
ਗੁਜਰਾਤ 'ਚ ਰਾਜ ਸਭਾ ਦੀਆਂ ਤਿੰਨ ਸੀਟਾਂ 'ਤੇ ਹੋਈ ਚੋਣ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ
ਅਹਿਮਦਾਬਾਦ, 8 ਅਗੱਸਤ : ਗੁਜਰਾਤ 'ਚ ਰਾਜ ਸਭਾ ਦੀਆਂ ਤਿੰਨ ਸੀਟਾਂ 'ਤੇ ਹੋਈ ਚੋਣ ਵਿਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਦੀ ਜਿੱਤ ਪੱਕੀ ਮੰਨੀ ਜਾ ਰਹੀ ਹੈ ਪਰ ਕਰਾਸ ਵੋਟਿੰਗ ਕਾਰਨ ਕਾਂਗਰਸ ਦੇ ਅਹਿਮਦ ਪਟੇਲ ਦਾ ਮੁਕਾਬਲਾ ਫਸਵਾਂ ਬਣ ਗਿਆ ਹੈ। ਕਾਂਗਰਸ ਨੇ ਅਪਣੇ ਦੋ ਵਿਧਾਇਕਾਂ ਦੀਆਂ ਵੋਟਾਂ ਰੱਦ ਕਰਵਾਉਣ ਲਈ ਚੋਣ ਕਮਿਸ਼ਨ ਦਾ ਬੂਹਾ ਥਪਥਪਾਇਆ ਜਿਸ ਪਿਛੋਂ ਗਿਣਤੀ ਦੀ ਪ੍ਰਕਿਰਿਆ ਲਟਕ ਗਈ। ਭਾਜਪਾ ਨੇ ਵੀ ਮਾਮਲੇ ਦਾ ਤੁਰਤ ਨਿਪਟਾਰਾ ਕਰਵਾਉਣ ਲਈ ਚੋਣ ਕਮਿਸ਼ਨ ਕੋਲ ਅਰਜ਼ੀ ਦਾਖ਼ਲ ਕੀਤੀ ਅਤੇ ਕਾਂਗਰਸ ਦੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ।
ਕਾਂਗਰਸ ਨੇ ਦਾਅਵਾ ਕੀਤਾ ਕਿ ਸ਼ੰਕਰ ਸਿੰਘ ਵਾਘੇਲਾ ਧੜੇ ਦੇ ਦੋ ਵਿਧਾਇਕਾਂ ਰਾਘਵਜੀ ਪਟੇਲ ਅਤੇ ਭੋਲਾ ਗੋਹਿਲ ਨੇ ਪਾਰਟੀ ਦੇ ਅਧਿਕਾਰਤ ਏਜੰਟ ਤੋਂ ਇਲਾਵਾ ਭਾਜਪਾ ਦੇ ਏਜੰਟ ਨੂੰ ਵੀ ਅਪਣਾ ਬੈਲੇਟ ਪੇਪਰ ਵਿਖਾਇਆ। ਕਾਂਗਰਸ ਨੇ ਕਿਹਾ ਕਿ ਪਟੇਲ ਅਤੇ ਗੋਹਿਲ ਨੇ ਅਪਣੇ ਬੈਲੇਟ ਪੇਪਰ ਦੋਹਾਂ ਪਾਰਟੀਆਂ ਦੇ ਏਜੰਟਾ ਨੂੰ ਵਿਖਾਏ ਜਿਸ ਦੇ ਆਧਾਰ 'ਤੇ ਇਨ੍ਹਾਂ ਵੋਟਾਂ ਨੂੰ ਰੱਦ ਕਰ ਦਿਤਾ ਜਾਵੇ।
ਪਾਰਟੀ ਦੇ ਸੀਨੀਅਰ ਆਗੂ ਸ਼ਕਤੀ ਸਿੰਘ ਨੇ ਕਿਹਾ, ''ਉਨ੍ਹਾਂ ਨੇ ਭਾਜਪਾ ਨੂੰ ਵੋਟ ਪਾਈ ਹੈ। ਬੈਲੇਟ ਪੇਪਰ ਮੈਨੂੰ ਵਿਖਾਉਣ ਮਗਰੋਂ ਉਨ੍ਹਾਂ ਨੇ ਅਮਿਤ ਸ਼ਾਹ ਵਲ ਵੀ ਬੈਲੇਟ ਪੇਪਰ ਲਹਿਰਾਏ ਅਤੇ ਇਸ ਦੀ ਵੀਡੀਉ ਵੀ ਮੌਜੂਦ ਹੈ।'' ਉਧਰ ਗੁਜਰਾਤ ਵਿਚ ਜਨਤਾ ਦਲ-ਯੂ ਦੇ ਇਕੋ ਇਕ ਵਿਧਾਇਕ ਛੋਟੂ ਵਾਸਵ ਨੇ ਕਾਂਗਰਸ ਦੇ ਹੱਕ ਵਿਚ ਵੋਟ ਪਾਈ। ਰਾਜ ਸਭਾ ਚੋਣਾਂ ਲਈ ਕੁਲ 173 ਵੋਟਾਂ ਪਈਆਂ ਜਿਨ੍ਹਾਂ ਵਿਚੋਂ ਅਹਿਮਦ ਪਟੇਲ ਨੂੰ 44 ਵੋਟਾਂ ਮਿਲਣ ਦੀ ਰੀਪੋਰਟ ਹੈ।
ਇਨ੍ਹਾਂ ਵਿਚੋਂ 43 ਵੋਟਾਂ ਕਾਂਗਰਸੀ ਵਿਧਾਇਕਾਂ ਦੀਆਂ ਹਨ ਜਦਕਿ ਇਕ ਵੋਟ ਜਨਤਾ ਦਲ-ਯੂ ਵਿਧਾਇਕ ਦੀ ਹੈ। (ਏਜੰਸੀ)