
ਪੀਲੀਭੀਤ ਜ਼ਿਲ੍ਹੇ ਦੇ ਗਜਰੌਲਾ ਥਾਣਾ ਖੇਤਰ ਵਿਚ ਵਾਪਰੀ ਘਟਨਾ
ਗਜਰੌਲਾ- ਉਤਰ ਪ੍ਰਦੇਸ਼ ਪੁਲਿਸ ਦਾ ਫਿਰ ਇਕ ਸ਼ਰਮਨਾਕ ਵੀਡੀਓ ਸਾਹਮਣੇ ਆਇਆ ਹੈ। ਜਿੱਥੇ ਪੀਲੀਭੀਤ ਜ਼ਿਲ੍ਹੇ ਦੇ ਗਜਰੌਲਾ ਥਾਣਾ ਖੇਤਰ ਦੀ ਪੁਲਿਸ ਨੇ ਮੋਬਾਇਲ ਚੋਰੀ ਦੇ ਸ਼ੱਕ ਵਿਚ ਨੌਜਵਾਨ ਤੋਂ ਪੁੱਛਗਿੱਛ ਕਰਦਿਆਂ ਉਸ ਸਮੇਂ ਹੱਦ ਪਾਰ ਕਰ ਦਿੱਤੀ ਜਦੋਂ ਪੁਲਿਸ ਨੇ ਨੌਜਵਾਨ ਦੇ ਮੂੰਹ ਵਿਚ ਪਿਸਤੌਲ ਤੁੰਨ ਦਿੱਤਾ ਅਤੇ ਸੱਚ ਬੋਲਣ ਲਈ ਕਿਹਾ ਇਸ ਦੌਰਾਨ ਪੁਲਿਸ ਮੁਲਾਜ਼ਮਾਂ ਨੇ ਨੌਜਵਾਨ ਨੂੰ ਗੰਦੀਆਂ ਗਾਲਾਂ ਵੀ ਕੱਢੀਆਂ।
ਇਥੇ ਹੀ ਬਸ ਨਹੀਂ। ਪੁਲਿਸ ਨੇ ਇਹ ਕਾਰਾ ਸ਼ਰ੍ਹੇਆਮ ਸੈਂਕੜੇ ਲੋਕਾਂ ਦੇ ਸਾਹਮਣੇ ਕੀਤਾ। ਯੂਪੀ ਪੁਲਿਸ ਦੀ ਇਸ ਅਣਮਨੁੱਖੀ ਹਰਕਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ, ਇੱਕ ਵਿਅਕਤੀ ਦਾ ਫ਼ੋਨ ਡਿੱਗ ਗਿਆ ਅਤੇ ਉਸ ਨੇ ਪੁਲਿਸ ਨੂੰ ਆਪਣਾ ਫ਼ੋਨ ਚੋਰੀ ਹੋਣ ਸਬੰਧੀ ਉਕਤ ਨੌਜਵਾਨ 'ਤੇ ਸ਼ੱਕ ਹੋਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਪਰ ਮਾਮਲਾ ਵਿਗਾੜ ਦਿੱਤਾ।
ਵਾਇਰਲ ਹੋ ਰਹੀ ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਪੁਲਿਸ ਮੁਲਾਜ਼ਮ ਨੌਜਵਾਨ ਦੇ ਉੱਪਰ ਚੜ੍ਹ ਕੇ ਬੈਠਾ ਹੈ ਤੇ ਸੱਚ ਕਢਵਾਉਣ ਲਈ ਪਿਸਤੌਲ ਦਾ ਡਰਾਵਾ ਵੀ ਦੇ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਕਮਿਸ਼ਨਰ ਮਨੋਜ ਸੋਨਕਰ ਨੇ ਪਿੰਡ ਵਾਸੀਆਂ ਦੀ ਸ਼ਿਕਾਇਤ 'ਤੇ ਦੋਵੇਂ ਪੁਲਿਸ ਮੁਲਾਜ਼ਮਾਂ, ਹੈੱਡ ਕਾਂਸਟੇਬਲ ਸ਼ਿਆਮ ਨਾਰਾਇਣ ਅਤੇ ਕਾਂਸਟੇਬਲ ਅਰਜੁਨ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਦੱਸ ਦਈਏ ਕਿ ਯੂਪੀ ਪੁਲਿਸ ਦੇ ਪਹਿਲਾਂ ਵੀ ਅਜਿਹੇ ਕਈ ਕਾਰਨਾਮੇ ਸਾਹਮਣੇ ਆ ਚੁੱਕੇ ਹਨ। ਦੇਖੋ ਵੀਡੀਓ..............