
ਕੋਲਕਾਤਾ ਹਵਾਈ ਅੱਡੇ 'ਤੇ 21 ਘੰਟਿਆਂ ਬਾਅਦ ਫਲਾਈਟ ਸੇਵਾ ਸ਼ੁਰੂ
Cyclone Remal: ਕੋਲਕਾਤਾ - ਖਤਰਨਾਕ ਚੱਕਰਵਾਤੀ ਤੂਫ਼ਾਨ ਰੇਮਲ ਐਤਵਾਰ ਰਾਤ 8.30 ਵਜੇ ਪੱਛਮੀ ਬੰਗਾਲ ਦੇ ਕੈਨਿੰਗ ਅਤੇ ਬੰਗਲਾਦੇਸ਼ ਦੇ ਮੋਂਗਲਾ 'ਚ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪਹੁੰਚਿਆ। ਭੂਚਾਲ 4 ਘੰਟੇ ਤੱਕ ਚੱਲਿਆ।ਇਸ ਦੌਰਾਨ ਉੱਤਰੀ ਅਤੇ ਦੱਖਣੀ 24 ਪਰਗਨਾ, ਪੂਰਬੀ ਮੇਦਿਨੀਪੁਰ, ਦੀਘਾ, ਕਾਕਦੀਪ, ਜੈਨਗਰ, ਕੋਲਕਾਤਾ, ਹੁਗਲੀ ਅਤੇ ਹਾਵੜਾ ਦੇ ਤੱਟਵਰਤੀ ਇਲਾਕਿਆਂ ਵਿਚ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ ਅਤੇ ਮੀਂਹ ਪਿਆ।
ਰਾਜਧਾਨੀ ਕੋਲਕਾਤਾ ਵਿਚ 100 ਤੋਂ ਵੱਧ ਦਰੱਖ਼ਤ ਅਤੇ ਬਿਜਲੀ ਦੇ ਖੰਭੇ ਉਖੜ ਗਏ। ਸੜਕਾਂ 'ਤੇ ਪਾਣੀ ਭਰ ਗਿਆ ਸੀ। ਕੋਲਕਾਤਾ 'ਚ ਇਕ ਮਕਾਨ ਦੀ ਛੱਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਕੋਲਕਾਤਾ ਦੇ ਸੁਭਾਸ਼ ਚੰਦਰ ਬੋਸ ਹਵਾਈ ਅੱਡੇ 'ਤੇ 21 ਘੰਟਿਆਂ ਬਾਅਦ ਉਡਾਣ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ। ਤੂਫ਼ਾਨ ਤੋਂ ਪਹਿਲਾਂ ਐਤਵਾਰ ਨੂੰ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। 394 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ।
ਕੋਲਕਾਤਾ ਵਿੱਚ ਐਤਵਾਰ ਸਵੇਰੇ 8.30 ਵਜੇ ਤੋਂ ਸੋਮਵਾਰ ਸਵੇਰੇ 5.30 ਵਜੇ ਦੇ ਵਿਚਕਾਰ 146 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ। ਹਲਦੀਆ ਵਿਚ 110 ਮਿਲੀਮੀਟਰ, ਤਾਮਲੁਕ ਵਿਚ 70 ਮਿਲੀਮੀਟਰ ਅਤੇ ਨਿਮਿਥ ਵਿੱਚ 70 ਮਿਲੀਮੀਟਰ ਬਾਰਸ਼ ਹੋਈ। ਮੌਸਮ ਵਿਭਾਗ (ਆਈਐਮਡੀ) ਦੇ ਅਨੁਸਾਰ, ਗੰਭੀਰ ਚੱਕਰਵਾਤੀ ਤੂਫ਼ਾਨ 'ਰੇਮਲ' ਸੋਮਵਾਰ ਸਵੇਰੇ ਕਮਜ਼ੋਰ ਹੋ ਕੇ ਚੱਕਰਵਾਤੀ ਤੂਫ਼ਾਨ ਵਿਚ ਬਦਲ ਗਿਆ।
ਇਹ ਹੁਣ 13 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ-ਪੂਰਬ ਵੱਲ ਵਧ ਰਿਹਾ ਹੈ। ਯਾਨੀ ਇਸ ਦਾ ਅਸਰ ਬੰਗਾਲ ਨਾਲ ਲੱਗਦੇ ਤ੍ਰਿਪੁਰਾ, ਅਸਾਮ, ਮੇਘਾਲਿਆ, ਸਿੱਕਮ 'ਚ ਦੇਖਣ ਨੂੰ ਮਿਲੇਗਾ। ਹਾਲਾਂਕਿ, ਉਦੋਂ ਤੱਕ ਇਹ ਕਮਜ਼ੋਰ ਹੋ ਜਾਵੇਗਾ। ਤੂਫ਼ਾਨ ਕਾਰਨ ਪੱਛਮੀ ਬੰਗਾਲ ਤੋਂ ਇਲਾਵਾ ਓਡੀਸ਼ਾ, ਝਾਰਖੰਡ ਅਤੇ ਬਿਹਾਰ ਦੇ ਕੁਝ ਇਲਾਕਿਆਂ 'ਚ 27 ਅਤੇ 28 ਮਈ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।
- ਕੇਂਦਰ ਸਰਕਾਰ ਨੇ ਬੰਗਾਲ ਦੇ ਤੱਟਵਰਤੀ ਖੇਤਰਾਂ ਵਿਚ NDRF ਦੀਆਂ 12 ਟੀਮਾਂ ਤਾਇਨਾਤ ਕੀਤੀਆਂ ਸਨ। 4 ਟੀਮਾਂ ਸਟੈਂਡਬਾਏ 'ਤੇ ਸਨ।
- ਇਸ ਤੋਂ ਇਲਾਵਾ ਜਹਾਜ਼ਾਂ ਦੇ ਨਾਲ-ਨਾਲ ਆਰਮੀ, ਨੇਵੀ ਅਤੇ ਕੋਸਟ ਗਾਰਡ ਦੀਆਂ ਟੀਮਾਂ ਵੀ ਐਮਰਜੈਂਸੀ ਲਈ ਤਿਆਰ ਸਨ।
- ਬੰਗਾਲ ਦੇ ਤੱਟੀ ਇਲਾਕਿਆਂ ਤੋਂ ਕਰੀਬ 1.10 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ।