
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਪਣੇ ਇਕ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਹਨ।
ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਪਣੇ ਇਕ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਹਨ। ਕਾਂਗਰਸ ਨਾਲ ਗਠਜੋੜ ਕਰਨ ਵਿਚ ਨਾਕਾਮ ਰਹੇ ਕੇਜਰੀਵਾਲ ਨੇ ਪਾਰਟੀ ਦਾ ਘੋਸ਼ਣਾ ਪੱਤਰ ਜਾਰੀ ਕਰਦੇ ਹੋਏ ਕਿਹਾ ਕਿ ਕੋਈ ਵੀ ਹਿੰਦੂ ਕਾਂਗਰਸ ਨੂੰ ਵੋਟ ਨਹੀਂ ਪਾਵੇਗਾ। ਉਹਨਾਂ ਕਿਹਾ ਕਿ ਸਿਰਫ ਮੁਸਲਮਾਨ ਵਿਚ ਹੀ ਕਾਂਗਰਸ ਨੂੰ ਲੈ ਕੇ ਥੋੜਾ ਵਹਿਮ ਹੈ। ਕਾਂਗਰਸ ਨੇ ਇਸ ਬਿਆਨ ਨੂੰ ਲੈ ਕੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਕੋਲ ਸ਼ਿਕਾਇਤ ਕੀਤੀ ਹੈ।
Sandeep Dikshit, Congress
ਕਾਂਗਰਸ ਨੇਤਾ ਸੰਦੀਪ ਦਿਕਸ਼ਿਤ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਕਿ ਕੇਜਰੀਵਾਲ ਧਰਮ ਦੇ ਆਧਾਰ ‘ਤੇ ਵੋਟ ਮੰਗ ਰਹੇ ਹਨ ਅਤੇ ਲੋਕਾਂ ਨੂੰ ਵੰਡ ਰਹੇ ਹਨ। ਇਸ ਲਈ ਉਹਨਾਂ ਦੇ ਚੋਣ ਪ੍ਰਚਾਰ ‘ਤੇ ਰੋਕ ਲਗਾਈ ਜਾਵੇ। ਸਾਬਕਾ ਸਾਂਸਦ ਸੰਦੀਪ ਦਿਕਸ਼ਿਤ ਦੀ ਅਗਵਾਈ ਵਿਚ ਦਿੱਲੀ ਕਾਂਗਰਸ ਦੇ ਇਕ ਵਫਦ ਨੇ ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਨਾਲ ਮੁਲਾਕਾਤ ਕਰ ਉਹਨਾਂ ਨੂੰ ਅਪਣੀ ਮੰਗ ਨਾਲ ਜੁੜਿਆ ਪੱਤਰ ਸੌਂਪਿਆ।
Election Commission of India
ਦਿੱਲੀ ਕਾਂਗਰਸ ਨੇ ਕੇਜਰੀਵਾਲ ਦੇ ਬਿਆਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਖਿਲਾਫ਼ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਦੀਪ ਦਿਕਸ਼ਿਤ ਨੇ ਕਿਹਾ ਕਿ ਦਿੱਲੀ ਕਾਂਗਰਸ ਦੇ ਵਫਦ ਨੇ ਚੋਣ ਕਮਿਸ਼ਨ ਕੋਲੋਂ ਇਹ ਮੰਗ ਕੀਤੀ ਹੈ ਕਿ ਇਸ ਤਰ੍ਹਾਂ ਦੇ ਭੜਕਾਉ ਅਤੇ ਫਿਰਕੂ ਬਿਆਨਾਂ ਨੂੰ ਦੇਖਦੇ ਹੋਏ ਚੋਣ ਕਮਿਸ਼ਨ ਨੂੰ ਲੋਕ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਕੇਜਰੀਵਾਲ ਦੇ ਚੋਣ ਪ੍ਰਚਾਰ ‘ਤੇ ਪਾਬੰਦੀ ਲਗਾਣੀ ਚਾਹੀਦੀ ਹੈ।
AAP
ਦੱਸ ਦਈਏ ਕਿ ਕੇਜਰੀਵਾਲ ਨੇ ਅਪਣੇ ਬਿਆਨ ਵਿਚ ਕਿਹਾ ਸੀ ਕਿ ਕੋਈ ਵੀ ਹਿੰਦੂ ਕਾਂਗਰਸ ਨੂੰ ਵੋਟ ਨਹੀਂ ਦੇ ਰਿਹਾ ਸਿਰਫ ਮੁਸਲਮਾਨਾਂ ਵਿਚ ਹੀ ਥੋੜਾ ਵਹਿਮ ਹੈ। ਉਹਨਾਂ ਕਿਹਾ ਸੀ ਕਿ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਦਿੱਲੀ ਦੇ ਹਿੰਦੂ, ਮੁਸਲਮਾਨ, ਸਿੱਖ, ਈਸਾਈ ਅਤੇ ਹੋਰ ਧਰਮ ਜਾਤੀਆਂ ਦੇ ਲੋਕ ਜੋ ਮੋਦੀ ਸ਼ਾਹ ਦੀ ਜੋੜੀ ਤੋਂ ਦੇਸ਼ ਨੂੰ ਬਚਾਉਣਾ ਚਾਹੁੰਦੇ ਹਨ ਉਹ ਦਿੱਲੀ ਵਿਚ ਇਕੱਠੇ ਹੋ ਕੇ ‘ਆਪ’ ਦਾ ਸਮਰਥਨ ਕਰਨਗੇ।