
ਹੁਣ ਮੰਤਰੀ ਵੀ ਐਸਪੀਜੀ ਦੀ ਪ੍ਰਵਾਨਗੀ ਨਾਲ ਪ੍ਰਧਾਨ ਮੰਤਰੀ ਦੇ ਨੇੜੇ ਪਹੁੰਚ ਸਕਣਗੇ
ਨਵੀਂ ਦਿੱਲੀ, ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਾਂ ਨੂੰ ਜਾਰੀ ਨਵੇਂ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਹੈ ਕਿ ਕਿਸੇ ਨੂੰ ਵੀ ਨਹੀ, ਇਥੋਂ ਤਕ ਕਿ ਮੰਤਰੀਆਂ ਅਤੇ ਅਧਿਕਾਰੀਆਂ ਨੂੰ ਵੀ ਵਿਸ਼ੇਸ਼ ਸੁਰੱਖਿਆ ਸਮੂਹ ਯਾਨੀ ਐਸਪੀਜੀ ਦੀ ਇਜਾਜ਼ਤ ਤੋਂ ਬਿਨਾਂ, ਪ੍ਰਧਾਨ ਮੰਤਰੀ ਦੇ ਬੇਹੱਦ ਨੇੜੇ ਜਾਣ ਦੀ ਆਗਿਆ ਨਹੀਂ ਹੋਵੇਗੀ। ਇਸ ਘਟਨਾਕ੍ਰਮ ਨਾਲ ਜੁੜੇ ਅਧਿਕਾਰੀਆਂ ਮੁਤਾਬਕ ਮੰਤਰਾਲੇ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ 'ਤੇ ਸੱਭ ਤੋਂ ਜ਼ਿਆਦਾ ਖ਼ਤਰਾ ਮੰਡਰਾ ਰਿਹਾ ਹੈ ਅਤੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਉਹ ਸੱਭ ਤੋਂ ਵੱਧ ਨਿਸ਼ਾਨੇ 'ਤੇ ਹਨ।
ਮੰਤਰਾਲੇ ਨੇ 'ਮੋਦੀ ਨੂੰ ਅਗਿਆਤ ਖ਼ਤਰੇ' ਦਾ ਹਵਾਲਾ ਦਿੰਦਿਆਂ ਕਿਹਾ ਕਿ ਕਿਸੇ ਨੂੰ ਵੀ ਉਨ੍ਹਾਂ ਦੇ ਬੇਹੱਦ ਨੇੜੇ ਪਹੁੰਚਣ ਦੀ ਇਜਾਜ਼ਤ ਨਹੀਂ ਹੋਵੇਗੀ। ਇੰਜ ਕਰਨ ਲਈ ਐਸਪੀਜੀ ਦੀ ਆਗਿਆ ਲੈਣੀ ਪਵੇਗੀ।ਸਮਝਿਆ ਜਾਂਦਾ ਹੈ ਕਿ ਐਸਪੀਜੀ ਨੇ ਸੱਤਾਧਿਰ ਭਾਜਪਾ ਦੇ ਮੁੱਖ ਪ੍ਰਚਾਰਕ ਮੋਦੀ ਨੂੰ 2019 ਦੀਆਂ ਆਮ ਚੋਣਾਂ ਕਾਰਨ ਰੋਡ ਸ਼ੋਅ ਘੱਟ ਕਰਨ ਅਤੇ ਉਸ ਦੀ ਬਜਾਏ ਰੈਲੀਆਂ ਕਰਨ ਦੀ ਸਲਾਹ ਦਿਤੀ ਹੈ ਕਿਉਂਕਿ ਰੋਡ ਸ਼ੋਅ ਦੌਰਾਨ ਖ਼ਤਰਾ ਜ਼ਿਆਦਾ ਰਹਿੰਦਾ ਹੈ ਅਤੇ ਰੈਲੀਆਂ ਦਾ ਪ੍ਰਬੰਧ ਸੌਖਾ ਹੋ ਜਾਂਦਾ ਹੈ।
ਪ੍ਰਧਾਨ ਮੰਤਰੀ ਦੀ ਕਰੀਬੀ ਸੁਰੱਖਿਆ ਟੀਮ ਨੂੰ ਨਵੇਂ ਨਿਯਮਾਂ ਤੋਂ ਵਾਕਫ਼ ਕਰਾ ਦਿਤਾ ਗਿਆ ਹੈ ਅਤੇ ਲੋੜ ਮੁਤਾਬਕ ਮੰਤਰੀ ਅਤੇ ਅਧਿਕਾਰੀ ਦੀ ਵੀ ਜਾਂਚ ਕਰਨ ਦਾ ਹੁਕਮ ਦਿਤਾ ਗਿਆ ਹੈ। ਪੁਣੇ ਪੁਲਿਸ ਦੁਆਰਾ ਸੱਤ ਜੂਨ ਨੂੰ ਅਦਾਲਤ ਵਿਚ ਇਹ ਕਹੇ ਜਾਣ ਮਗਰੋਂ ਕਿ ਪਾਬੰਦੀਸ਼ੁਦਾ ਮਾਉਵਾਦੀਆਂ ਨਾਲ ਕਥਿਤ ਸਬੰਧ ਕਾਰਨ ਗ੍ਰਿਫ਼ਤਾਰ ਕੀਤੇ ਗਏ ਪੰਜ ਜਣਿਆਂ ਵਿਚੋਂ ਇਕ ਦੇ ਦਿੱਲੀ ਨਿਵਾਸ ਤੋਂ ਪੱਤਰ ਮਿਲਿਆ ਹੈ ਅਤੇ ਉਸ ਪੱਤਰ ਵਿਚ ਰਾਜੀਵ ਗਾਂਧੀ ਵਾਂਗ ਹੀ ਨਰਿੰਦਰ ਮੋਦੀ ਦੀ ਹਤਿਆ ਕਰਨ ਦੀ ਕਥਿਤ ਯੋਜਨਾ ਦਾ ਜ਼ਿਕਰ ਹੈ, ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਵਸਥਾ ਦੀ ਹਾਲ ਹੀ ਵਿਚ ਬਾਰੀਕ ਸਮੀਖਿਆ ਕੀਤੀ ਗਈ ਹੈ। (ਏਜੰਸੀ)