
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਲਾ ਸਾਹਿਬ ਹਸਪਤਾਲ...
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਪ੍ਰਜੈਕਟਾਂ ਸਬੰਧੀ ਝੂਠੇ ਦੋਸ਼ਾਂ ਦੇ ਆਧਾਰ ’ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਖ਼ਿਲਾਫ਼ ਬਾਦਲਾਂ ਵੱਲੋਂ ਗੁੰਮਰਾਹਕੁੰਨ ਅਤੇ ਤੱਥਹੀਣ ਦੋਸ਼ਾਂ ਨੂੰ ਸੰਗਤ ਵੱਲੋਂ ਰੱਦ ਕਰਨ ਤੋਂ ਬਾਅਦ ਹੁਣ ਅਦਾਲਤ ਨੇ ਵੀ ਅਜਿਹੇ ਝੂਠੇ ਦੋਸ਼ਾਂ ਨੂੰ ਸਵੀਕਾਰ ਨਹੀਂ ਕੀਤਾ। ਇਸ ਫ਼ੈਸਲੇ ਤੋਂ ਬਾਅਦ ਇਲਾਹੀ ਨਿਆਂ ਮਿਲਣ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਖੁਸ਼ੀ ਦੀ ਲਹਿਰ ਹੈ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਝੂਠ ਉੱਪਰ ਸੱਚਾਈ ਦੀ ਇੱਕ ਹੋਰ ਜਿੱਤ ਦੀ ਤਸਵੀਰ ਅਦਾਲਤ ਵੱਲੋਂ ਸਾਹਮਣੇ ਲਿਆਉਣ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਯੋਗ ਤੌਰ ਤੇ ਧਾਰਮਿਕ ਪਾਰਟੀ ਵਜੋਂ ਆਪਣੀ ਮਾਨਤਾ ਨੂੰ ਬਹਾਲੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ।
ਉਨ੍ਹਾਂ ਆਖਿਆ ਕਿ ਹੁਣ ਇਹ ਵੀ ਸਪਸ਼ਟ ਹੋ ਗਿਆ ਹੈ ਕਿ ਉਨ੍ਹਾਂ ਦੀ ਪਾਰਟੀ ਧਾਰਮਿਕ ਖੇਤਰ ਵਿੱਚ ਆਉਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲਵੇਗੀ। ਪਾਰਟੀ ਪ੍ਰਧਾਨ ਨੇ ਦੋਸ਼ ਲਾਇਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਾਦਲਾਂ ਦੀ ਜੁੰਡਲੀ ਦੇ ਮੈਂਬਰਾਂ ਨੇ ਸਾਜ਼ਬਾਜ਼ ਹੋ ਕੇ ਗਲਤ ਤੱਥ ਪੇਸ਼ ਕਰਕੇ ਅਜਿਹੀ ਚਾਲ ਚੱਲੀ ਕਿ ਪੰਥਕ ਸ਼ਮੂਲੀਅਤ ਨੂੰ ਖਤਮ ਕਰਨ, ਗ਼ਲਤ ਇਰਾਦੇ ਨਾਲ , ਸ਼ਰ੍ਹੇਆਮ ਝੂਠ ਦਾ ਸਹਾਰਾ ਲੈ ਕੇ ਅਤੇ, ਗੁਰੂ ਘਰਾਂ ਅਤੇ ਦਿੱਲੀ ਦੇ ਵਿੱਦਿਅਕ ਅਦਾਰਿਆਂ ਤੇ ਜ਼ਬਰਦਸਤੀ ਕਬਜ਼ਾ ਕਰ ਲਿਆ ਜਾਵੇ ਪਰ ਹੁਣ ਅਜਿਹਾ ਨਹੀਂ ਹੋਵੇਗਾ।
ਉਨ੍ਹਾਂ ਪਰਮਾਤਮਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਪਾਰਟੀ ਅਤੇ ਮੈਂਬਰਾਂ ਦਾ ਗੁਰੂ ਵਿੱਚ ਪੂਰਨ ਅਟੁੱਟ ਵਿਸ਼ਵਾਸ ਹੈ ਅਤੇ ਗੁਰੂ ਦੇ ਆਸ਼ੇ ਮੁਤਾਬਕ ਸਬਰ, ਸੰਤੋਖ ਸੰਜਮ ਅਤੇ ਸੱਚਾਈ ਦੀ ਜਿੱਤ ਵਜੋਂ ਇਹ ਫੈਸਲਾ ਆਇਆ ਹੈ। ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਪੱਸ਼ਟ ਤੌਰ ਤੇ ਆਰੰਭੀ ਲੰਬੇ ਸਮੇਂ ਤੋਂ ਕਾਨੂੰਨੀ ਪ੍ਰਕਿਰਿਆ ਰਾਹੀਂ ਜਿੱਤਣ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੀ ਹੈ। ਉਨ੍ਹਾਂ ਆਖਿਆ ਕਿ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕ ਅਨੁਸਾਰ "ਕੂੜ ਨਿਖੁਟੇ ਨਾਨਕਾ ਓੜਕ ਸੱਚ ਰਹੀ" ਦੀ ਓਟ ਆਸਰੇ ਅਨੁਸਾਰ ਝੂਠ ਦੇ ਸੌਦਾਗਰ ਹਮੇਸ਼ਾ ਹਾਰ ਜਾਂਦੇ ਹਨ ਅਤੇ ਸਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ।
ਸਰਦਾਰ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਪਿਛਲੇ ਦਸ ਸਾਲਾਂ ਤੋਂ ਬਾਦਲ ਜੁੰਡਲੀ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਝੂਠੇ ਦੋਸ਼ਾਂ ਲਈ ਅਤੇ ਘਟੀਆ ਪ੍ਰਚਾਰ ਕਰਨ ਸਵਾਰਥੀ ਹਿੱਤਾਂ ਦੀ ਨੀਤੀ ਤਹਿਤ ਕੰਮ ਕਰਦਿਆਂ ਬਾਲਾ ਸਾਹਿਬ ਹਸਪਤਾਲ ਨੂੰ ਕਿਸੇ ਨਿੱਜੀ ਕੰਪਨੀ ਨੂੰ ਗਹਿਣੇ ਰੱਖਣ ਅਤੇ ਵੇਚਣ ਦੇ ਕਈ ਨਿਰਮੂਲ,ਆਧਾਰਹੀਣ, ਤੱਥਹੀਣ ,ਬਦਨਾਮ ਕਰਨ ਦੀ ਸਾਜ਼ਿਸ਼ ਤਹਿਤ ਦੋਸ਼ ਲਾਏ ਸਨ ਜਿਨ੍ਹਾਂ ਨੂੰ ਅਦਾਲਤ ਨੇ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ਅਦਾਲਤੀ ਪ੍ਰਕਿਰਿਆ ਨੇ ਇਸ ਮੁਕੱਦਮੇ ਨੂੰ ਵੀ ਮੁੱਢੋਂ ਹੀ ਰੱਦ ਕਰ ਕੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਸਾਫ ਬਰੀ ਕਰਨ ਦਾ ਹੁਕਮ ਸੁਣਾ ਕੇ ਅਤੇ ਪੁਲਸ ਨੂੰ ਇਹ ਝੂਠ ਦਾ ਪੁਲੰਦਾ ਦਫ਼ਤਰ ਦਾਖ਼ਲ ਕਰਵਾਉਣ ਦੀ ਹਦਾਇਤ ਦੇ ਕੇ ਅਸਲੀ ਸੱਚ ਨੂੰ ਉਜਾਗਰ ਕੀਤਾ ਹੈ ਜਿਸ ਲਈ ਉਹ ਅਦਾਲਤ ਦਾ ਵੀ ਧੰਨਵਾਦ ਕਰਦੇ ਹਨ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਆਖਿਆ ਕਿ ਦਿੱਲੀ ਹਾਈ ਕੋਰਟ ਨੇ ਇਕ ਵੱਖਰੇ ਕੇਸ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਦੇ ਯੋਗ ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਧਾਰਮਿਕ ਪਾਰਟੀ ਹੋਣ ਦੀ ਮਾਨਤਾ ਨੂੰ ਵੀ ਬਹਾਲ ਕਰਨ ਦਾ ਹੁਕਮ ਦਿੱਤਾ ਹੈ। ਉਨ੍ਹਾਂ ਆਖਿਆ ਕਿ ਬਾਦਲ ਜੁੰਡਲੀ ਨੇ ਆਪਣਾ ਸਾਰਾ ਜ਼ੋਰ ਇਸ ਗੱਲ ਤੇ ਲਾ ਦਿੱਤਾ ਕਿ ਉਨ੍ਹਾਂ ਦੇ ਵਿਰੋਧ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਲਦ ਆ ਰਹੀਆਂ ਚੋਣਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਨਾ ਲੜ ਸਕੇ ਕਿਉਂਕਿ ਬਾਦਲਾਂ ਦੀ ਜੁੰਡਲੀ ਨੂੰ ਆਪਣੀ ਹਾਰ ਸਪਸ਼ਟ ਨਜ਼ਰ ਆਉਂਦੀ ਹੈ ਅਤੇ ਉਨ੍ਹਾਂ ਨੂੰ ਇਹ ਪਤਾ ਹੈ ਕਿ ਇਸ ਵਾਰ ਸੰਗਤ ਬਾਦਲ ਜੁੰਡਲੀ ਨੂੰ ਗੁਰੂ ਘਰਾਂ ਅਤੇ ਵਿੱਦਿਅਕ ਸੰਸਥਾਵਾਂ ਵਿੱਚੋਂ ਚਲਦਾ ਕਰਨ ਲਈ ਪੂਰੀ ਤਰ੍ਹਾਂ ਮਨ ਬਣਾਈ ਬੈਠੀ ਹੈ।
ਪਰ ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੂੰ ਧਾਰਮਿਕ ਪਾਰਟੀ ਵਜੋਂ ਪ੍ਰਵਾਨ ਕਰਕੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਦਿੱਲੀ ਦੀ ਸਿੱਖ ਸੰਗਤ ਦੀਆਂ ਮਨੋ ਭਾਵਨਾਵਾਂ ਦੀ ਕਦਰ ਕਰਦਿਆਂ ਅਤੇ ਸੇਵਾ ਕਾਰਜਾਂ ਲਈ ਹਮੇਸ਼ਾ ਤੱਤਪਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਪਾਰਟੀ ਦਾ ਮਾਣ ਮਰਿਆਦਾ ਅਤੇ ਹੌਸਲੇ ਬੁਲੰਦ ਹੋਏ ਹਨ। ਸ. ਪਰਮਜੀਤ ਸਿੰਘ ਸਰਨਾ ਨੇ ਬਾਦਲ ਜੁੰਡਲੀ ਨੂੰ ਸਵਾਲ ਕੀਤਾ ਕਿ ਉਹ ਸਪੱਸ਼ਟ ਕਰਨ ਕਿ ਉਨ੍ਹਾਂ ਦੇ ਵਿਧਾਇਕ ਅਤੇ ਕੌਂਸਲਰ ਜੋ ਰਾਜਨੀਤਿਕ ਅਹੁਦੇ ਤੇ ਕੁੰਡਲੀ ਮਾਰ ਕੇ ਬੈਠੇ ਹੋਏ ਹਨ।
ਅਤੇ ਇਸ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰਸ਼ਿਪ ਵੀ ਉਨ੍ਹਾਂ ਨੇ ਹਾਸਲ ਕੀਤੀ ਹੋਈ ਹੈ ਅਤੇ ਹੁਣ ਇਹ ਸੱਤਾ ਦੇ ਭੁੱਖੇ ਆਗੂ ਇਸ ਸਵਾਲ ਦਾ ਜਵਾਬ ਦੇਣ ਕੀ ਉਨ੍ਹਾਂ ਨੇ ਸੇਵਾ ਦੇ ਰੂਪ ਵਿੱਚ ਰਾਜਸੀ ਹਿੱਤ ਪਾਲਣ ਦੇ ਮਕਸਦ ਨਾਲ ਅਜਿਹਾ ਕੀਤਾ ਹੈ? ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਵਾਅਦਾ ਕੀਤਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੰਭਾਲ ਉਨ੍ਹਾਂ ਦੀ ਝੋਲੀ ਵਿੱਚ ਪੈਣ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਕਿਸੇ ਤਰ੍ਹਾਂ ਦੀ ਕੋਈ ਰਾਜਨੀਤਕ ਦਖਲਅੰਦਾਜ਼ੀ ਨਹੀਂ ਕਰਨ ਦਿੱਤੀ ਜਾਏਗੀ।