
ਯੂਰਪੀ ਸੰਘ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਬਾਰੇ ਭਾਰਤ ਤੋਂ ਮੰਗੀ ਜਾਣਕਾਰੀ
ਨਵੀਂ ਦਿੱਲੀ: ਸਰਕਾਰ ਨੇ ਇਸ ਗੱਲ 'ਤੇ ਸ਼ੱਕ ਪ੍ਰਗਟ ਕੀਤਾ ਹੈ ਕਿ ਮੌਜੂਦਾ ਚਾਰ ਫ਼ੀ ਸਦੀ ਖੇਤੀ ਵਿਕਾਸ ਦਰ 'ਤੇ 2022 ਤਕ ਕਿਸਾਨਾਂ ਦੀ ਆਮਦਨ ਦੁਗਣੀ ਹੋ ਜਾਵੇਗੀ। ਖੇਤੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਸ਼ੁਕਰਵਾਰ ਨੂੰ ਰਾਜ ਸਭਾ 'ਚ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਨਾਲ ਜੁੜੇ ਇਕ ਸਵਾਲ ਦੇ ਜਵਾਬ 'ਚ ਕਿਹਾ, ''ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਇਸੇ ਵਿਕਾਸ ਦਰ ਨਾਲ ਕਿਸਾਨਾਂ ਦੀ ਆਮਦਨ ਦੁਗਣੀ ਹੋ ਜਾਵੇਗੀ।''
Ram Gopal Yadav
ਸਮਾਜਵਾਦੀ ਪਾਰਟੀ ਦੇ ਆਗੂ ਰਾਮਗੋਪਾਲ ਯਾਦਵ ਨੇ ਪੂਰਕ ਪ੍ਰਸ਼ਨ 'ਚ ਪੁਛਿਆ ਸੀ ਕਿ ਖੇਤੀ 'ਚ ਸ਼ਾਮਲ ਮੱਛੀ ਪਾਲਣ, ਡੇਅਰੀ ਉਤਪਾਦਨ, ਜੰਗਲਾਤ ਅਤੇ ਖੇਤੀ 'ਤੇ ਅਧਾਰਤ ਮੌਜੂਦਾ ਲਗਭਗ ਚਾਰ ਫ਼ੀ ਸਦੀ ਖੇਤੀ ਵਿਕਾਸ ਦਰ 'ਤੇ ਕੀ 2022 ਤਕ ਕਿਸਾਨਾਂ ਦੀ ਆਮਦਨ ਦੁਗਣੀ ਹੋ ਜਾਵੇਗੀ? ਯਾਦਵ ਨੇ ਕਿਹਾ ਕਿ ਆਰਥਕ ਸਰਵੇਖਣ ਮੁਤਾਬਕ ਖੇਤੀ 'ਚ ਸ਼ਾਮਲ ਇਨ੍ਹਾਂ ਚਾਰ ਮੁੱਖ ਕਾਰਜਾਂ 'ਤੇ ਅਧਾਰਤ ਖੇਤੀ ਵਿਕਾਸ ਦਰ ਲਗਭਗ ਚਾਰ ਫ਼ੀ ਸਦੀ ਹੈ ਜਦਕਿ ਸ਼ੁੱਧ ਖੇਤੀ 'ਤੇ ਅਧਾਰਤ ਵਿਕਾਸ ਦਰ ਦੋ ਫ਼ੀ ਸਦੀ ਤੋਂ ਵੀ ਘੱਟ ਹੈ।
Farmer
ਇਸ ਦੇ ਜਵਾਬ 'ਚ ਰੁਪਾਲਾ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਲਈ ਸਰਕਾਰ ਨੇ ਖੇਤੀ ਕਾਰਜਾਂ 'ਚ ਪਸ਼ੂ ਪਾਲਣ, ਮਧੂ ਮੱਖੀ ਅਤੇ ਮੱਛੀ ਪਾਲਣ, ਬਾਗ਼ਬਾਨੀ, ਜੰਗਲਾਤ ਆਦਿ ਕੰਮਾਂ ਨੂੰ ਸ਼ਾਮਲ ਕਰਦਿਆਂ ਇਸ 'ਚ ਕਿਸਾਨ ਸਨਮਾਨ ਯੋਜਨਾ ਸਮੇਤ ਹੋਰ ਖੇਤੀ ਭਲਾਈ ਯੋਜਨਾਵਾਂ ਦੇ ਸਮੂਹਕ ਲਾਭ ਨਾਲ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਕਾਰਜਯੋਜਨਾ ਲਾਗੂ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਤੀ ਨਾਲ ਜੁੜੇ ਹੋਰ ਪਹਿਲੂਆਂ ਨੂੰ ਸ਼ਾਮਲ ਕੀਤੇ ਬਗ਼ੈਰ ਮੌਜੂਦਾ ਖੇਤੀ ਵਿਕਾਸ ਦਰ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਵੇਗੀ, ਉਹ ਅਜਿਹਾ ਨਹੀਂ ਮੰਨਦੇ।
Farmer
ਇਸ ਤੋਂ ਇਲਾਵਾ ਸਰਕਾਰ ਨੇ ਕਿਹਾ ਹੈ ਕਿ ਯੂਰਪੀ ਸੰਘ ਨੇ ਵਿਸ਼ਵ ਵਪਾਰ ਸੰਗਠਨ ਰਾਹੀਂ ਇਹ ਜਾਣਕਾਰੀ ਮੰਗੀ ਹੈ ਕਿ ਭਾਰਤ ਕਿਸ ਤਰ੍ਹਾਂ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਅਤੇ ਖੇਤੀ ਤੇ ਪੇਂਡੂ ਵਿਕਾਸ 'ਤੇ 25 ਲੱਖ ਕਰੋੜ ਰੁਪਏ ਖ਼ਰਚ ਕਰਨ ਦੀ ਯੋਜਨਾ ਬਣਾ ਰਿਹਾ ਹੈ। ਵਣਜ ਅਤੇ ਉਦਯੋਗ ਮੰਤਰੀ ਪੀਯੁਸ਼ ਗੋਇਲ ਨੇ ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਇਹ ਜਾਣਕਾਰੀ ਦਿਤੀ। ਦੂਜੇ ਪਾਸੇ ਅੱਜ ਕਿਸਾਨਾਂ ਦੀ ਸਥਿਤੀ 'ਚ ਸੁਧਾਰ ਲਈ ਰਾਸ਼ਟਰੀ ਕਿਸਾਨ ਕਲਿਆਣ ਕਮਿਸ਼ਨ ਦੇ ਗਠਨ ਦੇ ਮਤੇ ਵਾਲਾ ਬਿਲ ਰਾਜ ਸਭਾ 'ਚ ਪੇਸ਼ ਕੀਤਾ ਗਿਆ। ਭਾਜਪਾ ਮੈਂਬਰ ਕਿਰੋੜੀ ਲਾਲ ਮੀਣਾ ਨੇ ਰਾਸ਼ਟਰੀ ਕਿਸਾਨ ਕਲਿਆਣ ਕਮਿਸ਼ਨ ਦੇ ਗਠਨ ਦੇ ਮਤੇ ਵਾਲਾ ਰਾਸ਼ਟਰੀ ਕਿਸਾਨ ਕਲਿਆਣ ਕਮਿਸ਼ਨ ਬਿਲ, 2019 ਉੱਪਰਲੇ ਸਦਨ 'ਚ ਪੇਸ਼ ਕੀਤਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ