
ਭਾਰਤ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ
ਨਵੀਂ ਦਿੱਲੀ : ਭਾਰਤ ਵਿਚ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਹਾਲ ਹੀ ਵਿਚ ਆਈ ਇਕ ਰਿਪੋਰਟ ਦੇ ਅੰਕੜਿਆਂ ਵਿਚ ਇਸ ਦੀ ਗਿਣਤੀ 700 ਦੇ ਕਰੀਬ ਜਾ ਪੁੱਜੇ ਹਨ। ਕੇਂਦਰ ਸਿਹਤ ਮੰਤਰਾਲੇ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਵਿਚ ਕਰੋਨਾ ਵਾਇਰਸ ਦੇ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 16 ਹੋ ਗਈ ਹੈ ਅਤੇ ਹੁਣ ਤੱਕ ਇਸ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਦਾ ਅੰਕੜਾ 694 ਹੋ ਗਿਆ ਹੈ ਅਤੇ ਇਸ ਵਿਚ 80 ਨਵੇਂ ਮਾਮਲੇ ਦਰਜ਼ ਹੋਏ ਹਨ। ਦੱਸ ਦੱਈਏ ਕਿ ਦੇਸ ਵਿਚ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਕੇਰਲ ਅਤੇ ਮਹਾਂਰਾਸ਼ਟਰ ਹਨ। ਕੇਂਦਰੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਭਾਰਤ ਵਿਚ ਹਾਲੇ ਇਹ ਵਾਇਰਸ ਦੂਜੇ ਪੱਧਰ ਤੱਕ ਦਾ ਹੈ।
coronavirus
ਜ਼ਿਕਰਯੋਗ ਹੈ ਕਿ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਦਾ ਅੰਕੜਾ 5 ਲੱਖ ਅਤੇ 31 ਹਜ਼ਾਰ ਨੂੰ ਪਾਰ ਕਰ ਗਿਆ ਹੈ। ਜਦਕਿ ਇਸ ਵਾਇਰਸ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ 24 ਹਜ਼ਾਰ ਤੋਂ ਵੀ ਪਾਰ ਹੋ ਗਈ ਹੈ। ਨਾਲ ਹੀ ਇਹ ਵੀ ਦੱਸ ਦੱਈਏ ਕਿ 1 ਲੱਖ 23 ਹਜ਼ਾਰ ਦੇ ਕਰੀਬ ਅਜਿਹੇ ਲੋਕ ਵੀ ਹਨ ਜਿਹੜੇ ਇਸ ਵਾਇਰਸ ਦੀ ਲਪੇਟ ਵਿਚੋਂ ਬਾਹਰ ਉਭਰ ਆਏ ਹਨ। ਉਥੇ ਹੀ ਕਰੋਨਾ ਸੰਕਟ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜੀ-20 ਦੇਸ਼ਾਂ ਦੇ ਸਮੂਹ ਨੂੰ ਅਪੀਲ ਕੀਤੀ ਹੈ ਕਿ ਉਹ ਕੋਮਾਂਤਰੀ ਸਹਿਯੋਗ ਲਈ ਸਾਡੇ ਦ੍ਰਿਸ਼ਟੀਕੋਣ ਦੇ ਕੇਂਦਰ ਬਿੰਦੂ ਵਿਚ ਆਰਥਿਕ ਟੀਚਿਆਂ ਦੀ ਥਾਂ ਮਨੁੱਖ ਨੂੰ ਰੱਖਿਆ ਜਾਵੇ। ਨਾਲ ਹੀ ਪ੍ਰਧਾਨ ਮੰਤਰੀ ਨੇ ਦੇਸ਼ ਵਿਚ ਵਧ ਰਹੇ ਕਰੋਨਾ ਦੇ ਪ੍ਰਭਾਵ ਕਾਰਨ 21 ਦਿਨ ਦਾ ਲੌਕਡਾਊਨ ਕੀਤਾ ਹੈ ਅਤੇ ਉਥੇ ਹੀ ਕਈ ਗਰੀਬ, ਬਜੁਰਗਾਂ ਅਤੇ ਹੇਠਲੇ ਪੱਧਰ ਦੇ ਵਰਗਾਂ ਨੂੰ ਰਾਹਤ ਦਿੰਦੇ ਹੋਏ 1.70 ਲੱਖ ਕਰੋੜ ਰੁਪਏ ਦੀ ਰਾਸ਼ੀ ਦਾ ‘ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ’ ਦਾ ਐਲਾਨ ਵੀ ਕੀਤਾ ਹੈ।