
ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ 'ਤੇ ਲੋਕ ਸਭਾ ਨੇ ਸਰਬਸੰਮਤੀ ਨਾਲ ਇਕ ਸੰਕਲਪ ਪ੍ਰਵਾਨ ਕੀਤਾ ਜਿਸ ਵਿਚ ਸਾਰੇ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਅਗਲੇ ਪੰਜ ਸਾਲ..
ਨਵੀਂ ਦਿੱਲੀ, 9 ਅਗੱਸਤ : ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ 'ਤੇ ਲੋਕ ਸਭਾ ਨੇ ਸਰਬਸੰਮਤੀ ਨਾਲ ਇਕ ਸੰਕਲਪ ਪ੍ਰਵਾਨ ਕੀਤਾ ਜਿਸ ਵਿਚ ਸਾਰੇ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਅਗਲੇ ਪੰਜ ਸਾਲ ਯਾਨੀ 2022 ਤਕ ਮਹਾਤਮਾ ਗਾਂਧੀ ਅਤੇ ਸਾਰੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਦੇ ਭਾਰਤ ਦਾ ਨਿਰਮਾਣ ਕਰਨ ਦੀ ਗੱਲ ਕਹੀ ਗਈ ਹੈ।
ਲੋਕ ਸਭਾ ਵਿਚ 'ਭਾਰਤ ਛੱਡੋ ਅੰਦੋਲਨ' ਦੀ 75ਵੀਂ ਵਰ੍ਹੇਗੰਢ ਮੌਕੇ ਹੋਈ ਵਿਸ਼ੇਸ਼ ਚਰਚਾ ਤੋਂ ਬਾਅਦ ਸਦਨ ਨੇ ਇਹ ਸੰਕਲਪ ਪ੍ਰਵਾਨ ਕੀਤਾ। ਸੰਕਲਪ ਪੱਤਰ ਵਿਚ ਕਿਹਾ ਗਿਆ ਹੈ, 'ਅੱਜ 9 ਅਗੱਸਤ 2017 ਨੂੰ ਭਾਰਤ ਛੱਡੋ ਅੰਦੋਲਨ ਦੇ 75ਵੇਂ ਸਾਲ ਵਿਚ ਅਸੀਂ ਸੰਕਲਪ ਲੈਂਦੇ ਹਾਂ ਕਿ ਖ਼ੁਸ਼ਹਾਲ, ਸੁਖੀ, ਸਾਫ਼ ਅਤੇ ਪ੍ਰਭਾਵਸ਼ਾਲੀ ਭਾਰਤ ਦੇ ਨਿਰਮਾਣ ਲਈ ਸਾਰੇ ਮਿਲ ਜੁਲ ਕੇ ਯਤਨ ਕਰਾਂਗੇ।' ਕਿਹਾ ਗਿਆ ਹੈ, '125 ਕਰੋੜ ਦੇਸ਼ਵਾਸੀਆਂ ਦੇ ਅਸੀਂ ਸਾਰੇ ਜਨ ਪ੍ਰਤੀਨਿਧ ਸੰਕਲਪ ਕਰਦੇ ਹਾਂ ਕਿ ਸਾਰੇ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਅਗਲੇ ਪੰਜ ਸਾਲ ਵਿਚ ਇਸ ਦੇਸ਼
ਨੂੰ ਮਹਾਤਮਾ ਗਾਂਧੀ ਤੇ ਸਾਰੇ ਆਜ਼ਾਦੀ ਘੁਲਾਟੀਆਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਲਈ ਯਤਨ ਕਰਾਂਗੇ।'
ਚਰਚਾ ਵਿਚ ਹਿੱਸਾ ਲੈਂਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਹ ਮੌਕਾ ਮਹਾਂਪੁਰਸ਼ਾਂ ਦੀ ਕੁਰਬਾਨੀ ਨੂੰ ਨਵੀਂ ਪੀੜ੍ਹੀ ਤਕ ਪਹੁੰਚਾਉਣ ਦਾ ਹੈ। ਨਵੇਂ ਭਾਰਤ ਲਈ ਇਹ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗਾਂਧੀ ਦੀ ਅਗਵਾਈ ਵਿਚ ਸਾਲ 1942 ਵਿਚ ਹੋਏ ਇਤਿਹਾਸਕ ਅੰਦੋਲਨ ਵਿਚ ਹਿੱਸਾ ਲੈਣ ਵਾਲਿਆਂ ਨੂੰ ਸਲਾਮ ਕਰਦੇ ਹਾਂ ਅਤੇ ਉਨ੍ਹਾਂ ਕੋਲੋਂ ਸੱਭ ਨੂੰ ਪ੍ਰੇਰਣਾ ਲੈਣੀ ਚਾਹੀਦੀ ਹੈ। ਮੋਦੀ ਨੇ ਕਿਹਾ ਕਿ ਗਾਂਧੀ ਦੀ ਅਗਵਾਈ ਵਿਚ ਪੂਰਾ ਦੇਸ਼ ਇਕਜੁੱਟ ਹੋਇਆ ਸੀ। ਉਨ੍ਹਾਂ ਕਿਹਾ ਕਿ ਨਾ ਤਾਂ ਭ੍ਰਿਸ਼ਟਾਚਾਰ ਕਰਾਂਗੇ ਤੇ ਨਾ ਹੀ ਕਰਨ ਦੇਵਾਂਗੇ। ਮੋਦੀ ਨੇ ਕਿਹਾ ਕਿ ਅੱਜ ਗ਼ਰੀਬੀ, ਕੁਪੋਸ਼ਣ, ਅਨਪੜ੍ਹਤਾ, ਭ੍ਰਿਸ਼ਟਾਚਾਰ ਦੇਸ਼ ਸਾਹਮਣੇ ਸੱਭ ਤੋਂ ਵੱਡੀਆਂ ਚੁਨੌਤੀਆਂ ਹਨ। ਉਨ੍ਹਾਂ ਕਿਹਾ ਕਿ ਸਵਾ ਸੌ ਕਰੋੜ ਦੇਸ਼ਵਾਸੀਆਂ ਨਾਲ ਮਿਲ ਕੇ ਗਾਂਧੀ ਦਾ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਫ਼ਿਰਕਾਪ੍ਰਸਤੀ, ਜਾਤੀਵਾਦ, ਭ੍ਰਿਸ਼ਟਾਚਾਰ ਜਿਹੀਆਂ ਸਮੱਸਿਆਵਾਂ ਤੋਂ ਮੁਕਤ ਬਣਾਉਣ ਲਈ ਸਾਰੇ ਮਿਲ ਕੇ ਕੰਮ ਕਰੋ ਅਤੇ 2022 ਤਕ 'ਨਵੇਂ ਭਾਰਤ' ਦਾ ਨਿਰਮਾਣ ਕੀਤਾ ਜਾਵੇ। ਉਨ੍ਹਾਂ ਕਿਹਾ, 'ਅਸੀਂ ਕਰਾਂਗੇ ਅਤੇ ਕਰ ਕੇ ਰਹਾਂਗੇ' ਦੀ ਭਾਵਨਾ ਨਾਲ ਅੱਗੇ ਵਧਿਆ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ ਜੀਐਸਟੀ ਨੂੰ ਅਪਣੀ ਸਰਕਾਰ ਦੀ ਪ੍ਰਾਪਤੀ ਦਸਿਆ ਤੇ ਨਾਲ ਹੀ ਵਿਰੋਧੀ ਧਿਰ ਨੂੰ ਘੇਰਨ ਲਈ ਭ੍ਰਿਸ਼ਟਾਚਾਰ ਦਾ ਮੁੱਦਾ ਚੁਕਿਆ।