
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਉਹ ਪਹਿਲਾਂ ਵੀ ਕਹਿ ਚੁਕੇ ਹਨ ਕਿ ਹਰਿਆਣਾ ਵਿਧਾਨ ਸਭਾ ਦੀ ਚੋਣ...
ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਉਹ ਪਹਿਲਾਂ ਵੀ ਕਹਿ ਚੁਕੇ ਹਨ ਕਿ ਹਰਿਆਣਾ ਵਿਧਾਨ ਸਭਾ ਦੀ ਚੋਣ ਅਪਣੇ ਨਿਸ਼ਚਿਤ ਸਮੇਂ 'ਤੇ ਹੋਵੇਗੀ ਅਤੇ ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦਾ ਇਕ ਹੋਰ ਸੈਸ਼ਨ ਅਗੱਸਤ ਮਹੀਨੇ ਵਿਚ ਹੋਵੇਗਾ।
ਮੁੱਖ ਮੰਤਰੀ ਨੇ ਇਹ ਜਾਣਕਾਰੀ ਅੱਜ ਇਥੇ ਹਰਿਆਣਾ ਵਿਧਾਨ ਸਭਾ ਵਿਚ ਬਜਟ ਸੈਸ਼ਨ ਦੇ ਆਖ਼ਰੀ ਦਿਨ ਸਦਨ ਦੇ ਸਾਰੇ ਮੈਂਬਰਾਂ ਨੂੰ ਦਿਤੀ। ਉਨ੍ਹਾਂ ਕਿਹਾ ਕਿ ਵੈਸੇ ਤਾਂ ਸਾਰੇ ਦੇਸ਼ ਵਿਚ ਚਰਚਾ ਹੋ ਰਹੀ ਹੈ ਕਿ ਚੋਣਾਂ ਇਕੱਠੀਆਂ ਹੋਣ ਪਰ ਇਹ ਸੰਸਦ ਅਤੇ ਕੌਮੀ ਪੱਧਰ 'ਤੇ ਸੰਭਵ ਹੋਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਇਹ 5ਵਾਂ ਬਜਟ ਸੈਸ਼ਨ ਸੀ, ਜੋ 20 ਤੋਂ 27 ਫ਼ਰਵਰੀ ਤਕ ਅੱਠ ਦਿਨਾਂ ਤਕ ਚਲਿਆ। ਇਸ ਦੌਰਾਨ ਵਿਧਾਨ ਸਭਾ ਦੀਆਂ ਅੱਠ ਮੀਟਿੰਗਾਂ ਹੋ ਸਕੀਆਂ ਤੇ ਕਈ ਮਹਤੱਵਪੂਰਣ ਕੰਮ ਹੋ ਸਕੇ। ਉਨ੍ਹਾਂ ਦਸਿਆ ਕਿ 20 ਫ਼ਰਵਰੀ ਨੂੰ ਰਾਜਪਾਲ ਦਾ ਭਾਸ਼ਣ ਹੋਇਆ ਅਤੇ ਸਾਰੇ ਮੈਂਬਰਾਂ ਨੇ ਸਾਰਥਕ ਚਰਚਾ ਵੀ ਕੀਤੀ। ਇਸ ਤਰ੍ਹਾਂ, ਖ਼ਜ਼ਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਵੀ 5ਵਾਂ ਬਜਟ ਪੇਸ਼ ਕੀਤਾ ਜਿਸ 'ਤੇ ਵੀ ਸਾਰਥਕ ਚਰਚਾ ਕੀਤੀ ਗਈ। ਉਨ੍ਹਾਂ ਨੇ ਇਸ ਸੈਸ਼ਨ ਦੌਰਾਨ ਚਰਚਾ ਵਿਚ ਹਿੱਸਾ ਲੈਣ ਲਈ ਸਦਨ ਦੇ ਮੈਬਰਾਂ, ਮੀਡੀਆ ਕਰਮਚਾਰੀਆਂ, ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ-ਨਾਲ ਵਿਧਾਨ ਸਭਾ ਦੇ ਸਪੀਕਰ ਤੇ ਡਿਪਟੀ ਸਪੀਕਰ ਦਾ ਇਸ ਸੈਸ਼ਨ ਨੂੰ ਸੰਪੂਰਨ ਕਰਾਉਣ ਲਈ ਧਨਵਾਦ ਪ੍ਰਗਟਾਇਆ। ਸਦਨ ਵਿਚ ਅੱਜ ਸੰਸਦੀ ਕਾਰਜ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਵੀ ਸਾਰੇ ਮੈਂਬਰਾਂ, ਪੱਤਰਕਾਰਾਂ ਤੇ ਕਰਮਚਾਰੀਆਂ ਦਾ ਵੀ ਧਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਇਸ ਸੈਸ਼ਨ ਦੌਰਾਨ ਇਤਿਹਾਸਕ ਬਿੱਲ ਪੇਸ਼ ਕੀਤੇ ਗਏ ਹਨ।