
ਉਹਨਾਂ ਦਾਅਵਾ ਕੀਤਾ ਕਿ ਪੀਡੀਪੀ ਸ਼ੁਰੂ ਤੋਂ ਹੀ ਪਾਕਿਸਤਾਨ ਪੱਖੀ ਰਹੀ ਹੈ ਅਤੇ ਅਤਿਵਾਦੀਆਂ ਨਾਲ ਹਮਦਰਦੀ ਰੱਖਦੀ ਹੈ।
ਮੁੰਬਈ: ਸ਼ਿਵ ਸੈਨਾ ਸੰਸਦ ਮੈਂਬਰ ਸੰਜੇ ਰਾਊਤ ਨੇ ਮਹਿਬੂਬਾ ਮੁਫਤੀ ਦੇ ਉਸ ਬਿਆਨ ਤੋਂ ਇਕ ਦਿਨ ਬਾਅਦ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ, ਜਿਸ ਵਿਚ ਉਹਨਾਂ ਕਿਹਾ ਸੀ ਕਿ ਕਸ਼ਮੀਰ ਵਿਚ ਉਦੋਂ ਤੱਕ ਸ਼ਾਂਤੀ ਬਹਾਲ ਨਹੀਂ ਹੋਵੇਗੀ ਜਦੋਂ ਤੱਕ ਕੇਂਦਰ ਸਰਕਾਰ ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਵਿਚ ਲੋਕਾਂ ਨਾਲ ਗੱਲ ਨਹੀਂ ਕਰਦੀ। ਰਾਉਤ ਨੇ ਕਿਹਾ ਕਿ ਪੀਪਲਜ਼ ਡੈਮੋਕਰੇਟਿਕ ਪਾਰਟੀ ਦੇ ਮੁਖੀ ਅਜਿਹੀ ਟਿੱਪਣੀ ਕਰ ਸਕਦੇ ਹਨ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦੀ ਪਾਰਟੀ ਨਾਲ ਮਿਲ ਕੇ ਜੰਮੂ-ਕਸ਼ਮੀਰ ਵਿਚ ਸਰਕਾਰ ਬਣਾ ਕੇ ਉਹਨਾਂ ਵਰਗੇ ਲੋਕਾਂ ਨੂੰ ਮਜ਼ਬੂਤ ਕਰਨ ਲਈ ਕੰਮ ਕੀਤਾ ਸੀ। ਰਾਉਤ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੁਫਤੀ ਦੀ ਅਗਵਾਈ ਵਾਲੀ ਪੀਡੀਪੀ ਕਦੇ ਭਾਜਪਾ ਦੀ "ਦੋਸਤ" ਸੀ।
ਉਹਨਾਂ ਦਾਅਵਾ ਕੀਤਾ ਕਿ ਪੀਡੀਪੀ ਸ਼ੁਰੂ ਤੋਂ ਹੀ ਪਾਕਿਸਤਾਨ ਪੱਖੀ ਰਹੀ ਹੈ ਅਤੇ ਅਤਿਵਾਦੀਆਂ ਨਾਲ ਹਮਦਰਦੀ ਰੱਖਦੀ ਹੈ। ਪੀਡੀਪੀ ਅਤੇ ਬੀਜੇਪੀ ਨੇ 2015 ਵਿਚ ਇਕੱਠੇ ਹੋ ਕੇ ਜੰਮੂ-ਕਸ਼ਮੀਰ ਵਿਚ ਸਰਕਾਰ ਬਣਾਈ ਸੀ ਪਰ ਜੂਨ 2018 ਵਿਚ ਗਠਜੋੜ ਟੁੱਟ ਗਿਆ ਸੀ। ਮੁਫਤੀ ਨੇ ਸ਼ਨੀਵਾਰ ਨੂੰ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਤੋਂ ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਗੱਲਬਾਤ ਕਰਨ ਦੀ ਆਪਣੀ ਅਪੀਲ ਨੂੰ ਦੁਹਰਾਇਆ। ਰਾਉਤ ਨੇ ਕਿਹਾ ਕਿ ਮਹਿਬੂਬਾ ਮੁਫਤੀ ਨੇ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਦਾ ਸਮਰਥਨ ਕੀਤਾ ਸੀ, ਫਿਰ ਵੀ ਭਾਜਪਾ ਨੇ ਜੰਮੂ-ਕਸ਼ਮੀਰ ਵਿਚ ਉਹਨਾਂ ਦੀ ਪਾਰਟੀ ਨਾਲ ਗਠਜੋੜ ਕਰਕੇ ਸਰਕਾਰ ਬਣਾਈ।
ਰਾਉਤ ਨੇ ਦੋਸ਼ ਲਾਇਆ, ''ਹੁਣ ਉਹੀ ਮਹਿਬੂਬਾ ਮੁਫਤੀ ਕਸ਼ਮੀਰ ਮੁੱਦੇ ਦੇ ਹੱਲ ਲਈ ਪਾਕਿਸਤਾਨ ਨਾਲ ਗੱਲਬਾਤ ਚਾਹੁੰਦੀ ਹੈ। ਇਹ ਭਾਜਪਾ ਦਾ ਪਾਪ ਹੈ।" ਉਹਨਾਂ ਕਿਹਾ ਕਿ ਭਾਜਪਾ ਨੇ ਸੱਤਾ ਵੰਡ ਕੇ ਅਜਿਹੇ ਲੋਕਾਂ ਨੂੰ ਤਾਕਤ ਦਿੱਤੀ ਹੈ, ਇਸ ਲਈ ਮਹਿਬੂਬਾ ਮੁਫਤੀ ਜੋ ਕਹਿ ਰਹੀ ਹੈ, ਉਸ ਲਈ ਭਾਜਪਾ ਜ਼ਿੰਮੇਵਾਰ ਹੈ। ਰਾਜ ਸਭਾ ਮੈਂਬਰ ਨੇ ਅੱਗੇ ਕਿਹਾ ਕਿ ਇਸ ਮੁੱਦੇ 'ਤੇ ਭਾਜਪਾ ਦਾ ਵਿਚਾਰ ਭਾਵੇਂ ਕੁਝ ਵੀ ਹੋਵੇ ਪਰ ਸ਼ਿਵ ਸੈਨਾ ਨੇ ਹਮੇਸ਼ਾ ਪੀਡੀਪੀ ਦੀ ਵਿਚਾਰਧਾਰਾ ਦਾ ਵਿਰੋਧ ਕੀਤਾ ਹੈ ਅਤੇ ਅੱਗੇ ਵੀ ਕਰਦੀ ਰਹੇਗੀ।
ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਦੀ ਤਾਜ਼ਾ ਟਿੱਪਣੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਰਫ ਦੋ ਘੰਟੇ ਸੌਂਦੇ ਹਨ ਅਤੇ ਦਿਨ ਵਿਚ 22 ਘੰਟੇ ਕੰਮ ਕਰਦੇ ਹਨ, ’ਤੇ ਰਾਉਤ ਨੇ ਦਾਅਵਾ ਕੀਤਾ ਕਿ ਇਹ "ਚਾਪਲੂਸੀ ਦਾ ਸਿਖਰ" ਹੈ। ਉਹਨਾਂ ਵਿਅੰਗ ਕੀਤਾ ਕਿ ਪਾਟਿਲ ਦੀਆਂ ਟਿੱਪਣੀਆਂ ਸੁਣ ਕੇ ਪ੍ਰਧਾਨ ਮੰਤਰੀ ਨੇ ਦੋ ਘੰਟੇ ਦੀ ਨੀਂਦ ਵੀ ਗੁਆ ਦਿੱਤੀ ਹੈ। ਰਾਉਤ ਨੇ ਵਿਅੰਗ ਕੀਤਾ ਕਿ ਪਾਟਿਲ ਵਰਗੇ ਭਾਜਪਾ ਨੇਤਾਵਾਂ ਦੇ ਅਨੁਸਾਰ, ਸਿਰਫ ਮੋਦੀ ਸਖ਼ਤ ਮਿਹਨਤ ਕਰਦੇ ਹਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ, ਉਹਨਾਂ ਦੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਅਤੇ ਯੂਕਰੇਨ ਦੇ ਵੋਲੋਦੀਮੀਰ ਜ਼ੇਲੇਨਸਕੀ ਸਮੇਤ ਦੁਨੀਆ ਦਾ ਕੋਈ ਹੋਰ ਨੇਤਾ ਅਜਿਹਾ ਨਹੀਂ ਹੈ।