
ਮੁਲਜ਼ਮ ਯਾਤਰੀ ਨੂੰ ਕੀਤਾ ਗ੍ਰਿਫ਼ਤਾਰ, ਅਦਾਲਤ ਨੇ ਦਿਤੀ ਜ਼ਮਾਨਤ
ਨਵੀਂ ਦਿੱਲੀ : ਏਅਰ ਇੰਡੀਆ ਦੀ ਮੁੰਬਈ-ਦਿੱਲੀ ਫਲਾਈਟ 'ਚ ਸਫ਼ਰ ਕਰ ਰਹੇ ਇਕ ਯਾਤਰੀ ਨੇ ਜਹਾਜ਼ 'ਚ ਹੀ ਪਿਸ਼ਾਬ ਕਰ ਦਿਤਾ। ਦੋਸ਼ੀ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਘਟਨਾ 24 ਜੂਨ ਦੀ ਦੱਸੀ ਜਾ ਰਹੀ ਹੀ, ਜੋ ਸੋਮਵਾਰ 26 ਜੂਨ ਨੂੰ ਸਾਹਮਣੇ ਆਈ ਸੀ।
ਇਸ ਮਾਮਲੇ 'ਚ ਮੰਗਲਵਾਰ ਨੂੰ ਏਅਰ ਇੰਡੀਆ ਨੇ ਕਿਹਾ ਕਿ ਯਾਤਰੀ ਨੇ ਫਲਾਈਟ 'ਚ ਘਟੀਆ ਹਰਕਤ ਕੀਤੀ, ਜਿਸ ਤੋਂ ਬਾਅਦ ਅਸੀਂ ਤੁਰਤ ਉਸ ਨੂੰ ਬਾਕੀ ਯਾਤਰੀਆਂ ਤੋਂ ਵੱਖ ਕਰ ਦਿਤਾ। ਦਿੱਲੀ ਉਤਰਦੇ ਹੀ ਅਸੀਂ ਉਸ ਨੂੰ ਸੁਰੱਖਿਆ ਮੁਲਾਜ਼ਮ ਦੇ ਹਵਾਲੇ ਕਰ ਦਿਤਾ।
ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਕਲਯੁਗੀ ਪੁੱਤਰ ਦਾ ਕਾਰਾ, ਜਾਇਦਾਦ ਪਿਛੇ ਕੀਤੀ ਮਾਂ ਦੀ ਕੁੱਟਮਾਰ
ਏਅਰ ਇੰਡੀਆ ਨੇ ਦਸਿਆ ਕਿ 24 ਜੂਨ ਨੂੰ ਮੁੰਬਈ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏ.ਆਈ.ਸੀ. 866 ਦੀ ਕਤਾਰ ਨੰਬਰ 9 ਦੀ ਸੀਟ ਨੰਬਰ 17 ਐਫ਼. 'ਤੇ ਸਫ਼ਰ ਕਰ ਰਹੇ ਇਕ ਯਾਤਰੀ ਨੇ ਜਹਾਜ਼ ਵਿਚ ਥੁੱਕਿਆ ਅਤੇ ਇੰਨਾ ਹੀ ਨਹੀਂ ਸਗੋਂ ਪਖਾਨਾ ਅਤੇ ਪਿਸ਼ਾਬ ਵੀ ਕਰ ਦਿਤਾ। ਕੈਬਿਨ ਸੁਪਰਵਾਈਜ਼ਰ ਨੇ ਉਸ ਨੂੰ ਚੇਤਾਵਨੀ ਦਿਤੀ ਪਰ ਉਸ ਨੇ ਗੱਲ ਨਹੀਂ ਸੁਣੀ।
ਕੈਪਟਨ ਨੇ ਤੁਰਤ ਕੰਪਨੀ ਨੂੰ ਇਸ ਬਾਰੇ ਜਾਣਕਾਰੀ ਦਿਤੀ ਅਤੇ ਜਿਵੇਂ ਹੀ ਫਲਾਈਟ ਦਿੱਲੀ ਏਅਰਪੋਰਟ 'ਤੇ ਲੈਂਡ ਹੋਈ, ਗੁੱਸੇ 'ਚ ਆਏ ਯਾਤਰੀਆਂ ਨੇ ਇਸ ਘਟਨਾ ਨੂੰ ਲੈ ਕੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ। ਦੋਸ਼ੀ ਯਾਤਰੀ ਨੂੰ ਏਅਰ ਇੰਡੀਆ ਦੇ ਸੁਰੱਖਿਆ ਮੁਖੀ ਦੀ ਨਿਗਰਾਨੀ ਹੇਠ ਆਈ.ਜੀ.ਆਈ. ਏਅਰਪੋਰਟ ਪੁਲਿਸ ਸਟੇਸ਼ਨ ਲਿਜਾਇਆ ਗਿਆ।
ਜਾਣਕਾਰੀ ਅਨੁਸਾਰ ਮੁਲਜ਼ਮ ਰਾਮ ਸਿੰਘ ਅਫ਼ਰੀਕਾ ਵਿਚ ਕੁੱਕ ਦਾ ਕੰਮ ਕਰਦਾ ਹੈ। ਮੁਲਜ਼ਮ ਵਿਰੁਧ ਆਈ.ਪੀ.ਸੀ. ਦੀ ਧਾਰਾ 294 (ਅਪਰਾਧਕ ਐਕਟ) ਅਤੇ 510 (ਨਸ਼ੇ ਦੀ ਹਾਲਤ ਵਿਚ ਜਨਤਕ ਤੌਰ ’ਤੇ ਸ਼ਰਾਰਤ ਕਰਨਾ) ਤਹਿਤ ਐਫ਼.ਆਈ.ਆਰ. ਦਰਜ ਕੀਤੀ ਗਈ ਸੀ। ਇਸ ਹਾਦਸੇ ਦੀ ਸੂਚਨਾ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ ਨੂੰ ਵੀ ਦਿਤੀ ਗਈ। ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਪਰ ਅਦਾਲਤ ਨੇ ਉਸ ਨੂੰ ਜ਼ਮਾਨਤ ਦੇ ਦਿਤੀ। ਕੰਪਨੀ ਦਾ ਕਹਿਣਾ ਹੈ ਕਿ ਸਾਡੇ ਕੋਲ ਅਜਿਹੇ ਬੇਕਾਬੂ ਅਤੇ ਅਣਉਚਿਤ ਵਿਵਹਾਰ ਨੂੰ ਲੈ ਕੇ ਜ਼ੀਰੋ-ਟੌਲਰੈਂਸ ਨੀਤੀ ਹੈ। ਅਸੀਂ ਜਾਂਚ ਵਿਚ ਪੂਰਾ ਸਹਿਯੋਗ ਕਰ ਰਹੇ ਹਾਂ।