
ਐਸਡੀਐਮ ਦੀ ਟੀਮ ਵਲੋਂ ਮਾਰਿਆ ਗਿਆ ਸੀ ਛਾਪਾ
ਨਵੀਂ ਦਿੱਲੀ: ਸਕੂਲ ਦੀ ਬੇਸਮੈਂਟ ਵਿਚੋਂ ਭਾਰੀ ਮਾਤਰਾ ਵਿਚ ਡੀਜ਼ਲ ਮਿਲਣ ਦੀ ਖ਼ਬਰ ਮਿਲੀ ਹੈ। ਦਰਅਸਲ, ਕੌਮੀ ਰਾਜਧਾਨੀ ਖੇਤਰ ਦੇ ਗ੍ਰੇਟਰ ਕੈਲਾਸ਼ ਕੈਆਰ ਮੰਗਲਮ ਸਕੂਲ ਵਿਚ ਐਸਡੀਐਮ ਦੀ ਟੀਮ ਵਲੋਂ ਛਾਪਾ ਮਾਰਿਆ ਗਿਆ, ਜਿਸ ਦੌਰਾਨ ਸਕੂਲ ਦੀ ਬੇਸਮੈਂਟ ਵਿਚੋਂ ਲਗਭੱਗ 2500 ਲੀਟਰ ਡੀਜ਼ਲ ਮਿਲਿਆ ਹੈ। ਇਹ ਡੀਜ਼ਲ ਅੰਡਰ ਗਰਾਊਂਡ ਵੱਡੇ ਟੈਂਕ ਵਿਚ ਜਮ੍ਹਾਂ ਕੀਤਾ ਗਿਆ ਸੀ। ਇੰਨੀ ਵੱਡੀ ਮਾਤਰਾ ਵਿਚ ਡੀਜ਼ਲ ਮਿਲਣਾ ਬਹੁਤ ਹੀ ਗੰਭੀਰ ਮਾਮਲਾ ਹੈ ਕਿਉਂਕਿ ਇਕ ਤਾਂ ਇਹ ਗ਼ੈਰ ਕਾਨੂੰਨੀ ਹੈ ਤੇ ਦੂਜਾ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਤੇ ਹੋਰ ਸਟਾਫ਼ ਦੀ ਜ਼ਿੰਦਗੀ ਨਾਲ ਖਿਲਵਾੜ ਵੀ ਹੈ।
FIR Againts KR Mangalam School for illegal diesel storage
ਮਾਮਲੇ ਦੀ ਡੂੰਘਾਈ ਨਾਲ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ਸਕੂਲ ਕੋਲ ਫ਼ਾਇਰ ਐਨਓਸੀ ਦੇ ਕਾਗ਼ਜ਼ ਵੀ ਨਹੀਂ ਹਨ। ਇੰਨੀ ਵੱਡੀ ਮਾਤਰਾ ਵਿਚ ਡੀਜ਼ਲ ਮਿਲਣ ਤੋਂ ਬਾਅਦ ਉਥੋਂ ਦੇ ਸਥਾਨਕ ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਤੇ ਸਕੂਲ ਵਿਚ ਪੜ੍ਹਨ ਵਾਲੇ ਬੱਚਿਆਂ ਦੇ ਮਾਪੇ ਵੀ ਦਹਿਸ਼ਤ ਵਿਚ ਹਨ।
Manish Sisodia
ਇਸ ਸਬੰਧੀ ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਧੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਵਿਰੁਧ ਮਾਮਲਾ ਦਰਜ ਕਰ ਕੇ ਐਫ਼ਆਈਆਰ ਦੇ ਹੁਕਮ ਦਿਤੇ ਗਏ ਹਨ। ਉੱਧਰ, ਦੂਜੇ ਪਾਸੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਜੈਦੇਵ ਗੁਪਤਾ ਦਾ ਕਹਿਣਾ ਹੈ ਕਿ ਐਸਡੀਐਮ ਨੂੰ ਇੱਥੇ ਕੋਈ ਡੀਜ਼ਲ ਦਾ ਟੈਂਕ ਨਹੀਂ ਮਿਲਿਆ। ਨਾਲ ਹੀ ਉਨ੍ਹਾਂ ਕਿਹਾ ਕਿ ਸਕੂਲ ਦੀ ਇਮਾਰਤ ਦੇ ਨਿਰਮਾਣ ਸਮੇਂ ਇਹ ਟੈਂਕ ਬਣਵਾਇਆ ਗਿਆ ਸੀ। ਸਕੂਲ ਵਿਚ 500 ਕੇਵੀ ਦੇ 4 ਜਨਰੇਟਰ ਹਨ ਜਿਸ ਕਾਰਨ ਡੀਜ਼ਲ ਰੱਖਣਾ ਪੈਂਦਾ ਹੈ। ਉਸ ਨੇ ਦੱਸਿਆ ਕਿ ਸਕੂਲ ਕੋਲ 2021 ਤੱਕ ਫ਼ਾਇਰ ਐਨਓਸੀ ਹੈ।