
ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੇ ਸੰਕਟ ਨਾਲ ਲੜਾਈ ਲੜ ਰਿਹਾ ਹੈ
ਨਵੀਂ ਦਿੱਲੀ, 26 ਅਪ੍ਰੈਲ (ਸੁਖਰਾਜ ਸਿੰਘ): ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੇ ਸੰਕਟ ਨਾਲ ਲੜਾਈ ਲੜ ਰਿਹਾ ਹੈ ਤੇ ਪਾਕਿਸਤਾਨ ਹਾਲੇ ਵੀ ਘੱਟ ਗਿਣਤੀ ਭਾਈਚਾਰੇ ਦੀਆਂ ਨਾਬਾਲਗ਼ ਲੜਕੀਆਂ ਨੂੰ ਅਗਵਾ ਕਰ ਕੇ, ਧਰਮ ਪਰਿਵਰਤਨ ਕਰਨ ਤੇ ਉਨ੍ਹਾਂ ਦਾ ਜ਼ਬਰੀ ਵਿਆਹ ਕਰਨ ਵਰਗੇ ਕੰਮਾਂ 'ਚ ਰੁੱਝਿਆ ਹੋਇਆ ਹੈ। ਦੋ ਹਿੰਦੂ ਨਾਬਾਲਗ਼ ਲੜਕੀਆਂ ਸੁਥੀ ਤੇ ਸ਼ਮਾ ਨੂੰ ਅਗਵਾ ਕਰਨ ਦੀਆਂ ਖਬਰਾਂ 'ਤੇ ਪ੍ਰਤੀਕਰਮ ਦਿੰਦਿਆਂ ਸ: ਸਿਰਸਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅਗਵਾਕਾਰ ਹੋਰ ਕੋਈ ਨਹੀਂ ਬਲਕਿ ਪਾਕਿਸਤਾਨ ਦੀ ਕੌਮੀ ਅਸੈਂਬਲੀ ਦੇ ਮੈਂਬਰ ਪੀਰ ਫ਼ੈਜ਼ਲ ਸ਼ਾਹ ਜਿਲਾਨੀ ਦਾ ਸਕਾ ਭਰਾ ਹੈ।
File photo
ਉਨ੍ਹਾਂ ਕਿਹਾ ਕਿ ਪੁਲਿਸ ਦੀ ਧੱਕੇਸ਼ਾਹੀ ਤੇ ਸਰਕਾਰ ਦੀ ਮਦਦ ਨਾਲ ਇਨ੍ਹਾਂ ਲੜਕੀਆਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿਥੇ ਇਨ੍ਹਾਂ ਨੇ ਅਪਣੇ ਮਾਪਿਆਂ ਕੋਲ ਜਾਣ ਦੀ ਗੱਲ ਚੀਖ-ਚੀਖ ਕੇ ਕਹੀ ਪਰ ਕਿਸੇ ਨੇ ਵੀ ਇਹ ਗੱਲ ਨਾ ਸੁਣੀ। ਸ. ਸਿਰਸਾ ਨੇ ਕਿਹਾ ਕਿ ਇਹ ਬਹੁਤ ਸ਼ਰਮਨਾਕ ਗੱਲ ਹੈ ਕਿ ਫ਼ੈਜ਼ਲ ਨੇ ਉਨ੍ਹਾਂ ਦੇ ਪਰਵਾਰ ਨੂੰ ਧਮਕੀ ਦਿਤੀ ਹੈ ਕਿ ਜੇਕਰ ਉਨ੍ਹਾਂ ਨੇ ਮਾਮਲਾ ਕਿਤੇ ਉਠਾਇਆ ਤਾਂ ਫਿਰ ਘੱਟ ਗਿਣਤੀਆਂ ਦੀਆਂ ਹੋਰ ਨਾਬਾਲਗ਼ ਲੜਕੀਆਂ ਵੀ ਅਗ਼ਵਾ ਕੀਤੀਆਂ ਜਾਣਗੀਆਂ।
File photo
ਸ. ਸਿਰਸਾ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਅਪੀਲ ਕੀਤੀ ਕਿ ਉਹ ਤੁਰਤ ਮਾਮਲੇ 'ਚ ਦਖ਼ਲ ਦੇਣ ਤੇ ਲੜਕੀਆਂ ਨੂੰ ਮਾਪਿਅ: ਹਵਾਲੇ ਕੀਤੇ ਜਾਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਨਾਬਾਲਗ਼ ਲੜਕੀਆਂ ਨੂੰ ਅਗਵਾ ਕਰਨ, ਧਰਮ ਪਰਿਵਰਤਨ ਕਰਨ ਤੇ ਵਿਆਹ ਕਰਨ ਦੀਆਂ ਘਟਨਾਵਾਂ ਤੁਰਤ ਬੰਦ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ।