
ਕਾਰੋਬਾਰ, ਸਿੱਖਿਆ ਅਤੇ ਨਿਵੇਸ਼ ਲਈ ਭਾਰਤ ਆਉਣ ਵਾਲਿਆਂ ਦਾ ਸਵਾਗਤ : ਅਮਿਤ ਸ਼ਾਹ
ਨਵੀਂ ਦਿੱਲੀ: ਲੋਕ ਸਭਾ ’ਚ ਵੀਰਵਾਰ ਨੂੰ ਇਮੀਗ੍ਰੇਸ਼ਨ ਅਤੇ ਵਿਦੇਸ਼ੀ ਬਿਲ 2025 ਪਾਸ ਹੋ ਗਿਆ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕਾਰੋਬਾਰ, ਸਿੱਖਿਆ ਅਤੇ ਨਿਵੇਸ਼ ਲਈ ਭਾਰਤ ਆਉਣ ਵਾਲਿਆਂ ਦਾ ਸਵਾਗਤ ਹੈ ਪਰ ਸੁਰੱਖਿਆ ਲਈ ਖਤਰਾ ਪੈਦਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵਿਰੋਧੀ ਧਿਰ ਦੇ ਮੈਂਬਰਾਂ ਵਲੋਂ ਪੇਸ਼ ਕੀਤੀਆਂ ਗਈਆਂ ਵੱਖ-ਵੱਖ ਸੋਧਾਂ ਨੂੰ ਰੱਦ ਕਰ ਦਿਤਾ ਗਿਆ ਅਤੇ ਬਿਲ ਨੂੰ ਜ਼ੁਬਾਨੀ ਵੋਟ ਨਾਲ ਪਾਸ ਕਰ ਦਿਤਾ ਗਿਆ। ਸ਼ਾਹ ਨੇ ਕਿਹਾ ਕਿ ਇਹ ਬਿਲ ਦੇਸ਼ ਦੀ ਸੁਰੱਖਿਆ ਅਤੇ ਆਰਥਕਤਾ ਨੂੰ ਮਜ਼ਬੂਤ ਕਰਨ, ਨਿਰਮਾਣ ਅਤੇ ਵਪਾਰ ਨੂੰ ਉਤਸ਼ਾਹਤ ਕਰਨ, ਸਿੱਖਿਆ ਪ੍ਰਣਾਲੀ ਲਈ ਵਿਸ਼ਵ ਵਿਆਪੀ ਮਾਨਤਾ ਪ੍ਰਾਪਤ ਕਰਨ ਅਤੇ ਯੂਨੀਵਰਸਿਟੀਆਂ ਨੂੰ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਰਨ ’ਚ ਸਹਾਇਤਾ ਕਰਨ ਲਈ ਜ਼ਰੂਰੀ ਹੈ।
ਬਿਲ ’ਤੇ ਬਹਿਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪ੍ਰਸਤਾਵਿਤ ਕਾਨੂੰਨ ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ, ਅਰਥਵਿਵਸਥਾ ਅਤੇ ਕਾਰੋਬਾਰ ਨੂੰ ਹੁਲਾਰਾ ਦੇਵੇਗਾ ਅਤੇ ਸਿਹਤ ਅਤੇ ਸਿੱਖਿਆ ਖੇਤਰਾਂ ਨੂੰ ਉਤਸ਼ਾਹਤ ਕਰੇਗਾ। ਸ਼ਾਹ ਨੇ ਇਹ ਵੀ ਕਿਹਾ ਕਿ ਇਹ ਬਿਲ ਇਹ ਯਕੀਨੀ ਕਰੇਗਾ ਕਿ ਦੇਸ਼ ਨੂੰ ਭਾਰਤ ਆਉਣ ਵਾਲੇ ਹਰ ਵਿਦੇਸ਼ੀ ਬਾਰੇ ਤਾਜ਼ਾ ਜਾਣਕਾਰੀ ਮਿਲੇ।
ਉਨ੍ਹਾਂ ਕਿਹਾ, ‘‘ਇਹ ਬਹੁਤ ਮਹੱਤਵਪੂਰਨ ਹੈ। ਮੁੱਖ ਮੁੱਦਾ ਇਹ ਹੈ ਕਿ ਆਵਾਸ ਇਕ ਅਲੱਗ ਵਿਸ਼ਾ ਨਹੀਂ ਹੈ ਪਰ ਇਹ ਸਿੱਧੇ ਜਾਂ ਅਸਿੱਧੇ ਤੌਰ ’ਤੇ ਵੱਖ-ਵੱਖ ਮੁੱਦਿਆਂ ਨਾਲ ਜੁੜਿਆ ਹੋਇਆ ਹੈ। ਇਹ ਬਿਲ ਭਾਰਤ ਆਉਣ ਵਾਲੇ ਹਰ ਵਿਅਕਤੀ ਦੀ ਨੇੜਿਓਂ ਨਿਗਰਾਨੀ ਨੂੰ ਯਕੀਨੀ ਬਣਾਏਗਾ, ਉਹ ਭਾਰਤ ਕਿਉਂ ਆਉਂਦੇ ਹਨ ਅਤੇ ਉਹ ਕਿੰਨੇ ਸਮੇਂ ਤਕ ਭਾਰਤ ’ਚ ਰਹਿਣਾ ਚਾਹੁੰਦੇ ਹਨ।’’
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਕੋਈ ਧਰਮਸ਼ਾਲਾ ਨਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਆਸ਼ਾਂਤੀ ਫੈਲਾਉਣ ਵਾਲਿਆ ਉੱਤੇ ਸਖ਼ਤ ਕਾਰਵਾਈ ਹੁੰਦੀ ਹੈ।ਤਿੰਨ ਘੰਟੇ ਤਕ ਚੱਲੀ ਬਹਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਭਾਰਤ ਆਉਣ ਵਾਲੇ ਹਰ ਵਿਦੇਸ਼ੀ ਦਾ ਵੇਰਵਾ ਜਾਣਨਾ ਬਹੁਤ ਜ਼ਰੂਰੀ ਹੈ।