, ਇਕ ਨੌਜੁਆਨ ਗੰਭੀਰ ਜ਼ਖ਼ਮੀ, ਹਸਪਤਾਲ ’ਚ ਦਾਖ਼ਲ
ਸ੍ਰੀਨਗਰ : ਆਲ ਪਾਰਟੀਜ਼ ਸਿੱਖ ਕੋਆਰਡੀਨੇਸ਼ਨ ਕਮੇਟੀ (ਏ.ਪੀ.ਐਸ.ਸੀ.ਸੀ.) ਨੇ ਦਖਣੀ ਕਸ਼ਮੀਰ ਦੇ ਪੁਲਵਾਮਾ ਦੇ ਸੈਦਪੋਰਾ ਪਿੰਡ ’ਚ ਘੱਟ ਗਿਣਤੀ ਸਿੱਖ ਮੈਂਬਰਾਂ ਦੇ ਘਰਾਂ ’ਤੇ ਕਥਿਤ ਪੱਥਰਬਾਜ਼ੀ ਦੀਆਂ ਘਟਨਾਵਾਂ ’ਤੇ ਚਿੰਤਾ ਜ਼ਾਹਰ ਕੀਤੀ ਹੈ। ਕਮੇਟੀ ਨੇ ਇਸ ਮਾਮਲੇ ਦੀ ਪੂਰੀ ਜਾਂਚ ਦੀ ਮੰਗ ਕੀਤੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
ਏ.ਪੀ.ਐਸ.ਸੀ.ਸੀ. ਦੇ ਚੇਅਰਮੈਨ ਜਗਮੋਹਨ ਸਿੰਘ ਰੈਨਾ ਨੇ ਕਿਹਾ ਕਿ ਕੁੱਝ ਸ਼ਰਾਰਤੀ ਅਨਸਰ ਪਿਛਲੇ ਕੁੱਝ ਦਿਨਾਂ ਤੋਂ ਸੈਦਪੋਰਾ ਪਿੰਡ ’ਚ ਸਿੱਖ ਘੱਟ ਗਿਣਤੀਆਂ ਨੂੰ ਦਹਿਸ਼ਤ ’ਚ ਪਾਉਣ ਲਈ ਰਾਤ ਦੇ ਸਮੇਂ ਘਰਾਂ ’ਤੇ ਪੱਥਰ ਸੁੱਟ ਰਹੇ ਹਨ। ਉਨ੍ਹਾਂ ਕਿਹਾ ਕਿ ਬਦਮਾਸ਼ਾਂ ਨੇ ਇਕ ਘਰ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਜਿਸ ਨਾਲ ਘਰ ਦੀ ਰਸੋਈ ਨੂੰ ਨੁਕਸਾਨ ਪਹੁੰਚਿਆ। ਏ.ਪੀ.ਐਸ.ਸੀ.ਸੀ. ਦੇ ਚੇਅਰਮੈਨ ਨੇ ਦਸਿਆ ਕਿ ਇਸ ਘਟਨਾ ’ਚ ਇਕ ਨੌਜੁਆਨ ਦੀ ਪਛਾਣ ਆਸ਼ੂ ਸਿੰਘ ਪੁੱਤਰ ਸਵਰਗੀ ਪੱਪੂ ਸਿੰਘ ਵਜੋਂ ਹੋਈ ਹੈ, ਜਿਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਤੋਂ ਬਾਅਦ ਉਸ ਨੂੰ ਐਸ.ਕੇ.ਆਈ.ਐਮ.ਐਸ.-ਸੌਰਾ ਲਿਜਾਇਆ ਗਿਆ ਜਿੱਥੇ ਉਸ ਦਾ ਆਪ੍ਰੇਸ਼ਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਭਾਈਚਾਰੇ ਦੇ ਕਈ ਹੋਰ ਮੈਂਬਰਾਂ ਨੂੰ ਵੀ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਦਾ ਵੀ ਇਲਾਜ ਕੀਤਾ ਗਿਆ ਹੈ। ਉਨ੍ਹਾਂ ਕਿਹਾ, ‘‘ਬਹੁਗਿਣਤੀ ਭਾਈਚਾਰੇ ਨਾਲ ਸਾਡੇ ਬਹੁਤ ਚੰਗੇ ਸਬੰਧ ਹਨ ਅਤੇ ਅਸੀਂ ਸ਼ਾਂਤੀ ਨਾਲ ਰਹਿ ਰਹੇ ਹਾਂ। ਘਾਟੀ ’ਚ ਅਤਿਵਾਦ ਦੇ ਸਿਖਰ ’ਤੇ ਹੋਣ ਦੌਰਾਨ ਸਿੱਖਾਂ ਨੇ ਕਦੇ ਪ੍ਰਵਾਸ ਨਹੀਂ ਕੀਤਾ। ਇਸ ਦੇ ਬਾਵਜੂਦ ਕੁੱਝ ਤੱਤ ਹਨ ਜੋ ਕਸ਼ਮੀਰ ਵਿਚ ਬਹੁਗਿਣਤੀ ਅਤੇ ਘੱਟ ਗਿਣਤੀ ਭਾਈਚਾਰਿਆਂ ਵਿਚਾਲੇ ਪਾੜਾ ਪਾਉਣਾ ਚਾਹੁੰਦੇ ਹਨ।’’
ਏ.ਪੀ.ਐਸ.ਸੀ.ਸੀ. ਦੇ ਚੇਅਰਮੈਨ ਨੇ ਬਹੁਗਿਣਤੀ ਮੁਸਲਿਮ ਭਾਈਚਾਰੇ ਅਤੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਚੌਕਸ ਰਹਿਣ ਲਈ ਕਿਹਾ ਤਾਂ ਜੋ ਸ਼ਰਾਰਤੀ ਅਨਸਰਾਂ ਦੇ ਨਾਪਾਕ ਇਰਾਦਿਆਂ ਨੂੰ ਹਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਹੀ ਕੁੱਝ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨਾਲ ਗੱਲ ਕਰ ਚੁਕੇ ਹਨ ਤਾਂ ਜੋ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਡਰ ਨਾ ਲੱਗੇ। ਰੈਨਾ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਂਚ ਦੇ ਹੁਕਮ ਦਿਤੇ ਜਾਣ ਤਾਂ ਜੋ ਇਸ ਘਟਨਾ ਦੇ ਦੋਸ਼ੀਆਂ ਦਾ ਪਰਦਾਫਾਸ਼ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਵਿਰੁਧ ਕਾਨੂੰਨ ਤਹਿਤ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਅਤੇ ਅਜਿਹੀਆਂ ਘਟਨਾਵਾਂ ਦੁਹਰਾਈਆਂ ਨਾ ਜਾਣ।