
ਭਾਰਤ ਦੀ ਆਰਥਕ ਦਸ਼ਾ ਇਸ ਸਮੇਂ ਪਿਛਲੇ 40 ਸਾਲਾਂ ਦੇ ਮੁਕਾਬਲੇ ਸੱਭ ਤੋਂ ਡੂੰਘੀਆਂ ਸ਼ਿਖਰਾਂ 'ਤੇ
ਸੰਗਰੂਰ, 26 ਜੁਲਾਈ (ਬਲਵਿੰਦਰ ਸਿੰਘ ਭੁੱਲਰ) : ਭਾਰਤ ਦੱਖਣੀ ਏਸ਼ੀਆ ਦਾ ਪ੍ਰਮੁੱਖ ਦੇਸ਼ ਹੈ ਪਰ ਇਸ ਦੀ ਆਰਥਕ ਦਸ਼ਾ ਪਿਛਲੇ 40 ਸਾਲਾਂ ਦੇ ਮੁਕਾਬਲੇ ਇਸ ਸਮੇਂ ਸੱਭ ਤੋਂ ਵੱਧ ਕਮਜ਼ੋਰ ਹੈ। ਭਾਵੇਂ ਨੋਟਬੰਦੀ ਅਤੇ ਕੋਰੋਨਾ ਵਾਇਰਸ ਨੇ ਵੀ ਭਾਰਤ ਦੀ ਨਿੱਘਰਦੀ ਆਰਥਕ ਦਸ਼ਾ ਵਿਚ ਅਪਣਾ ਬਣਦਾ ਯੋਗਦਾਨ ਪਾਇਆ ਹੈ ਪਰ ਇਸ ਲਈ ਸੱਭ ਤੋਂ ਵੱਧ ਮਹੱਤਵਪੂਰਨ ਦੇਸ਼ ਦੇ ਹਾਕਮਾਂ ਦੀ ਨੀਤੀ ਅਤੇ ਨੀਯਤ ਹੁੰਦੀ ਹੈ, ਜਿਸ ਦੇ ਸਹਾਰੇ ਪੂਰਾ ਦੇਸ਼ ਚਲਦਾ ਹੈ। ਇਕ ਅਮਰੀਕਨ ਡਾਲਰ ਦੇ ਮੁਕਾਬਲੇ ਭਾਰਤੀ ਕਰੰਸੀ ਦੀ ਦਰ ਜਾਂ ਰੇਟ 1947 ਵਿਚ 11.36 ਰੁਪਏ ਸੀ। 1960 ਵਿਚ ਇਹ ਦਰ 36.31 ਰੁਪਏ ਹੋ ਗਈ, 1970 ਵਿਚ 41.35 ਰੁਪਏ, 1980 ਵਿਚ 67.79 ਰੁਪਏ, 2019 ਵਿਚ 71.29 ਰੁਪਏ ਅਤੇ ਹੁਣ 2020 ਦੌਰਾਨ 74.72 ਰੁਪਏ ਹੋ ਚੁਕੀ ਹੈ। ਇਸ ਗਰਾਫ਼ ਤੋਂ ਇਹ ਅਨੁਮਾਨ ਲਗਾਉਣਾ ਜਾਂ ਸਮਝਣਾ ਔਖਾ ਨਹੀਂ ਕਿ ਅਮਰੀਕਨ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਮਾਲੀ ਹਾਲਤ ਜਾਂ ਆਰਥਕ ਦਸ਼ਾ ਦਿਨੋ-ਦਿਨ ਕਮਜ਼ੋਰ ਹੁੰਦੀ ਜਾ ਰਹੀ ਹੈ। ਕਿਸੇ ਦੇਸ਼ ਦੀ ਜੀ.ਡੀ.ਪੀ. (ਗਰੌਸ ਡੋਮੈਸਟਿਕ ਪ੍ਰੋਡਕਟ) ਹੀ ਅਸਲ ਵਿਚ ਉਸ ਦੇਸ਼ ਦੀ ਤਰੱਕੀ ਅਤੇ ਅਮੀਰੀ ਦਰਸਾਉਂਦੀ ਹੈ। ਕਿਸੇ ਦੇਸ਼ ਅੰਦਰ ਮਿੱਥੇ ਸਮੇਂ ਦੌਰਾਨ ਪੈਦਾ ਕੀਤਾ ਗਿਆ ਮਾਲ ਅਤੇ ਦਿਤੀਆਂ ਗਈਆਂ ਸੇਵਾਵਾਂ ਨੂੰ ਮਿਲਾ ਕੇ ਉਸ ਦੀ ਸਮੁੱਚੀ ਕੀਮਤ ਨੂੰ ਜੀਡੀਪੀ ਕਿਹਾ ਜਾਂਦਾ ਹੈ।
ਸਾਲ 2019 ਦੌਰਾਨ ਭਾਰਤ ਦੀ ਜੀ.ਡੀ.ਪੀ. 6.1, ਬੰਗਲਾਦੇਸ਼ ਦੀ 8.2, ਨੇਪਾਲ ਦੀ 7.1, ਅਫ਼ਗ਼ਾਨਿਸਤਾਨ ਦੀ 2.9, ਭੂਟਾਨ ਦੀ 3.9, ਪਾਕਿਸਤਾਨ ਦੀ 3.3, ਸ਼੍ਰੀਲੰਕਾ ਦੀ 2.6, ਮਾਲਦੀਵ ਦੀ 5.2 ਰਹੀ ਜਿਸ ਤੋਂ ਸਾਫ਼ ਪਤਾ ਚਲਦਾ ਹੈ ਕਿ ਹਰ ਰੋਜ਼ ਤਰੱਕੀਆਂ ਅਤੇ ਉਨਤੀ ਦੇ ਢੋਲ ਵਜਾਉਣ ਵਾਲੀ ਸਾਡੀ ਭਾਰਤ ਸਰਕਾਰ ਦੀ ਵਿੱਤੀ ਹਾਲਤ ਚਿੜ੍ਹੀ ਦੇ ਪੌਂਚੇ ਵਰਗੇ ਦੇਸ਼ਾਂ ਬੰਗਲਾਦੇਸ਼ ਅਤੇ ਨੇਪਾਲ ਤੋਂ ਵੀ ਕਮਜ਼ੋਰ ਹੋ ਗਈ ਹੈ।
1971 ਦੇ ਹਿੰਦ-ਪਾਕਿ ਯੁੱਧ ਦੌਰਾਨ ਜਦੋਂ ਪੂਰਬੀ ਪਾਕਿਸਤਾਨ ਆਜ਼ਾਦ ਹੋ ਕੇ ਬੰਗਲਾਦੇਸ਼ ਨਾਂ ਦੇ ਨਵੇਂ ਦੇਸ਼ ਨੇ ਜਨਮ ਲਿਆ ਤਾਂ ਉਥੇ ਗ਼ਰੀਬੀ, ਭੁੱਖਮਰੀ, ਬਦਹਾਲੀ ਅਤੇ ਮੰਦਹਾਲੀ ਕਾਰਨ ਲੱਖਾਂ ਲੋਕ ਨਾਲ ਲਗਦੇ ਦੇਸ਼ਾਂ ਮਿਆਂਮਾਰ ਅਤੇ ਭਾਰਤ ਵਿੱਚ ਪ੍ਰਵਾਸ ਕਰ ਗਏ ਪਰ ਹੁਣ ਜਦੋਂ ਬੰਗਲਾਦੇਸ ਦੱਖਣੀ ਏਸ਼ੀਆ ਦਾ ਇਕ ਮਜ਼ਬੂਤ ਤੇ ਤਰੱਕੀ ਪਸੰਦ ਮੁਲਕ ਬਣ ਗਿਆ ਹੈ ਤਾਂ ਇਸ ਨਾਲ ਵੀ ਅਮਰੀਕਾ ਵਾਲਾ ਭਾਣਾ ਵਰਤਣ ਲੱਗਿਆ ਹੈ।
ਜਿਵੇਂ ਲੋਕ ਮੈਕਸੀਕੋ ਦਾ ਬਾਰਡਰ ਟੱਪ ਕੇ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਪ੍ਰਵਾਸ ਕਰ ਰਹੇ ਹਨ, ਉਸ ਤਰ੍ਹਾਂ ਦੀ ਹਾਲਤ ਬੰਦਲਾਦੇਸ਼ ਨੇੜੇ ਲਗਦੇ ਭਾਰਤ ਦੇ ਸੂਬੇ ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਮੇਘਾਲਿਆ, ਤ੍ਰਿਪੁਰਾ, ਅਸਾਮ, ਮਨੀਪੁਰ ਅਤੇ ਨਾਗਾਲੈਂਡ ਵਾਸੀਆਂ ਨਾਲ ਵਾਪਰ ਰਹੇ ਹਨ ਕਿਉਂਕਿ ਬੰਗਲਾਦੇਸ਼ ਦਾ ਮੁੱਖ ਕਮਾਊ ਕਪੜਾ ਉਦਯੋਗ ਦੁਨੀਆਂ ਅੰਦਰ ਬਹੁਤ ਜ਼ਿਆਦਾ ਤਰੱਕੀ ਕਰ ਗਿਆ ਹੈ ਅਤੇ ਉਸ ਦੇਸ਼ ਵਿਚ ਕਾਮਿਆਂ ਦੀ ਮੰਗ ਅਤੇ ਤਨਖ਼ਾਹ ਭਾਰਤ ਨਾਲੋਂ ਕਿਤੇ ਵਧੇਰੇ ਹੈ।
ਦੱਖਣੀ ਏਸ਼ੀਆ ਵਿਚੋਂ ਇਸ ਸਮੇਂ ਨੇਪਾਲ ਵੀ ਭਾਰਤ ਨਾਲੋਂ ਅੱਗੇ ਨਿਕਲ ਗਿਆ ਹੈ ਪਰ ਭਾਰਤ ਤੇ ਰਾਜ ਕਰਨ ਵਾਲੀਆਂ ਸਮੇਂ ਦੀਆਂ ਹਕੂਮਤਾਂ ਵਲੋਂ ਭਾਰਤ ਭੇਦ ਭਾਵ ਅਤੇ ਜਾਤ ਪਾਤ ਵਿਚ ਇਸ ਕਦਰ ਫਸਾਇਆ ਜਾ ਚੁਕਾ ਹੈ ਕਿ ਦੇਸ਼ ਵਾਸੀਆਂ ਨੂੰ ਹਿੰਸਾ ਅਤੇ ਸਾੜਫੂਕ ਤੋਂ ਹੀ ਵਿਹਲ ਨਹੀਂ ਮਿਲ ਰਹੀ। ਗਲੋਬਲ ਵੈਲਥ ਰਿਪੋਰਟ 2019-20 ਮੁਤਾਬਕ ਕੈਨੇਡਾ ਸਰਕਾਰ, ਅਮਰੀਕਾ ਸਰਕਾਰ ਨਾਲੋਂ ਜ਼ਿਆਦਾ ਅਮੀਰ ਹੈ ਪਰ ਪ੍ਰਤੀ ਵਿਅਕਤੀ ਆਮਦਨ ਦੇ ਹਿਸਾਬ ਨਾਲ ਅਮਰੀਕਾ ਵਾਸੀਆਂ ਕੋਲ ਕੈਨੇਡਾ ਵਾਸੀਆਂ ਨਾਲੋਂ ਜ਼ਿਆਦਾ ਦੌਲਤ ਹੈ। ਇਸੇ ਤਰ੍ਹਾਂ ਕੱਚੇ ਤੇਲ ਦੇ ਖੂਹਾਂ ਵਾਲਾ ਦੇਸ਼ ਕਤਰ, ਭਾਵੇਂ ਦੁਨੀਆਂ ਦਾ ਸੱਭ ਤੋਂ ਅਮੀਰ ਅਤੇ ਦੌਲਤਮੰਦ ਮੁਲਕ ਹੈ ਪਰ ਸਰਕਾਰਾਂ ਕੋਲ ਅਤੇ ਲੋਕਾਂ ਕੋਲ ਸਾਰੇ ਧਨ ਨੂੰ ਮਿਲਾ ਕੇ ਜੇ ਸਾਮੂਹਕ ਤੌਰ 'ਤੇ ਵੇਖਿਆ ਪਰਖਿਆ ਜਾਵੇ ਤਾਂ ਸਵਿਟਜ਼ਰਲੈਂਡ ਦੇਸ਼ ਦੁਨੀਆਂ ਵਿਚ ਸੱਭ ਤੋਂ ਪਹਿਲੇ ਨੰਬਰ 'ਤੇ, ਆਸਟਰੇਲੀਆ ਦੂਜੇ, ਅਮਰੀਕਾ ਤੀਜੇ, ਬੈਲਜੀਅਮ ਚੌਥੇ, ਅਤੇ ਉਸ ਤੋਂ ਬਾਅਦ ਵਾਰੀ ਨਾਰਵੇ, ਨਿਊਜੀਲੈਂਡ, ਕੈਨੇਡਾ, ਡੈਨਮਾਰਕ, ਸਿੰਘਾਪੁਰ ਅਤੇ ਫ਼ਰਾਂਸ ਦੀ ਆਉਂਦੀ ਹੈ। ਚੀਨ ਦੁਨੀਆਂ ਦੀ ਬਹੁਤ ਮਜ਼ਬੂਤ ਅਰਥ ਵਿਵਸਥਾ ਹੈ। ਜੇ ਅਸੀਂ ਅਪਣੇ ਸੱਭ ਤੋਂ ਨਿਕਟ ਵਿਰੋਧੀ ਦੇਸ਼ ਚੀਨ ਨਾਲ ਭਾਰਤ ਦਾ ਮੁਕਾਬਲਾ ਕਰੀਏ ਤਾਂ ਅੰਦਾਜ਼ਾ ਲਗਾਉਣਾ ਬਹੁਤ ਸੌਖਾ ਹੋ ਜਾਵੇਗਾ ਕਿ ਫ਼ਰਵਰੀ 2020 ਦੌਰਾਨ ਸਾਡੇ ਦੇਸ਼ ਦਾ ਡਿਫ਼ੈਂਸ ਬੱਜਟ 70 ਬਿਲੀਅਨ ਅਮਰੀਕਨ ਡਾਲਰ ਸੀ ਜਦਕਿ ਚੀਨ ਦਾ ਮਈ 2020 ਦਾ ਡਿਫ਼ੈਂਸ ਬਜਟ 178 ਬਿਲੀਅਨ ਅਮਰੀਕਨ ਡਾਲਰ ਹੈ। ਅਮੀਰੀ ਅਤੇ ਸਾਧਨ ਸੰਪੰਨ ਦੇਸ਼ ਚੀਨ ਨਾਲ ਭਾਰਤ ਦਾ ਕੋਈ ਮੁਕਾਬਲਾ ਨਹੀਂ ਕਿਉਂਕਿ ਚੀਨ ਦੀ ਆਰਥਿਕਤਾ ਅਤੇ ਅਮੀਰੀ ਭਾਰਤ ਨਾਲੋਂ 4.61 ਗੁਣਾ ਵਿਸ਼ਾਲ ਹੈ।