
ਮੈਨੂੰ ਕਾਂਗਰਸ ਹਾਈ ਕਮਾਨ ਨੇ ਕੀਤਾ ਸੀ ਤਲਬ-ਨਵਜੋਤ ਸਿੱਧੂ
ਨਵੀਂ ਦਿੱਲੀ: ਪਿਛਲੇ ਕਾਫ਼ੀ ਸਮੇਂ ਤੋਂ ਚੁੱਪ ਬੈਠੇ ਕਾਂਗਰਸ ਵਿਧਾਇਕ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਏ ਹਨ। ਦਰਅਸਲ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨਾਲ ਦਸ ਜਨਪਥ ਵਿਖੇ ਮੁਲਾਕਾਤ ਕੀਤੀ। ਇਹ ਮੁਲਾਕਾਤ 26 ਜਨਵਰੀ ਨੂੰ ਹੋਈ ਸੀ। ਇਸ ਦੌਰਾਨ ਉੱਥੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਮੌਜੂਦ ਸੀ।
Photo
ਨਵਜੋਤ ਸਿੱਧੂ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਉਹਨਾਂ ਨੇ ਮੁਲਾਕਾਤ ਦੌਰਾਨ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਪੰਜਾਬ ਦੇ ਤਾਜ਼ਾ ਹਲਾਤਾਂ ਤੋਂ ਜਾਣੂ ਕਰਵਾਇਆ ਹੈ। ਸਿੱਧੂ ਦਾ ਕਹਿਣਾ ਹੈ ਕਿ ਉਹਨਾਂ ਨੂੰ ਕਾਂਗਰਸ ਹਾਈ ਕਮਾਨ ਨੇ ਤਲਬ ਕੀਤਾ ਸੀ। ਇਹ ਮੁਲਾਕਾਤ ਕਰੀਬ ਇਕ ਘੰਟੇ ਤੱਕ ਚੱਲੀ ਸੀ।
Photo
ਸਿੱਧੂ ਨੇ ਸੋਨੀਆ ਗਾਂਧੀ ਤੋਂ ਪਹਿਲਾਂ 25 ਫਰਵਰੀ ਨੂੰ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਸਿੱਧੂ ਨੇ ਕਿਹਾ ਕਿ 'ਦੋਵੇਂ ਮੁਲਾਕਾਤਾਂ ਵਿਚ ਹਾਈ ਕਮਾਂਡ ਨੇ ਉਹਨਾਂ ਦੇ ਵਿਚਾਰਾਂ ਨੂੰ ਬਹੁਤ ਠਰੰਮੇ ਅਤੇ ਗੌਰ ਨਾਲ ਸੁਣਿਆ। ਪੰਜਾਬ ਨੂੰ ਇਸ ਦੀ ਗੁਆਚੀ ਖੁਸ਼ਹਾਲੀ ਦਿਵਾਉਣ ਖ਼ਾਤਰ ਇਸ ਨੂੰ ਪੈਰਾਂ ਸਿਰ ਖੜ੍ਹੇ ਕਰਨ ਦੇ ਆਪਣੇ ਰੋਡ-ਮੈਪ ਨੂੰ ਮੈਂ ਪਿਛਲੇ ਕਈ ਸਾਲਾਂ ਤੋਂ ਮੰਤਰੀ-ਮੰਡਲ ਅਤੇ ਆਮ ਲੋਕਾਂ ਵਿਚਕਾਰ ਰੱਖਦਾ ਰਿਹਾ ਹਾਂ'।
Photo
ਦੱਸ ਦਈਏ ਕਿ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਪਿਛਲੇ ਕਾਫੀ ਸਮੇਂ ਤੋਂ ਚੁੱਪ ਸਨ। ਉਹਨਾਂ ਨੇ ਕਿਸੇ ਵੀ ਮੁੱਦੇ ‘ਤੇ ਅਪਣੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਅਤੇ ਨਾ ਹੀ ਉਹ ਕਿਸੇ ਸਿਆਸੀ ਬਹਿਸ ਦਾ ਹਿੱਸਾ ਬਣੇ ਸਨ। ਪਰ ਹੁਣ ਸਿੱਧੂ ਦੀ ਵਾਪਸੀ ਨਾਲ ਸਿਆਸੀ ਹਲਕਿਆਂ ਵਿਚ ਹਲਚਲ ਤੇਜ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Photo
ਜ਼ਿਕਰਯੋਗ ਹੈ ਕਿ ਸਿੱਧੂ ਲੰਬੇ ਸਮੇਂ ਤੋਂ ਸਿਆਸੀ ਮੁੱਦਿਆਂ ਤੋਂ ਦੂਰ ਚੱਲ ਰਹੇ ਸਨ। ਇਸ ਦੌਰਾਨ, ਉਹ ਪੰਜਾਬ ਵਿਧਾਨਸਭਾ ਸਮੇਤ ਕਿਸੇ ਵੀ ਜਨਤਕ ਮੰਚ 'ਤੇ ਨਹੀਂ ਦਿਖੇ । ਜੁਲਾਈ 2019 ਵਿਚ ਆਪਣਾ ਵਿਭਾਗ ਬਦਲਣ ਤੋਂਂ ਬਾਅਦ ਉਹਨਾਂ ਨੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।
Photo
ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਸਟਾਰ ਪ੍ਰਚਾਰਕ ਬਣਨ ਤੋਂ ਬਾਅਦ ਵੀ ਕਾਂਗਰਸ ਲਈ ਪ੍ਰਚਾਰ ਨਹੀਂ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਕਾਂਗਰਸ ਛੱਡਣ ਬਾਰੇ ਖ਼ਬਰਾਂ ਆਉਣ ਲੱਗ ਗਈਆ ਸਨ। ਪਰ ਸਿੱਧੂ ਦੀ ਸੋਨੀਆ ਗਾਂਧੀ ਨਾਲ ਹੋਈ ਇਸ ਮੁਲਾਕਾਤ ਨੇ ਸਾਰੀਆਂ ਅਫ਼ਵਾਹਾਂ 'ਤੇ ਲਗਾਮ ਲਗਾ ਦਿੱਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।