
ਆਮ ਆਦਮੀ ਪਾਰਟੀ 'ਚ ਜਾਣ ਦੀਆਂ ਕਿਆਸ-ਅਰਾਮੀਆਂ ਦੇ ਮੱਧਮ ਪੈਣ ਦੇ ਅਸਾਰ
ਚੰਡੀਗੜ੍ਹ : ਦਿੱਲੀ ਚੋਣਾਂ ਵਿਚ 'ਆਪ' ਨੂੰ ਮਿਲੀ ਜ਼ਬਰਦਸਤ ਜਿੱਤ ਤੋਂ ਬਾਅਦ ਪੰਜਾਬ ਅੰਦਰ ਵੀ ਆਮ ਆਦਮੀ ਪਾਰਟੀ ਦਾ ਸੂਰਜ ਮੁੜ ਉਦੈ ਹੋਣ ਦੀਆਂ ਕਿਆਸ-ਅਰਾਈਆਂ ਨੂੰ ਬਲ ਮਿਲਿਆ ਹੈ। ਪਰ ਦਿਗਜ਼ ਆਗੂ ਦੀ ਕਮੀ ਨਾਲ ਜੂਝ ਰਹੀ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਲਈ ਇਸ ਮੌਕੇ ਦਾ ਫ਼ਾਇਦਾ ਉਠਾਉਣ ਦਾ ਸੁਫ਼ਨਾ ਹਾਲ ਦੀ ਘੜੀ ਪੂਰਾ ਹੁੰਦਾ ਨਜ਼ਰ ਨਹੀਂ ਆਉਂਦਾ। ਇਸੇ ਦੌਰਾਨ ਸਿਆਸੀ ਮੁੱਦਿਆਂ ਦੀ ਚੀਰ-ਫਾੜ ਕਰਨ ਵਾਲੇ ਬਹੁਤੇ ਸੂਤਰਾਂ ਰਾਹੀਂ ਆਮ ਆਦਮੀ ਪਾਰਟੀ ਦੀ ਮੰਝਧਾਰ ਵਿਚ ਫਸੀ ਕਿਸ਼ਤੀ ਨੂੰ ਨਵਜੋਤ ਸਿੱਧੂ ਰੂਪੀ ਮਲਾਹ ਰਾਹੀਂ ਸਿਰੇ ਲਾਉਣ ਦੀਆਂ ਕਨਸੋਆਂ ਵੀ ਬਾਹਰ ਆਈਆਂ ਹਨ। ਸਿੱਧੂ ਇਸ ਵੇਲੇ ਲੰਮੀ ਸਿਆਸੀ ਚੁੱਪੀ ਅਧੀਨ ਚੱਲ ਰਹੇ ਹਨ। ਉਹ ਕਾਂਗਰਸ ਅੰਦਰ ਵੀ ਖੂੰਝੇ ਲੱਗਿਆ ਮਹਿਸੂਸ ਕਰ ਰਹੇ ਹਨ।
Photo
ਉਨ੍ਹਾਂ ਦੇ ਸਿਆਸੀ ਆੜੀ ਪ੍ਰਗਟ ਸਿੰਘ ਨੇ ਜਿਸ ਤਰ੍ਹਾਂ ਮੁੱਖ ਮੰਤਰੀ ਵੱਲ ਪੱਤਰ ਲਿਖ ਕੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਾਏ ਹਨ, ਉਸ ਤੋਂ ਸਿੱਧੂ ਵਲੋਂ ਆਮ ਆਦਮੀ ਪਾਰਟੀ ਅੰਦਰ ਸ਼ਾਮਲ ਹੋਣ ਵਰਗਾ ਕੋਈ ਵੱਡਾ ਧਮਾਕਾ ਕਰਨ ਦੀਆਂ ਕਨਸੋਆਂ ਨੂੰ ਹਵਾ ਮਿਲੀ ਹੈ। ਪਰ ਹੁਣ ਸਵਾਲ ਇਹ ਪੈਂਦਾ ਹੁੰਦਾ ਹੈ ਕਿ ਸਿੱਧੂ ਨੂੰ ਆਮ ਆਦਮੀ ਪਾਰਟੀ ਅੰਦਰ ਲੈ ਕੇ ਆਵੇਗਾ ਕੌਣ? ਕੀ ਸਿੱਧੂ ਖੁਦ ਹੀ ਆਮ ਆਦਮੀ ਪਾਰਟੀ ਅੰਦਰ ਚਲੇ ਜਾਣਗੇ ਜਾਂ ਪਾਰਟੀ ਵਲੋਂ ਉਨ੍ਹਾਂ ਵੱਲ ਹੱਥ ਵਧਾਇਆ ਜਾਵੇਗਾ। ਪਰ ਸਿਆਸੀ ਮਾਹਰ ਇਨ੍ਹਾਂ ਦੋਵਾਂ ਸੰਭਾਵਨਾਵਾਂ ਤੋਂ ਇਨਕਾਰ ਕਰਦੇ ਹਨ।
Photo
ਇਸੇ ਦੌਰਾਨ ਇੰਸਟੀਚਿਊਟ ਆਫ਼ ਡਿਵੈਲਪਮੈਂਟ ਕਮਿਊਨੀਕੇਸ਼ਨ ਦੇ ਡਾਇਰੈਕਟਰ ਡਾ. ਪ੍ਰਮੋਦ ਕੁਮਾਰ ਦੀਆਂ ਇਨ੍ਹਾਂ ਕਿਆਸ-ਅਰਾਈਆਂ ਬਾਰੇ ਭਾਵਪੂਰਤ ਟਿੱਪਣੀਆਂ ਸਾਹਮਣੇ ਆਈਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਿੱਧੂ ਆਮ ਆਦਮੀ ਪਾਰਟੀ ਅੰਦਰ ਸ਼ਾਮਲ ਹੋ ਵੀ ਜਾਂਦੇ ਹਨ, ਤਾਂ ਵੀ ਇਸ ਨਾਲ ਪੰਜਾਬ ਦਾ ਭਲਾ ਹੋਣ ਦੇ ਅਸਾਰ ਬੜੇ ਮੱਧਮ ਹਨ। ਇਸ ਨਾਲ ਭਾਵੇਂ ਕੁੱਝ ਮਹੀਨਿਆਂ ਤਕ ਆਮ ਆਦਮੀ ਪਾਰਟੀ ਤੇ ਸਿੱਧੂ ਮੀਡੀਆ ਦੀਆਂ ਸੁਰਖੀਆਂ ਭਾਵੇਂ ਜ਼ਰੂਰ ਬਟੋਰ ਲੈਣਗੇ ਪਰ ਇਨ੍ਹਾਂ ਦੀ ਸਫ਼ਲਤਾ ਦੀਆਂ ਸੰਭਾਵਨਾਵਾਂ ਬੜੀਆਂ ਮੱਧਮ ਹਨ।
Photo
ਆਮ ਆਦਮੀ ਪਾਰਟੀ ਪੰਜਾਬ ਅੰਦਰ ਜਿੱਥੇ ਵਿਰੋਧੀ ਧਿਰ ਦਾ ਅਪਣਾ ਫ਼ਰਜ਼ ਨਿਭਾਉਣ ਵਿਚ ਵੀ ਨਾਕਾਮ ਸਾਬਤ ਹੋਈ ਹੈ, ਉਥੇ ਹੀ ਪਾਰਟੀ ਅੰਦਰਲੇ ਦਿਗਜ਼ ਆਗੂਆਂ ਨੂੰ ਸਾਂਭਣ 'ਚ ਅਸਮਰਥ ਰਹੀ ਹੈ। ਇਸ ਨਾਲ ਪਾਰਟੀ ਦੀ ਕਾਰਜ-ਸਮਰੱਥਾ 'ਤੇ ਵੱਡੇ ਸਵਾਲੀਆਂ ਨਿਸ਼ਾਨ ਲੱਗੇ ਹਨ। ਪਾਰਟੀ ਜਿੱਥੇ ਖੁਦ ਨੂੰ ਇਕਜੁਟ ਕਰਨ 'ਚ ਅਸਫ਼ਲ ਸਾਬਤ ਹੋਈ ਹੈ ਉਥੇ ਹੀ ਕਈ ਵੱਡੇ ਦਿਗਜ਼ ਆਗੂਆਂ ਦਾ ਪਾਰਟੀ ਤੋਂ ਅਲਹਿਦਾ ਹੋਣਾ ਵੀ ਪਾਰਟੀ ਲਈ ਸ਼ੁਭ ਸਗਨ ਨਹੀਂ ਹੈ। ਸਭ ਤੋਂ ਵੱਡੀ ਗੱਲ ਹੁਣ ਆਮ ਆਦਮੀ ਪਾਰਟੀ ਦੀ 'ਵਿਲੱਖਣ ਸਿਆਸਤ' ਵਾਲੀ ਛਵੀ ਲਗਭਗ ਸਮਾਪਤ ਹੋ ਚੁੱਕੀ ਹੈ। ਸੂਤਰਾਂ ਅਨੁਸਾਰ ਸਿੱਧੂ ਦੇ ਆਮ ਆਦਮੀ ਪਾਰਟੀ ਅੰਦਰ ਜਾਣ ਦੀਆਂ ਅਫ਼ਵਾਹਾਂ ਨੂੰ ਜਾਣਬੁਝ ਕੇ ਹਵਾ ਦਿਤੀ ਜਾ ਰਹੀ ਹੈ। ਪੰਜਾਬ ਕਾਂਗਰਸ ਅੰਦਰ ਆਉਂਦੇ ਦਿਨਾਂ ਦੌਰਾਨ ਵੱਡੇ ਸਿਆਸੀ ਫੇਰ-ਬਦਲ ਹੋਣ ਦੀਆਂ ਸੰਭਾਵਨਾਵਾਂ ਹਨ, ਜਿਸ ਦੇ ਇਤਜ਼ਾਰ 'ਚ ਸਿੱਧੂ ਅਪਣੀ ਸਿਆਸੀ ਚੁਪੀ ਨੂੰ ਲਮੇਰਾ ਖਿੱਚ ਰਹੇ ਹਨ।
Photo
ਸੂਤਰਾਂ ਅਨੁਸਾਰ ਸਿੱਧੂ ਦੇ ਆਮ ਆਦਮੀ ਪਾਰਟੀ ਅੰਦਰ ਰਾਹ ਉਨੇ ਅਸਾਨ ਵੀ ਨਹੀਂ ਹਨ, ਜਿੰਨੇ ਪ੍ਰਚਾਰੇ ਜਾ ਰਹੇ ਹਨ। ਸੂਤਰਾਂ ਅਨੁਸਾਰ ਪਹਿਲੀ ਨਜ਼ਰੇ ਭਗਵੰਤ ਮਾਨ ਤੇ ਹਰਪਾਲ ਚੀਮਾ ਅਜਿਹਾ ਹੋਣ ਦੇਣ ਲਈ ਰਾਜ਼ੀ ਨਹੀਂ ਹੋਣਗੇ। ਕਿਉਂਕਿ ਜਿਸ ਤਰ੍ਹਾਂ ਭਗਵੰਤ ਮਾਨ ਹੋਲੀ ਹੋਲੀ ਦਿਗਜ਼ ਆਗੂਆਂ ਨੂੰ ਬਾਹਰ ਦਾ ਰਸਤਾ ਵਿਖਾ ਚੁੱਕੇ ਹਨ, ਉਸ ਤੋਂ ਉਨ੍ਹਾਂ ਵਲੋਂ ਏਨੀ ਅਸਾਨੀ ਨਾਲ ਨਵਜੋਤ ਸਿੱਧੂ ਨੂੰ ਸਵੀਕਾਰ ਕਰਨ ਦੀਆਂ ਸੰਭਾਵਨਾਵਾਂ ਨਹੀਂ ਦਿਖਾਈ ਦਿੰਦੀਆਂ।
Photo
ਨਵਜੋਤ ਸਿੰਘ ਸਿੱਧੂ ਸਾਰੇ ਗੁਆਢੀ ਦੇਸ਼ਾਂ ਨਾਲ ਸਹਿਯੋਗ ਦਾ ਰਸਤਾ ਅਪਣਾ ਕੇ ਫੈਡਰਲ ਸਿਸਟਮ ਬਣਾਉਣ ਦੇ ਹਾਮੀ ਹਨ ਜਦਕਿ ਆਮ ਆਦਮੀ ਪਾਰਟੀ ਦਾ ਏਜੰਡਾ ਹੁਣ ਕੁੱਝ ਹੋਰ ਹੀ ਹੈ। ਵਿਵਸਥਾ ਬਦਲਣ ਤੋਂ ਸਿਆਸਤ ਦੀ ਸ਼ੁਰੂਆਤ ਕਰਨ ਵਾਲੀ ਆਮ ਆਦਮੀ ਪਾਰਟੀ ਹੁਣ ਮੁਫ਼ਤ ਸਿੱਖਿਆ, ਬਿਜਲੀ ਪਾਣੀ ਅਤੇ ਹੋਰ ਅਜਿਹੇ ਮੁੱਦਿਆਂ ਨੂੰ ਉਭਾਰ ਕੇ ਸੱਤਾ 'ਚ ਪਰਤਣ ਦੀ ਹਾਮੀ ਹੈ, ਜੋ ਬਾਕੀ ਰਵਾਇਤੀ ਪਾਰਟੀਆਂ ਨਾਲ ਮੇਲ ਖਾਂਦਾ ਹੈ। ਸੋ ਕੋਈ ਨਵਾਂ ਕਰਨ ਦੀ ਚਾਹਤ ਰੱਖਣ ਵਾਲੇ ਸਿੱਧੂ ਦੀ ਆਮ ਆਦਮੀ ਪਾਰਟੀ ਅੰਦਰ ਦਾਲ ਗਲਣ ਦੀਆਂ ਸੰਭਾਵਨਾਵਾਂ ਬੜੀਆਂ ਮੱਧਮ ਹਨ ਜੋ ਅਫ਼ਵਾਹਾਂ ਤੋਂ ਵੱਧ ਕੁੱਝ ਵੀ ਨਹੀਂ ਹਨ।